ਬਠਿੰਡਾ (ਬਲਵਿੰਦਰ)-ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਤਲਵੰਡੀ ਸਾਬੋ ਪਾਵਰ ਪਲਾਂਟ ਪਿੰਡ ਬਣਾਂਵਾਲੀ (ਮਾਨਸਾ) 'ਤੇ ਪ੍ਰਦੂਸ਼ਣ ਫੈਲਾਉਣ ਲਈ 5 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੂਸ਼ਣ ਰੋਕਥਾਮ ਐਕਸੀਅਨ ਪਰਮਜੀਤ ਸਿੰਘ ਨੇ ਦੱਸਿਆ ਕਿ ਲੋਕਾਂ ਵੱਲੋਂ ਥਰਮਲ ਪਲਾਂਟ ਤੋਂ ਨਿਕਲਦੇ ਪ੍ਰਦੂਸ਼ਣ ਕਾਰਨ ਇਸ ਦੇ ਆਲੇ-ਦੁਆਲੇ ਖ਼ਰਾਬ ਹੋਈਆਂ ਫ਼ਸਲਾਂ ਸਬੰਧੀ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ। ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕਾਹਨ ਸਿੰਘ ਪੰਨੂੰ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਇਕ ਟੀਮ ਦਾ ਗਠਨ ਕੀਤਾ ਗਿਆ ਸੀ।
ਇਸ ਟੀਮ 'ਚ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐੱਸ. ਡੀ. ਓ. ਰੋਹਿਤ ਸਿੰਗਲਾ, ਜ਼ਿਲਾ ਪ੍ਰੋਗਰਾਮ ਕੁਆਰਡੀਨੇਟਰ ਖੇਤੀਬਾੜੀ ਵਿਭਾਗ ਮਾਨਸਾ ਇੰਦਰਜੀਤ ਸੈਣੀ ਅਤੇ ਸਹਾਇਕ ਪੌਦਾ ਸੁਰੱਖਿਆ ਅਫ਼ਸਰ ਮਾਨਸਾ ਜਸਵੰਤ ਰਾਏ ਨੇ ਤਲਵੰਡੀ ਸਾਬੋ ਪਾਵਰ ਪਲਾਂਟ ਦੀ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕਾਹਨ ਸਿੰਘ ਪੰਨੂੰ ਦੇ ਦਫ਼ਤਰ ਵਿਖੇ ਥਰਮਲ ਪਲਾਂਟ ਅਧਿਕਾਰੀ ਹਾਜ਼ਰ ਹੋਏ ਸਨ, ਜਿਸ ਦੌਰਾਨ ਉਨ੍ਹਾਂ ਮੰਨਿਆ ਕਿ ਇਹ ਪ੍ਰਦੂਸ਼ਣ ਪਲਾਂਟ 'ਚ ਤਕਨੀਕੀ ਖ਼ਰਾਬੀ ਕਾਰਨ ਹੋ ਰਿਹਾ ਸੀ ਅਤੇ ਇਸ ਨੂੰ ਠੀਕ ਕਰ ਦਿੱਤਾ ਗਿਆ ਹੈ। ਗਠਿਤ ਟੀਮ ਵੱਲੋਂ ਪਲਾਂਟ ਦੇ ਆਲੇ-ਦੁਆਲੇ ਇਲਾਕਿਆਂ ਦਾ ਨਿਰੀਖਣ ਕੀਤਾ ਗਿਆ, ਜਿਥੇ ਪਲਾਂਟ 'ਚੋਂ ਨਿਕਲੀ ਸੁਆਹ ਪਾਈ ਗਈ।
ਬੋਰਡ ਵੱਲੋਂ ਪਲਾਂਟ ਨੂੰ 5 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਚੇਅਰਮੈਨ ਕਾਹਨ ਸਿੰਘ ਪੰਨੂੰ ਵੱਲੋਂ ਪਲਾਂਟ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਬੋਰਡ ਕੋਲ 30 ਲੱਖ ਰੁਪਏ ਜ਼ਮਾਨਤੀ ਤੌਰ 'ਤੇ ਐਡਵਾਂਸ ਜਮ੍ਹਾ ਕਰਵਾਉਣ। ਉਨ੍ਹਾਂ ਇਹ ਵੀ ਕਿਹਾ ਕਿ ਖੇਤੀ ਸਬੰਧੀ ਨੁਕਸਾਨ ਦੀ ਰਿਪੋਰਟ ਤਿਆਰ ਕਰ ਕੇ ਉਸ ਆਧਾਰ 'ਤੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।
ਚੇਅਰਮੈਨ ਵੱਲੋਂ ਥਰਮਲ ਪਲਾਂਟ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਚੰਗੀ ਕੁਆਲਿਟੀ ਦਾ ਕੋਲਾ ਵਰਤਣ, ਜਿਸ ਵਿਚ ਸੁਆਹ 24 ਫ਼ੀਸਦੀ ਤੋਂ ਜ਼ਿਆਦਾ ਨਾ ਹੋਵੇ। ਉਨ੍ਹਾਂ ਪਲਾਂਟ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਪ੍ਰਦੂਸ਼ਣ ਰੋਕਥਾਮ ਸਬੰਧੀ ਰੁਪਏ 1 ਕਰੋੜ ਦਾ ਨਿਵੇਸ਼ ਕਰ ਕੇ ਨਵੀਆਂ ਮਸ਼ੀਨਾਂ ਲਾਉਣ।
ਘਰੇਲੂ ਕਲੇਸ਼ ਦੇ ਚਲਦੇ ਵਿਅਹੁਤਾ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ
NEXT STORY