ਨਥਾਣਾ (ਬੱਜੋਆਣੀਆਂ)-'ਦੀਵੇ ਥੱਲੇ ਹਨੇਰਾ' ਹੋਣਾ ਤਾਂ ਆਮ ਗੱਲ ਮੰਨੀ ਜਾਂਦੀ ਹੈ ਪਰ ਚੱਲ ਰਹੇ ਕਿਸੇ ਬਿਜਲੀ ਘਰ ਦੀ ਬੁੱਕਲ ਨੂੰ ਬਿਜਲੀ ਸਪਲਾਈ ਤੋਂ ਸੱਖਣਾ ਰੱਖਣ ਦੀ ਵੀ ਹੁਣ ਪਿਰਤ ਸ਼ੁਰੂ ਹੋ ਚੁੱਕੀ ਹੈ। ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਕਿਸਾਨਾਂ ਦੀ ਜ਼ੋਰਦਾਰ ਮੰਗ ਦੇ ਮੱਦੇਨਜ਼ਰ ਬਿਜਲੀ ਸਪਲਾਈ ਦੀ ਟੇਲ 'ਤੇ ਪੈਂਦੇ ਪਿੰਡ ਗੰਗਾ, ਗਿੱਦੜ ਅਤੇ ਜੰਡਾਂਵਾਲਾ ਆਦਿ ਵਿਚਕਾਰ 66 ਕੇ.ਵੀ. ਬਿਜਲੀ ਘਰ ਦੀ ਉਸਾਰੀ ਕਰਵਾਈ ਗਈ। ਇਸ ਬਿਜਲੀ ਘਰ ਨੂੰ ਚਾਲੂ ਕਰਨ ਦੀ ਉਦਘਾਟਨੀ ਰਸਮ ਪਿਛਲੇ ਸਮੇਂ ਦੌਰਾਨ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵੱਲੋਂ ਅਦਾ ਕੀਤੀ ਗਈ। ਉਦਘਾਟਨੀ ਰਸਮ ਮੌਕੇ ਪਿੰਡ ਗੰਗਾ ਦੇ ਲੋਕਾਂ ਨਾਲ ਹਲਕਾ ਵਿਧਾਇਕ ਨੇ ਗਰਿੱਡ ਤੱਕ ਗੰਗਾ ਦੇ ਰਸਤੇ ਪੱਕੀ ਸੜਕ ਬਣਾਉਣ ਅਤੇ ਨੇੜਲੇ ਖੇਤਾਂ ਨੂੰ ਬਿਜਲੀ ਸਪਲਾਈ ਇਸੇ ਗਰਿੱਡ ਤੋਂ ਦੇਣ ਦਾ ਭਰੋਸਾ ਦਿੱਤਾ ਸੀ। 550 ਅੰਪਾਇਰ ਦੀ ਸਮਰੱਥਾ ਵਾਲੇ ਇਸ ਬਿਜਲੀ ਘਰ ਤੋਂ 490 ਅੰਪਾਇਰ ਬਿਜਲੀ ਚਲਾਈ ਜਾ ਸਕਦੀ ਹੈ ਪਰ ਅਜੇ ਤੱਕ ਇਸ ਗਰਿੱਡ 'ਤੇ ਕੱਟ ਰਹਿਤ ਗੰਗਾ ਸ਼ਹਿਰੀ, ਗਿੱਦੜ ਅਤੇ ਜੰਡਾਂਵਾਲਾ ਸ਼ਹਿਰੀ ਤੋਂ ਇਲਾਵਾ 40 ਖੇਤੀ ਮੋਟਰਾਂ ਵਾਲੇ ਦਿਹਾਤੀ ਫੀਡਰ ਉਧਾਰਸਰ ਨੂੰ ਬਿਜਲੀ ਦਿੱਤੀ ਗਈ ਹੈ। ਜਿਸ ਦੀ ਕੁੱਲ ਖਪਤ ਸਿਰਫ 110 ਅੰਪਾਇਰ ਹੀ ਹੋ ਰਹੀ ਹੈ। ਗਰਿੱਡ ਲਈ ਜ਼ਮੀਨ ਦੇਣ ਵਾਲੀ ਗ੍ਰਾਮ ਪੰਚਾਇਤ ਗੰਗਾ ਦੀਆਂ ਖੇਤੀ ਮੋਟਰਾਂ ਨੂੰ ਬਿਜਲੀ ਘਰ ਦੇ ਬਿਲਕੁਲ ਨੇੜੇ ਹੋਣ ਦੇ ਬਾਵਜੂਦ ਵੀ ਅਜੇ ਤੱਕ ਇਸ ਨਾਲ ਨਹੀਂ ਜੋੜਿਆ ਗਿਆ। ਇਸ ਬਿਜਲੀ ਘਰ ਤੋਂ ਫਰਲਾਂਗ 'ਤੇ ਸਥਿਤ ਤਾਰਾ ਸਿੰਘ, ਨਵਦੀਪ ਸਿੰਘ, ਗੁਰਮੀਤ ਸਿੰਘ, ਕੁਲਦੀਪ ਸਿੰਘ, ਸੁਖਦੇਵ ਸਿੰਘ, ਆਤਮਾ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਕਿਸਾਨਾਂ ਦੀਆਂ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ 7 ਕੋਹ ਦੀ ਦੂਰੀ 'ਤੇ ਪੈਂਦੇ ਗਰਿੱਡ ਨਥਾਣਾ ਤੋਂ ਆਉਂਦੀ ਹੈ। ਇਸ ਨਾਲ ਜਿੱਥੇ ਖੇਤੀ ਮੋਟਰਾਂ ਨੂੰ ਵੋਲਟੇਜ ਘੱਟ ਮਿਲਦੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਨਾ ਬਿਜਲੀ ਮਹਿਕਮੇ ਵਾਲੇ ਕੁਝ ਕਰਨ ਦੇ ਰੌਅ ਵਿਚ ਹਨ ਅਤੇ ਨਾ ਹੀ ਬਿਜਲੀ ਘਰ ਦਾ ਉਦਘਾਟਨ ਕਰਨ ਵਾਲੇ ਹਲਕਾ ਵਿਧਾਇਕ ਨੇ ਆਪਣਾ ਵਾਅਦਾ ਨਿਭਾਇਆ ਹੈ, ਜਿਸ ਕਰ ਕੇ ਉਨ੍ਹਾਂ ਨੇ ਹੁਣ ਕਿਸਾਨ ਸੰਗਠਨਾਂ ਦਾ ਸਹਾਰਾ ਲੈਣ ਦਾ ਮਨ ਬਣਾਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਰਾਜਸੀ ਆਗੂਆਂ ਵੱਲੋਂ ਛੋਟੇ-ਛੋਟੇ ਕੰਮਾਂ ਵਾਸਤੇ ਲੋਕਾਂ ਨੂੰ ਆਪਣੇ ਪਿੱਛੇ-ਪਿੱਛੇ ਰੋਜ਼ਾਨਾ ਤੋਰੀ ਰੱਖਣ ਦੀ ਲਾਲਸਾ ਤੋਂ ਅਜਿਹੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਘਰ ਗੰਗਾ ਨੇੜਲੀਆਂ ਖੇਤੀ ਮੋਟਰਾਂ ਨੂੰ ਇਸ ਗਰਿੱਡ ਨਾਲ ਨਾ ਜੋੜਿਆ ਗਿਆ ਤਾਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਸੜਕ ਹਾਦਸੇ 'ਚ 2 ਔਰਤਾਂ ਸਮੇਤ 4 ਜ਼ਖਮੀ
NEXT STORY