ਚੰਡੀਗੜ੍ਹ/ਪਟਿਆਲਾ (ਪਰਮੀਤ)—ਪੰਜਾਬ 'ਚ ਅਗਲੇ ਸਾਲਾਂ ਦੌਰਾਨ 24801 ਕਰੋੜ ਰੁਪਏ ਦੀ ਲਾਗਤ ਨਾਲ 4160 ਮੈਗਾਵਾਟ ਬਿਜਲੀ ਉਤਪਾਦਨ ਦੇ ਪਲਾਂਟ ਸਰਕਾਰੀ ਖੇਤਰ 'ਚ ਲਾਉਣ ਦੀ ਤਜਵੀਜ਼ ਹੈ।ਤਜਵੀਜ਼ ਅਨੁਸਾਰ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਜਿਥੇ ਇਸ ਵੇਲੇ 210 ਮੈਗਾਵਾਟ ਸਮਰੱਥਾ ਵਾਲੇ 4 ਯੂਨਿਟ ਚੱਲ ਰਹੇ ਹਨ, ਦੀ ਥਾਂ 'ਤੇ 800 ਮੈਗਾਵਾਟ ਸਮਰੱਥਾ ਵਾਲੇ 5 ਯੂਨਿਟ ਲਾਏ ਜਾਣਗੇ।
ਇਸ ਪ੍ਰਾਜੈਕਟ ਨੂੰ ਦੋ ਪੜਾਵਾਂ 'ਚ ਪੂਰਾ ਕੀਤਾ ਜਾਵੇਗਾ। ਪਹਿਲੇ ਪੜਾਅ ਫੇਜ਼-1 ਵਿਚ 800 ਮੈਗਾਵਾਟ ਸਮਰੱਥਾ ਵਾਲੇ 3 ਯੂਨਿਟ ਲਾਏ ਜਾਣਗੇ। ਇਨ੍ਹਾਂ 'ਤੇ 14372.28 ਕਰੋੜ ਰੁਪਏ ਖਰਚ ਹੋਣਗੇ। ਪ੍ਰਾਜੈਕਟ ਦੀ ਸ਼ੁਰੂਆਤ ਦੇ 52 ਮਹੀਨਿਆਂ ਅੰਦਰ ਪਹਿਲਾ, 58 ਅੰਦਰ ਦੂਜਾ ਅਤੇ 64 ਮਹੀਨਿਆਂ ਅੰਦਰ ਤੀਜਾ ਯੂਨਿਟ ਚਾਲੂ ਕਰਨ ਦੀ ਤਜਵੀਜ਼ ਹੈ। ਇਹ 3 ਯੂਨਿਟ ਲਾਉਣ ਵਾਸਤੇ 890 ਏਕੜ ਥਾਂ ਦੀ ਜ਼ਰੂਰਤ ਹੈ। ਇਸ ਮਗਰੋਂ ਦੂਜੇ ਪੜਾਅ ਭਾਵ ਫੇਜ਼-2 ਵਿਚ 9779.21 ਕਰੋੜ ਰੁਪਏ ਦੀ ਲਾਗਤ ਨਾਲ 2 ਯੂਨਿਟ ਲਾਏ ਜਾਣਗੇ। ਸ਼ੁਰੂਆਤ ਦੇ ਪਹਿਲੇ 52 ਮਹੀਨਿਆਂ 'ਚ ਇਕ ਅਤੇ 58 'ਚ ਦੂਜਾ ਯੂਨਿਟ ਚਾਲੂ ਹੋਣ ਦੀ ਸੰਭਾਵਨਾ ਹੈ। ਇਨ੍ਹਾਂ 2 ਯੂਨਿਟਾਂ ਵਾਸਤੇ 672 ਏਕੜ ਥਾਂ ਦੀ ਜ਼ਰੂਰਤ ਹੋਵੇਗੀ। ਜਦੋਂ ਪਹਿਲੇ 3 ਯੂਨਿਟ ਚਾਲੂ ਹੋ ਜਾਣਗੇ ਤਾਂ ਫਿਰ ਮੌਜੂਦਾ ਸਮੇਂ ਚੱਲ ਰਹੇ 4 ਯੂਨਿਟ ਸਥਾਈ ਤੌਰ 'ਤੇ ਬੰਦ ਕਰ ਦਿੱਤੇ ਜਾਣਗੇ। ਇਸ ਤਰ੍ਹਾਂ ਪ੍ਰਾਜੈਕਟ ਮੁਕੰਮਲ ਹੋਣ 'ਤੇ 840 ਮੈਗਾਵਾਟ ਬਿਜਲੀ ਸਮਰੱਥਾ ਵਾਲਾ ਇਹ ਪਲਾਂਟ 4 ਹਜ਼ਾਰ ਮੈਗਾਵਾਟ ਸਮਰੱਥਾ ਵਾਲਾ ਹੋ ਜਾਵੇਗਾ।
ਦੂਜੀ ਤਜਵੀਜ਼ ਬਠਿੰਡਾ ਪਲਾਂਟ ਨਾਲ ਸਬੰਧਤ ਹੈ। ਇਸ ਵਿਚ ਤਕਰੀਬਨ 500 ਕਰੋੜ ਰੁਪਏ ਦੀ ਲਾਗਤ ਨਾਲ 100 ਮੈਗਾਵਾਟ ਸਮਰੱਥਾ ਵਾਲਾ ਸੋਲਰ ਪਲਾਂਟ ਲਾਉਣ ਲਾਇਆ ਜਾਵੇਗਾ। ਇਸ ਤੋਂ ਸਾਲਾਨਾ 1700 ਲੱਖ ਯੂਨਿਟ ਬਿਜਲੀ ਪੈਦਾਵਾਰ ਦੀ ਆਸ ਹੈ। ਇਸ ਵਾਸਤੇ ਤਕਰੀਬਨ 500 ਏਕੜ ਜ਼ਮੀਨ ਦੀ ਜ਼ਰੂਰਤ ਹੋਵੇਗੀ। ਮੌਜੂਦਾ ਸਮੇਂ ਵਿਚ ਸਥਾਈ ਤੌਰ 'ਤੇ ਬੰਦ ਕੀਤੇ ਬਠਿੰਡਾ ਪਲਾਂਟ ਦੇ ਇਕ ਯੂਨਿਟ ਨੂੰ ਪਰਾਲੀ ਦੇ ਆਧਾਰ 'ਤੇ ਚਲਾਉਣ ਦੀ ਤਜਵੀਜ਼ ਹੈ। 60 ਮੈਗਾਵਾਟ ਸਮਰੱਥਾ ਵਾਲੇ ਇਸ ਪ੍ਰਾਜੈਕਟ 'ਤੇ 150 ਕਰੋੜ ਰੁਪਏ ਦੀ ਲਾਗਤ ਆਵੇਗੀ। ਚਾਲੂ ਹੋਣ ਮਗਰੋਂ ਇਹ ਸਾਲਾਨਾ 116 ਕਰੋੜ ਰੁਪਏ ਦੀ ਬੱਚਤ ਕਰੇਗਾ। ਇਹ ਸਾਲਾਨਾ 3508 ਲੱਖ ਯੂਨਿਟ ਬਿਜਲੀ ਪੈਦਾ ਕਰੇਗਾ।
ਮੌਜੂਦਾ ਸਮੇਂ ਪ੍ਰਾਈਵੇਟ ਸੈਕਟਰ 'ਚ ਹੋ ਰਿਹੈ ਵੱਧ ਉਤਪਾਦਨ
ਇਸ ਸਮੇਂ ਸੂਬੇ 'ਚ ਪ੍ਰਾਈਵੇਟ ਸੈਕਟਰ ਵਿਚ 3 ਥਰਮਲ ਪਲਾਂਟ ਬਿਜਲੀ ਉਤਪਾਦਨ ਕਰ ਰਹੇ ਹਨ। ਇਨ੍ਹਾਂ ਦੀ ਕੁੱਲ ਸਮਰੱਥਾ 3920 ਮੈਗਾਵਾਟ ਹੈ। ਸਰਕਾਰੀ ਖੇਤਰ ਦੇ ਥਰਮਲ ਪਲਾਂਟ ਦੀ ਸਮਰੱਥਾ 1760 ਮੈਗਾਵਾਟ ਹੈ। ਪ੍ਰਾਈਵੇਟ ਖੇਤਰ ਵਿਚ ਰਾਜਪੁਰਾ ਪਲਾਂਟ ਦੇ 2 ਯੂਨਿਟ 700 ਮੈਗਾਵਾਟ ਹਰੇਕ, ਤਲਵੰਡੀ ਸਾਬੋ ਦੇ 3 ਯੂਨਿਟ 660 ਮੈਗਾਵਾਟ ਹਰੇਕ ਅਤੇ ਗੋਇੰਦਵਾਲ ਸਾਹਿਬ ਪਲਾਂਟ ਦੇ 2 ਯੂਨਿਟ 270 ਮੈਗਾਵਾਟ ਹਰੇਕ ਸਮਰੱਥਾ ਵਾਲੇ ਹਨ। ਸਰਕਾਰੀ ਖੇਤਰ ਵਿਚ ਰੋਪੜ ਵਿਖੇ 210 ਮੈਗਾਵਾਟ ਸਮਰੱਥਾ ਵਾਲੇ 4, ਲਹਿਰਾ ਮੁਹੱਬਤ ਵਿਖੇ 210 ਮੈਗਾਵਾਟ ਹਰੇਕ ਦੀ ਸਮਰੱਥਾ ਵਾਲੇ 2 ਅਤੇ 250 ਮੈਗਾਵਾਟ ਹਰੇਕ ਦੀ ਸਮਰੱਥਾ ਵਾਲੇ 2 ਯੂਨਿਟ ਬਿਜਲੀ ਉਤਪਾਦਨ ਕਰ ਰਹੇ ਹਨ।
ਮੈਨੇਜਮੈਂਟ ਬਦਲਣ ਮਗਰੋਂ ਬਦਲੀ ਨੀਤੀ
ਨਵੀਂ ਤਿਆਰ ਕੀਤੀ ਗਈ ਤਜਵੀਜ਼ ਅਸਲ 'ਚ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੀ ਪਿਛਲੀ ਮੈਨੇਜਮੈਂਟ ਸਮੇਂ ਪ੍ਰਾਈਵੇਟ ਖੇਤਰ ਦੀ ਥਾਂ ਸਰਕਾਰੀ ਖੇਤਰ ਵਿਚ ਬਿਜਲੀ ਉਤਪਾਦਨ ਦੀ ਵਕਾਲਤ ਕਰਨ ਵਾਲੇ ਮੋਹਰੀ ਆਗੂ ਅਤੇ ਮੌਜੂਦਾ ਸੀ. ਐੈੱਮ. ਡੀ. ਇੰਜੀ. ਬਲਦੇਵ ਸਿੰਘ ਸਰਾਂ ਵੱਲੋਂ ਤਿਆਰ ਕਰਵਾਈ ਗਈ ਹੈ। ਇੰਜੀ. ਸਰਾਂ ਦੀ ਅਗਵਾਈ ਵਾਲੇ ਪੀ. ਐੱਸ. ਈ. ਬੀ . ਇੰਜੀਨੀਅਰਜ਼ ਐਸੋਸੀਏਸ਼ਨ ਨੇ ਪਿਛਲੀ ਸਰਕਾਰ ਸਮੇਂ ਪ੍ਰਾਈਵੇਟ ਖੇਤਰ ਵਿਚ ਬਿਜਲੀ ਪਲਾਂਟ ਲਾਏ ਜਾਣ ਦਾ ਵਿਰੋਧ ਕਰਦਿਆਂ ਸਰਕਾਰੀ ਖੇਤਰ 'ਚ ਬਿਜਲੀ ਉਤਪਾਦਨ ਕਰਨ 'ਤੇ ਜ਼ੋਰ ਦਿੱਤਾ ਸੀ। ਹੁਣ ਮੈਨੇਜਮੈਂਟ ਦੀ ਕਮਾਂਡ ਜਦੋਂ ਉਹ ਆਪ ਹੀ ਸੰਭਾਲ ਰਹੇ ਹਨ ਤਾਂ ਉਨ੍ਹਾਂ ਨੇ ਹੁਣ ਸਰਕਾਰੀ ਖੇਤਰ ਵਿਚ ਬਿਜਲੀ ਸਮਰੱਥਾ ਵਧਾਉਣ ਦੀ ਤਜਵੀਜ਼ ਤਿਆਰ ਕੀਤੀ ਹੈ। ਤਜਵੀਜ਼ ਕਿੰਨੇ ਸਮੇਂ ਵਿਚ ਪ੍ਰਵਾਨ ਚੜ੍ਹਦੀ ਹੈ? ਇਹ ਸਮਾਂ ਦੱਸੇਗਾ।
'ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ' ਨਾਲ ਸਨਮਾਨਿਤ ਹੋਣਗੇ 93 ਖਿਡਾਰੀ
NEXT STORY