ਜਲੰਧਰ (ਪੁਨੀਤ)– ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਨੂੰ ਪਾਰ ਕਰਨ ਬਾਰੇ ਪਹਿਲਾਂ ਹੀ ਪਲਾਨਿੰਗ ਸੰਸਥਾ ਵੱਲੋਂ ਦੱਸਿਆ ਜਾ ਚੁੱਕਾ ਸੀ ਪਰ ਇਸ ਦੇ ਬਾਵਜੂਦ ਇੰਤਜ਼ਾਮ ਨਹੀਂ ਕੀਤੇ ਗਏ। ਇਸ ਵਿਚ ਪਾਵਰ ਨਿਗਮ ਦੀ ਲਾਪਰਵਾਹੀ ਉਜਾਗਰ ਹੋਈ ਹੈ, ਜਿਸ ਕਾਰਨ ਬਿਜਲੀ ਦੇ ਕੱਟ ਲਾਉਣੇ ਪੈ ਰਹੇ ਹਨ। ਦੂਜੇ ਪਾਸੇ ਮਾਨਸੂਨ ਵਿਚ ਦੇਰੀ ਹੋਣ ਕਾਰਨ ਭਾਰੀ ਗਰਮੀ ਪੈਣ ਕਰ ਕੇ ਏ. ਸੀ. ਦਾ ਰੁਝਾਨ ਵਧ ਚੁੱਕਾ ਹੈ, ਜਿਸ ਨੇ ਬਿਜਲੀ ਦਾ ਸੰਕਟ ਵਧਾ ਦਿੱਤਾ ਹੈ। ਚੋਣਾਵੀ ਸਾਲ ਹੋਣ ਕਾਰਨ ਮਹਿਕਮੇ ਵੱਲੋਂ ਮਹਿੰਗੀ ਬਿਜਲੀ ਖ਼ਰੀਦੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਮੰਗ ਅਤੇ ਸਪਲਾਈ ਵਿਚ ਬਹੁਤ ਅੰਤਰ ਆ ਰਿਹਾ ਹੈ, ਜਿਸ ਨਾਲ ਕਿਸਾਨ, ਇੰਡਸਟਰੀ ਅਤੇ ਘਰੇਲੂ ਖ਼ਪਤਕਾਰ ਪ੍ਰਭਾਵਿਤ ਹੋ ਰਹੇ ਹਨ।
ਇਹ ਵੀ ਪੜ੍ਹੋ: ਰਸਤੇ 'ਚ ਛਬੀਲ ਪੀਣ ਰੁਕੀਆਂ ਮਾਂ-ਧੀ ਨਾਲ ਵਾਪਰੀ ਅਣਹੋਣੀ ਨੇ ਪੁਆਏ ਵੈਣ, ਧੀ ਨੂੰ ਮਿਲੀ ਦਰਦਨਾਕ ਮੌਤ
ਪਾਵਰ ਨਿਗਮ ਦੇ ਸੀ. ਐੱਮ. ਡੀ. ਏ. ਵੇਣੂਪ੍ਰਸਾਦ ਦਾ ਕਹਿਣਾ ਹੈ ਕਿ 12.40 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 400 ਮੈਗਾਵਾਟ ਬਿਜਲੀ ਖ਼ਰੀਦੀ ਗਈ ਤਾਂ ਕਿ ਖ਼ਪਤਕਾਰਾਂ ਨੂੰ ਕੱਟਾਂ ਕਾਰਨ ਪ੍ਰੇਸ਼ਾਨੀ ਨਾ ਆਵੇ ਪਰ ਉਨ੍ਹਾਂ ਦੇ ਦਾਅਵੇ ਹਵਾ ਹੋ ਗਏ। ਇਸ ਦਾ ਕਾਰਨ ਇਹ ਹੈ ਕਿ ਬਿਜਲੀ ਖ਼ਰੀਦਣ ਦੇ ਬਾਵਜੂਦ ਘਰੇਲੂ ਖ਼ਪਤਕਾਰਾਂ ’ਤੇ 2 ਘੰਟੇ 5 ਮਿੰਟ ਦਾ ਪਾਵਰ ਕੱਟ ਲਾਇਆ ਗਿਆ। ਦੁਪਹਿਰ 2.25 ’ਤੇ ਸ਼ੁਰੂ ਹੋਇਆ ਪਾਵਰ ਕੱਟ ਸ਼ਾਮੀਂ 4.30 ਤੱਕ ਚੱਲਿਆ, ਜਿਸ ਕਾਰਨ ਜਨਤਾ ਨੂੰ ਬਹੁਤ ਪ੍ਰੇਸ਼ਾਨੀ ਉਠਾਉਣੀ ਪਈ। ਦਿਹਾਤੀ ਇਲਾਕਿਆਂ ਵਿਚ 12.10 ਤੋਂ ਲੈ ਕੇ 2.30 ਅਤੇ ਸ਼ਾਮੀਂ 4.35 ਤੋਂ ਲੈ ਕੇ 7 ਵਜੇ ਤੱਕ ਕੱਟ ਲਾਇਆ ਗਿਆ।
ਇਹ ਵੀ ਪੜ੍ਹੋ: ਜਲੰਧਰ ਸ਼ਹਿਰ ਦੇ ਚੌਥੀ ਜਮਾਤ ’ਚ ਪੜ੍ਹਦੇ ਬੱਚੇ ਨੇ ਕੀਤਾ ਕਮਾਲ, ਪੇਂਟਿੰਗਾਂ ਵੇਖ ਤੁਸੀਂ ਵੀ ਕਰੋਗੇ ਤਾਰੀਫ਼ (ਵੀਡੀਓ)
ਪਾਵਰ ਨਿਗਮ ਨੇ ਗਲਤ ਨੀਤੀਆਂ ਅਪਣਾਉਂਦਿਆਂ ਸੈਕਟਰ ਦੇ ਬਠਿੰਡਾ ਵਾਲੇ ਥਰਮਲ ਪਲਾਂਟ ਨੂੰ ਬੰਦ ਕਰ ਦਿੱਤਾ। ਇਸ ਦੌਰਾਨ ਰੋਪੜ ਦੇ 2 ਯੂਨਿਟ ਵੀ ਬੰਦ ਹੋ ਗਏ, ਜਿਸ ਨਾਲ 860 ਮੈਗਾਵਾਟ ਬਿਜਲੀ ਦਾ ਉਤਪਾਦਨ ਠੱਪ ਹੋ ਚੁੱਕਾ ਹੈ। ਪ੍ਰਾਈਵੇਟ ਸੈਕਟਰ ਵਿਚ ਚੱਲ ਰਿਹਾ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਬਿਜਲੀ ਉਤਪਾਦਨ ਦਾ ਪਲਾਂਟ (ਤਲਵੰਡੀ) ਵੀ ਬੰਦ ਪਿਆ ਹੈ। ਉਕਤ ਯੂਨਿਟ 1980 ਮੈਗਾਵਾਟ ਬਿਜਲੀ ਦਾ ਉਤਪਾਦਨ ਕਰਦਾ ਹੈ। ਜੇਕਰ ਬਠਿੰਡਾ ਤੇ ਤਲਵੰਡੀ ਸਮੇਤ ਰੋਪੜ ਦੇ ਬੰਦ ਪਏ ਦੋਵੇਂ ਯੂਨਿਟ ਚੱਲ ਰਹੇ ਹੁੰਦੇ ਤਾਂ ਪੰਜਾਬ ਵਿਚ ਬਿਜਲੀ ਦੀ ਪੈਦਾਵਾਰ 2940 ਮੈਗਾਵਾਟ ਦੇ ਲਗਭਗ ਵਧ ਜਾਣੀ ਸੀ ਅਤੇ ਕੱਟ ਲਾਉਣ ਦੀ ਨੌਬਤ ਨਹੀਂ ਆਉਣੀ ਸੀ।
ਦੂਜੇ ਪਾਸੇ ਮਾਨਸੂਨ ਵਿਚ ਦੇਰੀ ਕਾਰਨ ਗਰਮੀ ਵਧੀ ਹੈ ਅਤੇ ਏ. ਸੀ. ਦਾ ਰੁਝਾਨ ਬਹੁਤ ਵਧ ਚੁੱਕਾ ਹੈ। ਜਾਣਕਾਰ ਦੱਸਦੇ ਹਨ ਕਿ 1 ਜੂਨ ਤੋਂ ਲੈ ਕੇ 8 ਜੁਲਾਈ ਤੱਕ ਪਿੰਡਾਂ ਵਿਚ ਐਵਰੇਜ ਮੁਤਾਬਕ 20 ਤੋਂ 25 ਦੇ ਲਗਭਗ ਏ. ਸੀ. ਲੱਗੇ ਹਨ। ਪੰਜਾਬ ਵਿਚ 12 ਹਜ਼ਾਰ ਤੋਂ ਵੱਧ ਪਿੰਡ ਹਨ। ਇਸ ਹਿਸਾਬ ਨਾਲ 500 ਮੈਗਾਵਾਟ ਬਿਜਲੀ ਦੀ ਖ਼ਪਤ ਜੂਨ ਤੋਂ ਬਾਅਦ ਵਧੀ ਹੈ। ਸ਼ਹਿਰੀ ਇਲਾਕਿਆਂ ਦੀ ਗੱਲ ਕਰੀਏ ਤਾਂ ਜਲੰਧਰ ਸਰਕਲ ਵਿਚ ਪਿਛਲੇ ਸਮੇਂ ਦੌਰਾਨ 2000 ਏ. ਸੀ. ਨਵੇਂ ਲੱਗੇ ਹਨ। ਇਸ ਤਰ੍ਹਾਂ ਹਰ ਮਹੀਨੇ ਐਵਰੇਜ ਦੇ ਹਿਸਾਬ ਨਾਲ 700-800 ਨਵੇਂ ਕੁਨੈਕਸ਼ਨ ਲੱਗ ਰਹੇ ਹਨ ਅਤੇ ਬਿਜਲੀ ਦੀ ਖਪਤ ਬਹੁਤ ਵਧ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਦੇਵੇਗੀ 300 ਯੂਨਿਟ ਮੁਫ਼ਤ ਬਿਜਲੀ
4 ਹਜ਼ਾਰ ਤੋਂ ਪਾਰ ਪਹੁੰਚੀਆਂ ਬਿਜਲੀ ਦੀ ਖ਼ਰਾਬੀ ਦੀਆਂ ਸ਼ਿਕਾਇਤਾਂ
ਬਿਜਲੀ ਦੀ ਖ਼ਰਾਬੀ ਦੀਆਂ ਸ਼ਿਕਾਇਤਾਂ ਬੀਤੇ ਦਿਨ ਵੀ 4 ਹਜ਼ਾਰ ਦਾ ਅੰਕੜਾ ਪਾਰ ਕਰ ਗਈਆਂ। ਕਈ ਇਲਾਕਿਆਂ ਵਿਚ ਸਮੇਂ ’ਤੇ ਬਿਜਲੀ ਕਰਮਚਾਰੀ ਨਾ ਪਹੁੰਚ ਸਕਣ ਕਾਰਨ ਲੋਕਾਂ ਨੂੰ ਲੰਮੇ ਸਮੇਂ ਤੱਕ ਬਿਜਲੀ ਦੀ ਕਿੱਲਤ ਨਾਲ ਜੂਝਣਾ ਪਿਆ।
ਕਈ ਇਲਾਕਿਆਂ ਵਿਚ 10 ਤੋਂ 12 ਘੰਟੇ ਬਿਜਲੀ ਰਹੀ ਗੁੱਲ
ਕਈ ਇਲਾਕਿਆਂ ਵਿਚ ਬਿਜਲੀ ਖ਼ਰਾਬ ਹੋਣ ਕਾਰਨ 10 ਤੋਂ 12 ਘੰਟੇ ਗੁੱਲ ਰਹੀ। ਇਸ ਕਾਰਨ ਲੋਕਾਂ ਨੂੰ ਪਾਣੀ ਦੀ ਦਿੱਕਤ ਵੀ ਪੇਸ਼ ਆਈ।
ਮਹਿਕਮੇ ਦੀਆਂ ਨੀਤੀਆਂ ਕਾਰਨ ਜਨਤਾ ਹੋ ਰਹੀ ਪ੍ਰੇਸ਼ਾਨ : ਇੰਜੀ. ਅਟਵਾਲ
ਪਾਵਰ ਨਿਗਮ ਇੰਜੀਨੀਅਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਜੈਪਾਲ ਸਿੰਘ ਅਟਵਾਲ ਦਾ ਕਹਿਣਾ ਹੈ ਕਿ ਵਿਭਾਗ ਦੀਆਂ ਗਲਤ ਨੀਤੀਆਂ ਕਾਰਨ ਜਨਤਾ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਸਰਕਾਰ ਨੇ ਜੇਕਰ ਆਪਣਾ ਉਤਪਾਦਨ ਬੰਦ ਨਾ ਕੀਤਾ ਹੁੰਦਾ ਤਾਂ ਅਜਿਹੀ ਦਿੱਕਤ ਪੇਸ਼ ਨਾ ਆਉਂਦੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸ਼ਰਮਨਾਕ! ਅੰਮ੍ਰਿਤਸਰ 'ਚ ਮਿਲੀਆਂ ਦੋ ਨਵ-ਜਨਮੀਆਂ ਬੱਚੀਆਂ ਦੀਆਂ ਲਾਸ਼ਾਂ, ਕੁੱਤਿਆਂ ਨੇ ਨੋਚ-ਨੋਚ ਖਾਧੀਆਂ
NEXT STORY