ਧੂਰੀ, (ਸੰਜੀਵ ਜੈਨ)- ਹਲਕੇ ਦੇ ਪਿੰਡ ਘਨੌਰ ਖ਼ੁਰਦ ਵਿਖੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਦਲਿਤ ਭਾਈਚਾਰੇ ਨਾਲ ਸਬੰਧਤ ਕੁਝ ਵਿਅਕਤੀਆਂ ਨੇ ਪੰਚਾਇਤੀ ਜ਼ਮੀਨ 'ਤੇ ਹੱਕ ਜਤਾਉਂਦਿਆਂ ਈਦ ਮਨਾਉਣ ਦੀ ਤਿਆਰੀ ਕਰ ਰਹੇ ਮੁਸਲਿਮ ਭਾਈਚਾਰੇ ਵੱਲੋਂ ਲਾਏ ਗਏ ਟੈਂਟ ਪੁੱਟ ਦਿੱਤੇ। ਮੌਕੇ 'ਤੇ ਪੁੱਜੀ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੂਝ-ਬੂਝ ਦਿਖਾਉਂਦੇ ਹੋਏ ਸਥਿਤੀ 'ਤੇ ਕਾਬੂ ਪਾ ਲਿਆ।
ਜਾਣਕਾਰੀ ਮੁਤਾਬਕ ਪਿੰਡ ਦੀ ਪੰਚਾਇਤ ਵੱਲੋਂ ਸਾਲ 2016 'ਚ ਮਤਾ ਪਾਸ ਕਰ ਕੇ 28 ਵਿਸਵੇ ਪੰਚਾਇਤੀ ਜ਼ਮੀਨ 'ਚੋਂ 8 ਵਿਸਵੇ ਦਲਿਤ ਭਾਈਚਾਰੇ ਨੂੰ ਧਰਮਸ਼ਾਲਾ ਬਣਾਉਣ ਲਈ, 10 ਵਿਸਵੇ ਆਂਗਣਵਾੜੀ ਸੈਂਟਰ ਬਣਾਉਣ ਲਈ ਅਤੇ ਬਾਕੀ 10 ਵਿਸਵੇ ਜ਼ਮੀਨ ਮੁਸਲਿਮ ਭਾਈਚਾਰੇ ਨੂੰ ਦਿੱਤੇ ਗਏ ਸਨ। ਮੁਸਲਿਮ ਭਾਈਚਾਰੇ ਵੱਲੋਂ ਪੰਚਾਇਤ ਵੱਲੋਂ ਮਿਲੀ 10 ਵਿਸਵੇ ਜ਼ਮੀਨ ਨੂੰ ਸਾਫ ਕਰ ਕੇ ਈਦ ਮੌਕੇ ਨਮਾਜ਼ ਪੜ੍ਹਨ ਲਈ ਟੈਂਟ ਲਾਏ ਗਏ ਸਨ ਪਰ ਦਲਿਤ ਭਾਈਚਾਰੇ ਨੇ ਸਾਰੀ ਜ਼ਮੀਨ 'ਤੇ ਹੱਕ ਜਤਾਉਂਦਿਆਂ ਟੈਂਟ ਪੁੱਟ ਦਿੱਤੇ, ਜਿਸ ਕਾਰਨ ਮਾਹੌਲ ਤਣਾਅਪੂਰਣ ਹੋ ਗਿਆ। ਇਸ ਦੌਰਾਨ ਹੋਈ ਹੱਥੋ-ਪਾਈ ਅਤੇ ਚੱਲੇ ਇੱਟਾਂ-ਰੋੜਿਆਂ ਕਾਰਨ ਦੋਵਾਂ ਧਿਰਾਂ ਦੇ 2 ਵਿਅਕਤੀ ਫੱਟੜ ਹੋ ਗਏ। ਦੋਵੇਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਦਲਿਤ ਭਾਈਚਾਰੇ ਦੇ ਜਗਤਾਰ ਸਿੰਘ ਦੇ ਪਿਤਾ ਸਰੂਪ ਸਿੰਘ ਅਨੁਸਾਰ ਪਹਿਲਾਂ ਸਰਪੰਚ ਵੱਲੋਂ 28 ਵਿਸਵੇ ਪੰਚਾਇਤੀ ਜ਼ਮੀਨ ਦਲਿਤ ਭਾਈਚਾਰੇ ਨੂੰ ਦਿੱਤੀ ਗਈ ਸੀ ਪਰ ਬਾਅਦ ਵਿਚ ਨਵੇਂ ਸਰਪੰਚ ਨੇ ਇਸ ਜ਼ਮੀਨ 'ਚੋਂ 10 ਵਿਸਵੇ ਜਗ੍ਹਾ ਮੁਸਲਿਮ ਭਾਈਚਾਰੇ ਨੂੰ ਦੇ ਦਿੱਤੀ। ਜ਼ੇਰੇ ਇਲਾਜ ਮੁਸਲਿਮ ਭਾਈਚਾਰੇ ਦੇ ਸਾਬਕਾ ਪੰਚਾਇਤ ਮੈਂਬਰ ਸਰਾਜ ਖਾਂ ਨੇ ਦੱਸਿਆ ਕਿ ਮੁਸਲਿਮ ਭਾਈਚਾਰੇ ਨੂੰ ਮਿਲੀ 10 ਵਿਸਵੇ ਜ਼ਮੀਨ 'ਤੇ ਅੱਜ ਈਦ ਦੀ ਨਮਾਜ਼ ਅਦਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਪਿੰਡ ਦੇ ਦਲਿਤ ਭਾਈਚਾਰੇ ਵੱਲੋਂ ਟੈਂਟ ਪੁੱਟ ਕੇ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਦੋਵਾਂ ਧਿਰਾਂ ਨੂੰ ਝਗੜੇ ਵਾਲੀ ਜ਼ਮੀਨ 'ਚ ਦਖਲ-ਅੰਦਾਜ਼ੀ ਕਰਨ ਤੋਂ ਰੋਕਿਆ : ਮÎੌਕੇ 'ਤੇ ਪੁੱਜੇ ਸਥਾਨਕ ਤਹਿਸੀਲਦਾਰ ਕਰਮਜੀਤ ਸਿੰਘ, ਬੀ. ਡੀ. ਪੀ. ਓ. ਸ਼ੇਰਪੁਰ ਜਗਰਾਜ ਸਿੰਘ ਅਤੇ ਥਾਣਾ ਸਦਰ ਧੂਰੀ ਦੇ ਵਧੀਕ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਦੇ ਹੋਏ ਦੋਵਾਂ ਧਿਰਾਂ ਨੂੰ ਮੌਜੂਦਾ ਹਾਲਾਤ ਵਿਚ ਉਕਤ ਜ਼ਮੀਨ 'ਤੇ ਕੁਝ ਵੀ ਕਰਨ ਤੋਂ ਰੋਕ ਦਿੱਤਾ। ਇਸ ਸਬੰਧੀ ਥਾਣਾ ਸਦਰ ਧੂਰੀ ਦੇ ਵਧੀਕ ਐੱਸ. ਐੱਚ. ਓ. ਬਲਵਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਵਾਂ ਧਿਰਾਂ ਨੂੰ ਉਕਤ ਜ਼ਮੀਨ 'ਚ ਦਖ਼ਲ -ਅੰਦਾਜ਼ੀ ਕਰਨ ਤੋਂ ਰੋਕ ਦਿੱਤਾ ਗਿਆ ਹੈ ਅਤੇ ਫੱਟੜਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਦੋਵੇਂ ਧਿਰਾਂ ਐੱਸ. ਡੀ. ਐੱਮ. ਦਫਤਰ 'ਚ ਤਲਬ : ੍ਰਇਸ ਸਬੰਧੀ ਨਾਇਬ ਤਹਿਸੀਲਦਾਰ ਧੂਰੀ ਕਰਮਜੀਤ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ ਦੋਵਾਂ ਧਿਰਾਂ ਨੂੰ ਜ਼ਮੀਨ ਵੰਡ ਕੇ ਦਿੱਤੀ ਗਈ ਸੀ ਅਤੇ ਅੱਜ ਪੈਦਾ ਹੋਈ ਸਥਿਤੀ ਦੇ ਸਬੰਧ 'ਚ ਦੋਵਾਂ ਧਿਰਾਂ ਨੂੰ 23 ਅਗਸਤ ਨੂੰ ਐੱਸ. ਡੀ. ਐੱਮ. ਦਫ਼ਤਰ ਧੂਰੀ ਵਿਖੇ ਬੁਲਾਇਆ ਗਿਆ ਹੈ।
ਪ੍ਰੇਰਣਾ ਦਾ ਸੋਮਾ ਵਾਜਪਾਈ ਵਸੇ ਹਨ ਸਭ ਭਾਰਤੀਆਂ ਦੇ ਦਿਲਾਂ 'ਚ : ਸ਼ਵੇਤ ਮਲਿਕ
NEXT STORY