ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਬੀ. ਐੱਸ. ਧਨੋਆ ਕਹਿੰਦੇ ਹਨ ਕਿ ਭਾਰਤੀ ਹਫਾਈ ਫੌਜ ਦੁਸ਼ਮਣ 'ਚ ਡਰ ਪੈਦਾ ਕਰਨ ਵਾਲੀ ਫੌਜ ਹੈ, ਜੋ ਦਿਨ-ਰਾਤ ਕਿਸੇ ਵੀ ਵੰਗਾਰ ਦਾ ਮੁਕਾਬਲਾ ਕਰਨ ਲਈ ਤਿਆਰ ਹੈ। ਇਹ ਫੌਜ ਹਵਾਈ ਰੱਖਿਆ, ਹਮਲਾਵਰ ਹਵਾਈ ਹਮਲਾ, ਹਵਾਈ ਜ਼ਮੀਨੀ ਕਾਰਵਾਈ, ਸਮੁੰਦਰੀ ਹਵਾਈ ਕਾਰਵਾਈ ਅਤੇ ਜੰਗੀ ਬੰਬਾਂ ਦੇ ਮੀਂਹ ਵਰ੍ਹਾਉਣ ਲਈ ਹਮੇਸ਼ਾ ਤਿਆਰ ਹੈ। ਭਾਰਤੀ ਹਵਾਈ ਫੌਜ ਦੀ ਘਟੀ ਹੋਈ ਸਕੁਐਡਰਨ ਸਮਰਥਾ ਤੋਂ ਪੈਦਾ ਹੋਈ ਚਿੰਤਾ 'ਤੇ ਹਵਾਈ ਫੌਜ ਮੁਖੀ ਕਹਿੰਦੇ ਹਨ ਕਿ ਦੇਸ਼ 'ਚ ਹੀ ਐੱਲ. ਸੀ. ਏ. ਮਾਰਕ -2 ਅਤੇ ਐਡਵਾਂਸਡ ਮੀਡੀਅਮ ਕਮਬੈਟ ਏਅਰਕਰਾਫਟ (ਐੱਮਕਾ) ਦੇ ਵਿਕਾਸ ਦਾ ਕੰਮ ਚਲ ਰਿਹਾ ਹੈ, ਜਿਸ ਨੂੰ ਅਸੀਂ ਤੈਅ ਦਿਲੋਂ ਸਮਰਥਨ ਦੇ ਰਹੇ ਹਾਂ। ਧਨੋਆ ਨੇ ਨਵੋਦਿਆ ਟਾਈਮਜ਼/ ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ। ਪੇਸ਼ ਹਨ ਮੁਖ ਅੰਸ਼:
ਵਿਰੋਧੀ ਦੇਸ਼ਾਂ ਦੀ ਹਵਾਈ ਫੌਜਾਂ ਦੀ ਹਮਲਾਵਰ ਸਮਰੱਥਾ ਦੇ ਮੁਕਾਬਲੇ ਤੁਸੀਂ ਆਪਣੀ ਹਵਾਈ ਫੌਜ ਦਾ ਕਿਵੇਂ ਮੁਲਾਂਕਣ ਕਰੋਗੇ?
ਹਵਾਈ ਫੌਜ ਦੀ ਹਮਲਾਵਰ ਤਾਕਤ ਤਾਂ ਸਭ ਤੋਂ ਪਹਿਲਾਂ ਇਸ ਦੇ ਮੁਲਾਜ਼ਮਾਂ ਵੱਲੋਂ ਨਿਰਧਾਰਿਤ ਹੁੰਦੀ ਹੈ। ਦੂਸਰਾ ਇਸ ਦੀ ਮਸ਼ੀਨ ਅਤੇ ਤੀਸਰਾ ਇਸ ਦੇ ਹਥਿਆਰਾਂ ਦੀ ਕਿਸਮ ਤੇ ਸੋਮਿਆਂ 'ਤੇ ਨਿਰਭਰ ਕਰਦੀ ਹੈ। ਹਵਾਈ ਫੌਜ 'ਚ ਜੋ ਹਵਾਈ ਲੜਾਕੇ ਹੁੰਦੇ ਹਨ, ਉਹ ਵੱਖ-ਵੱਖ ਪੱਧਰਾਂ 'ਤੇ ਸਿੱਖਿਅਤ ਅਤੇ ਪ੍ਰੇਰਿਤ ਹੁੰਦੇ ਹਨ। ਸਿਖਲਾਈ ਦਾ ਸੰਚਾਲਨ ਪੂਰੀ ਦੁਨੀਆ 'ਚ ਤਕਨੀਕੀ ਵਿਕਾਸ ਅਤੇ ਰਣਨੀਤਕ ਧਾਰਨਾਵਾਂ ਦੇ ਅਨੁਸਾਰ ਹੁੰਦਾ ਹੈ। ਸਾਡੀ ਆਪਣੀ ਮੌਜੂਦਾ ਸਮਰੱਥਾ ਅਤੇ ਸੋਮਿਆਂ ਦੀ ਉਪਲੱਬਧਤਾ ਦਾ ਵਿਸ਼ਲੇਸ਼ਣ ਕਰੀਏ ਤਾਂ ਇਹ ਸਾਡੇ ਵਿਰੋਧੀ ਦੇਸ਼ 'ਤੇ ਭਾਰੀ ਪੈਂਦੀ ਹੈ। ਇਸ ਦੇ ਅਨੁਸਾਰ ਹੀ ਇਕ ਸਮੁੱਚੀ ਪ੍ਰਤੀਕਿਰਿਆ ਦੇ ਤਹਿਤ ਜੰਗ ਲੜਨ ਦੀ ਨਵੀਂ ਰਣਨੀਤੀ ਦਾ ਵਿਕਾਸ ਹੁੰਦਾ ਹੈ ਅਤੇ ਇਸ ਤੋਂ ਸਿੱਧ ਕੀਤਾ ਜਾਂਦਾ ਹੈ। ਹਵਾਈ ਤਾਕਤ ਦੇ ਸਾਰੇ ਪਹਿਲੂਆਂ ਦਾ ਹਰ ਟੀਮ 'ਚ ਸਮਾਵੇਸ਼ ਹੁੰਦਾ ਹੈ ਤੇ ਵੱਖ -ਵੱਖ ਜੰਗੀ ਅਭਿਆਸਾਂ ਰਾਹੀਂ ਇਨ੍ਹਾਂ ਨੂੰ ਸਿੱਧ ਕੀਤਾ ਜਾਂਦਾ ਹੈ। ਇਹ ਦੇ ਇਲਾਵਾ ਹਥਿਆਰਬੰਦ ਮੰਚਾਂ ਨੂੰ ਹਾਸਲ ਕਰਨ ਦਾ ਫੈਸਲਾ ਖੇਤਰੀ ਅੰਦਾਜ਼ਨ ਖਤਰਿਆਂ ਦੇ ਆਧਾਰ 'ਤੇ ਲਿਆ ਜਾਂਦਾ ਹੈ।
ਭਾਰਤੀ ਹਵਾਈ ਫੌਜ ਦੀ ਸਮਾਘਾਤ ਰਣਨੀਤੀ ਸਮੁੰਦਰ ਅਤੇ ਜ਼ਮੀਨੀ ਇਲਾਕੇ 'ਤੇ ਤਾਲਮੇਲ ਨਾਲ ਕੀਤੀ ਜਾਣ ਵਾਲੀ ਕਾਰਵਾਈ ਸੋਮਿਆਂ ਦੀ ਸਮਰੱਥ ਵਰਤੋਂ 'ਤੇ ਵਿਕਸਤ ਹੁੰਦੀ ਹੈ। ਹਥਿਆਰਾਂ ਦੇ ਤਕਨੀਕੀ ਵਿਕਾਸ ਦੇ ਅਨੁਸਾਰ ਭਾਰਤੀ ਹਫਾਈ ਫੌਜ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੀ ਹੈ ਅਤੇ ਖੇਤਰੀ ਵਿਰੋਧੀ ਦੇਸ਼ਾਂ ਤੋਂ ਅੱਗੇ ਰਹਿਣ ਲਈ ਬੜੀ ਡੂੰਘਾਈ ਨਾਲ ਯੋਜਨਾ ਬਣਾਈ ਜਾਂਦੀ ਹੈ। ਇਸ ਦੇ ਲਈ ਢੁੱਕਵੀਂ ਮਾਰ ਕਰਨ ਵਾਲੇ ਖਤਰਨਾਕ ਹਥਿਆਰਾਂ ਨੂੰ ਹਾਸਲ ਕਰਨ 'ਚ ਹਫਾਈ ਫੌਜ ਨਿਵੇਸ਼ ਕਰ ਰਹੀ ਹੈ।
ਤੁਸੀਂ ਪਹਿਲਾਂ ਕਿਹਾ ਹੈ ਕਿ ਹਵਾਈ ਫੌਜ ਖੁਦ ਨੂੰ ਸਮੁੱਚੀ ਸਮਰੱਥਾ ਵਾਲੀ ਇਕ ਜੰਗੀ ਏਅਰੋਸਪੇਸ ਪਾਵਰ 'ਚ ਬਦਲ ਰਹੀ ਹੈ। ਕੀ ਤੁਸੀਂ ਇਸ ਨੂੰ ਵਿਸਥਾਰ ਨਾਲ ਦੱਸੋਗੇ?
ਸੰਪੂਰਨ ਸਮਰੱਥਾ ਵਾਲੀ ਏਅਰੋਸਪੇਸ ਪਾਵਰ ਹਾਸਲ ਕਰਨ ਦਾ ਮਕਸਦ ਜੰਗੀ ਟੀਚਿਆਂ ਨੂੰ ਹਾਸਲ ਕਰਨਾ ਹੁੰਦਾ ਹੈ। ਹਵਾਈ ਫੌਜ ਇਕ ਤਾਕਤਵਰ ਡਰ ਪੈਦਾ ਕਰਨ ਵਾਲੀ ਫੌਜ ਹੈ, ਜੋ ਹਵਾਈ ਰੱਖਿਆ, ਹਮਲਾਵਰ ਹਵਾਈ ਹਮਲਾ, ਹਵਾਈ ਜ਼ਮੀਨੀ ਕਾਰਵਾਈ, ਸਮੁੰਦਰੀ ਹਵਾਈ ਕਾਰਵਾਈ, ਸਮਾਘਾਤ ਕਾਰਵਾਈ ਅਤੇ ਜੰਗੀ ਬੰਬਾਂ ਦਾ ਮੀਂਹ ਵਰ੍ਹਾਉਣ 'ਚ ਆਪਣੀ ਮੁਹਾਰਤ ਹਾਸਲ ਕਰ ਚੁੱਕੀ ਹੈ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਹਵਾਈ ਫੌਜ ਦੀ ਪਹੁੰਚ ਕਾਫੀ ਵਧ ਹੈ ਤੇ ਇਸ ਦੀ ਮਾਰਕ ਸਮਰੱਥਾ ਪੂਰੀ ਦੁਨੀਆ 'ਚ ਵੱਖ-ਵੱਖ ਅਭਿਆਸਾਂ ਰਾਹੀਂ ਸਿੱਧ ਕੀਤੀ ਜਾ ਚੁੱਕੀ ਹੈ। ਹਵਾਈ ਫੌਜ ਨੂੰ ਹੁਣ ਇਸ ਗੱਲ ਦੀ ਪ੍ਰਸਿੱਧੀ ਮਿਲ ਚੁੱਕੀ ਹੈ ਕਿ ਉਹ ਘੱਟ ਤੋਂ ਘੱਟ ਸਮੇਂ 'ਚ ਆਪਣੇ ਸੋਮੇ ਤਾਇਨਾਤ ਕਰ ਸਕੇ ਤੇ ਵੱਧ ਤੋਂ ਵੱਧ ਸਮੇਂ ਤਕ ਜੰਗੀ ਇਲਾਕੇ 'ਚ ਡਟੀ ਰਹਿ ਸਕੇ। ਹਥਿਆਰਾਂ ਦਾ ਜੋ ਮੌਜੂਦਾ ਸੋਮਾ ਹੈ, ਉਹ ਕਾਫੀ ਉਚ ਤਕਨੀਕ ਵਾਲਾ ਹੈ ਤੇ ਸਮੁੱਚੇ ਹਵਾਈ ਖੇਤਰ 'ਚ ਹੀ ਤਾਕਤ ਦੀ ਵਰਤੋਂ ਸ਼ਾਨਦਾਰ ਹੈ।
ਕਾਰਗਿਲ ਜੰਗ ਦੇ 18 ਸਾਲਾਂ ਮਗਰੋਂ ਹਵਾਈ ਫੌਜ ਦੀ ਹਮਲਾਵਰ ਸਮਰਥਾ ਦੇ ਨਜ਼ਰੀਏ ਤੋਂ ਹਵਾਈ ਫੌਜ ਨੂੰ ਤੁਸੀਂ ਕਿਥੇ ਦੇਖਦੇ ਹੋ?
ਜਿਥੋਂ ਤਕ ਹਮਲਾਵਰ ਸਮਰਥਾ ਦੀ ਗੱਲ ਹੈ ਕਾਰਗਿਲ ਜੰਗ ਦੇ ਮਗਰੋਂ ਭਾਰਤੀ ਹਫਾਈ ਫੌਜ ਨੇ ਕਾਫੀ ਦੂਰੀ ਤੈਅ ਕੀਤੀ ਹੈ। ਸਾਡੀ ਹਮਲਾਵਰ ਸਮਰਥਾ ਦਾ ਮੁਖ ਆਧਾਰ ਸੁਖੋਈ-30, ਮਿਰਾਜ-2000, ਜਗੁਆਰ, ਮਿਗ-29, ਵਰਗੇ ਜਹਾਜ਼ ਹਨ। ਇਨ੍ਹਾਂ ਸਾਰੇ ਜਹਾਜ਼ੀ ਬੇੜਿਆਂ ਨੂੰ ਨਵੀਨਤਮ ਸਮਰਥਾ ਨਾਲ ਲੈਸ ਕੀਤਾ ਜਾ ਰਿਹਾ ਹੈ। ਬੈਂਗਲੁਰੂ 'ਚ ਲਾਈਟ ਕੰਬੈਟ ਏਅਰਕਰਾਫਟ ਦੇ ਪਹਿਲੇ ਸਕੁਐਡਰਨ ਦੀ ਸਥਾਪਨਾ ਦਾ ਕੰਮ ਚਲ ਰਿਹਾ ਹੈ। ਫਰਾਂਸ ਤੋਂ ਰਫੇਲ ਜਹਾਜ਼ਾਂ ਨੂੰ ਹਾਸਲ ਕੀਤਾ ਜਾ ਰਿਹਾ ਹੈ।
ਹਵਾਈ ਫੌਜ 'ਚ ਹੁਣ 45 ਸਕੁਐਡਰਨ ਦੀ ਥਾਂ 'ਤੇ 32 ਹਨ। ਘਟਦੇ ਸਕੁਐਡਰਨਾਂ ਕਾਰਨ ਹਫਾਈ ਫੌਜ ਦੁਸ਼ਮਣ ਦੇ ਹਮਲਿਆਂ ਨੂੰ ਅਸਰਦਾਇਕ ਢੰਗ ਨਾਲ ਕਿਵੇਂ ਨਜਿੱਠੇਗੀ?
ਭਾਰਤੀ ਹਵਾਈ ਫੌਜ ਦਿਨ-ਰਾਤ ਕਿਸੇ ਵੀ ਖਤਰੇ ਦਾ ਮੁਕਾਬਲਾ ਕਰਨ ਲਈ ਤਿਆਰ ਹੈ। ਅਸੀਂ ਸਮਾਂ ਆਉਣ 'ਤੇ ਆਪਣੀ ਤਾਕਤ ਦਿਖਾ ਦੇਵਾਂਗੇ। ਹਵਾਈ ਫੌਜ 'ਚ ਨਵੇਂ ਜਹਾਜ਼ਾਂ ਨੂੰ ਸ਼ਾਮਲ ਕਰਨ ਲਈ ਹਫਾਈ ਫੌਜ ਨੇ ਰੱਖਿਆ ਮੰਤਰਾਲਾ ਨੂੰ ਇਕ ਰੋਡ ਮੈਪ ਪਹਿਲਾਂ ਹੀ ਸੌਂਪਿਆ ਹੈ ਤਾਂ ਕਿ 42 ਸਕੁਐਡਰਨ ਲੜਾਕੂ ਜਹਾਜ਼ਾਂ ਦੀ ਜੋ ਮਨਜ਼ੂਰ ਕੀਤੀ ਗਈ ਸਮਰਥਾ ਹੈ, ਉਹ ਹਾਸਲ ਕੀਤੀ ਜਾ ਸਕਦੀ। ਇਸ ਦੇ ਅਨੁਸਾਰ ਹਵਾਈ ਫੌਜ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਲੜਾਕੂ ਜਹਾਜ਼ਾਂ ਦੀ ਸਮਰਥਾ ਵਧਾਉਣ ਨੂੰ ਅਸੀਂ ਸਰਵਉਚ ਪਹਿਲ ਦੇ ਰਹੇ ਹਾਂ। ਇਸ ਨੂੰ ਹਾਸਲ ਕਰਨ ਲਈ ਹਵਾਈ ਫੌਜ ਨਵੇਂ ਜਹਾਜ਼ਾਂ ਨੂੰ ਸ਼ਾਮਲ ਕਰ ਰਹੀ ਹੈ ਅਤੇ ਮੌਜੂਦਾ ਜਹਾਜ਼ਾਂ ਦਾ ਮਿੱਡ ਲਾਈਫ ਅਪਗ੍ਰੇਡ ਵੀ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਮਿਗ-29, ਜਗੁਆਰ ਅਤੇ ਮਿਰਾਜ 2000 ਦਾ ਪੜਾਅਵਾਰ ਢੰਗ ਨਾਲ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਦੀ ਲੜਾਕੂ ਸਮਰਥਾ ਵਧਾਈ ਜਾ ਸਕੇ। ਹਥਿਆਰਾਂ 'ਚ ਜੋ ਕਮੀ ਹੈ, ਨੂੰ ਦੂਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਲੜਾਕੂ ਜਹਾਜ਼ਾਂ ਨੂੰ ਹਾਸਲ ਕਰਨ ਲਈ ਐਗਰੀਮੈਂਟ ਕੀਤੇ ਗਏ ਹਨ। ਉਨ੍ਹਾਂ 'ਚ ਲਾਈਟ ਕੰਬੈਟ ਏਅਰਕਰਾਫਟ, ਰਾਫੇਲ ਅਤੇ ਬਾਕੀ ਬਚੇ ਸੁਖੋਈ-30 ਐੱਮ. ਕੇ. ਆਈ ਜਹਾਜ਼ ਹਨ। ਐੱਲ. ਸੀ. ਏ. ਮਾਰਕ -ਵਨ-ਏ ਹਾਸਲ ਕਰਨ ਲਈ ਵੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਸ ਦੇ ਇਲਾਵਾ ਜੰਗੀ ਸਾਂਝੇਦਾਰੀ ਮਾਡਲ ਤਹਿਤ ਨਵੇਂ ਲੜਾਕੂ ਜਹਾਜ਼ ਹਾਸਲ ਕਰਨ ਦੀ ਗੱਲ ਹੈ ਅਤੇ ਇਨ੍ਹਾਂ ਦੇ ਯੋਗ ਬਦਲਾਂ 'ਤੇ ਚਰਚਾ ਚਲ ਰਹੀ ਹੈ। ਇਸ ਤੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਭਾਰਤੀ ਹਵਾਈ ਫੌਜ 15ਵੀਂ ਯੋਜਨਾ (2032) ਤਕ ਆਪਣੀ ਪ੍ਰਵਾਨਿਤ ਸਕੁਐਡਰਨ ਸਮਰਥਾ ਨੂੰ ਹਾਸਲ ਕਰ ਸਕੇ।
ਹਵਾਈ ਫੌਜ ਨੂੰ 126 ਮੀਡੀਅਮ ਮਲਟੀ ਰੋਲ ਕੰਬੈਟ ਏਅਰਕਰਾਫਟ ਮੁਹੱਈਆ ਕਰਨ ਦੀ ਗੱਲ ਸੀ ਤੇ ਟੈਂਡਰ 2007 'ਚ ਜਾਰੀ ਕੀਤਾ ਗਿਆ ਸੀ ਪਰ ਹਵਾਈ ਫੌਜ ਨੂੰ ਹੁਣ ਸਿਰਫ 36 ਜਹਾਜ਼ ਹੀ ਮਿਲਣਗੇ। ਹਵਾਈ ਫੌਜ ਨੂੰ ਬਾਕੀ ਹੋਰ ਜਹਾਜ਼ ਕਦੋਂ ਮਿਲਣਗੇ?
ਮੇਕ ਇੰਨ ਇੰਡੀਆ ਪ੍ਰੋਗਰਾਮ ਦੇ ਤਹਿਤ ਸਰਕਾਰ ਲੜਾਕੂ ਜਹਾਜ਼ਾਂ ਨੂੰ ਹਾਸਲ ਕਰਨ ਦਾ ਰੋਡ ਮੈਪ ਤਿਆਰ ਕਰ ਰਹੀ ਹੈ। ਇਹ ਜੰਗੀ ਭਾਈਵਾਲੀ ਮਾਡਲ ਨਾਲ ਹਾਸਲ ਹੋਵੇਗਾ। ਹਵਾਈ ਫੌਜ ਨੇ ਪਹਿਲਾਂ ਹੀ ਐੱਲ. ਸੀ. ਏ. ਸੌਦੇ ਨੂੰ ਮਨਜ਼ੂਰੀ ਦਿੱਤੀ ਹੋਈ ਹੈ, ਜੋ ਹਵਾਈ ਫੌਜ ਦੀ ਤਾਕਤ ਨੂੰ ਮਜ਼ਬੂਤ ਕਰੇਗੀ।
ਕੀ ਤੁਹਾਨੂੰ ਜਾਪਦਾ ਹੈ ਕਿ ਲਾਈਟ ਕੰਬੈਟ ਏਅਰਕ੍ਰਾਫਟ ਦੀ ਮੌਜੂਦਾ ਕਿਸਮ ਹਵਾਈ ਫੌਜ ਦੀਆਂ ਸਮਾਘਾਤ ਲੋੜਾਂ ਨੂੰ ਪੂਰਾ ਕਰੇਗੀ?
ਐੱਲ.ਸੀ.ਏ. ਦੀ ਮੌਜੂਦਾ ਕਿਸਮ ਨੂੰ ਸ਼ੁਰੂਆਤੀ ਸਮਾਘਾਤ ਮਨਜ਼ੂਰੀ (ਆਈ.ਓ.ਸੀ.) ਮਿਲੀ ਹੈ ਜੋਕਿ ਵਿਕਾਸ ਦੇ ਦੌਰ ਵਾਲਾ ਜਹਾਜ਼ ਹੈ, ਜੋ ਹਵਾ ਤੋਂ ਹਵਾ ਅਤੇ ਹਵਾ ਤੋਂ ਜ਼ਮੀਨ 'ਤੇ ਕਾਰਵਾਈ ਕਰਨ 'ਚ ਸਮਰੱਥ ਹੋਵੇਗਾ। ਜਦੋਂ ਇਸ ਜਹਾਜ਼ ਨੂੰ ਪੂਰੀ ਸਮਾਘਾਤ ਮਨਜ਼ੂਰੀ (ਐੱਫ.ਓ. ਸੀ.) ਮਿਲ ਜਾਵੇਗੀ ਉਦੋਂ ਇਹ ਜਹਾਜ਼ ਹੋਰ ਤਾਕਤ ਹਾਸਲ ਕਰੇਗਾ। ਐੱਲ.ਸੀ.ਏ. ਮਾਰਕ ਵਨ ਏ 'ਚ ਵਧੇਰੇ ਸਮਰੱਥਾ ਹੋਵੇਗੀ, ਜਿਵੇਂ ਕਿ ਆਏਸਾ ਰਾਡਾਰ, ਇੰਟਾਗ੍ਰੇਟਿਡ ਇਲੈਕਟ੍ਰਾਨਿਕ ਵਾਰਫੇਅਰ ਸੂਟ, ਲੰਬੀ ਦੂਰੀ ਦੀ ਬੀਵੀਆਰ ਮਿਜ਼ਾਈਲ, ਏਅਰ ਟੂ ਏਅਰ ਮਿਜ਼ਾਈਲ, ਐਡਵਾਂਸਡ ਐਵੀਯਾਨਿਕਸ ਆਦਿ।
ਹਵਾਈ ਫੌਜ ਭਾਰੀ ਥ੍ਰਸਟ ਵਾਲੇ ਇੰਜਨ ਲੱਗੇ ਐੱਲ.ਸੀ.ਏ.ਦੀ ਮਾਰਕ-2 ਨੂੰ ਹਾਸਲ ਕਰਨਾ ਚਾਹੁੰਦੀ ਸੀ। ਇਸ ਨੂੰ ਕਦੋਂ ਤੱਕ ਸ਼ਾਮਲ ਕਰੋਗੇ?
ਐੱਲ.ਸੀ.ਏ. ਨੂੰ ਪੜ੍ਹਾਅ ਵਾਰ ਤਰੀਕੇ ਨਾਲ ਸ਼ਾਮਲ ਕਰਨ ਦੀ ਯੋਜਨਾ 'ਤੇ ਕੰਮ ਚਲ ਰਿਹਾ ਹੈ। ਮੌਜੂਦਾ ਕਿਸਮ ਐੱਲ.ਸੀ.ਏ. ਮਾਰਕ-ਵਨ-ਏ ਹੈ। ਇਹ ਜ਼ਿਆਦਾ ਉੱਨਤ ਕਿਸਮ ਵਾਲਾ ਹੈ, ਜਿਸ ਵਿਚ ਇਲੈਕਟ੍ਰਾਨਿਕ ਜੰਗ ਕਰਨ ਦੀ ਵਧੀਆ ਸਮਰੱਥਾ ਹੈ, ਇਸ 'ਚ ਐਡਵਾਂਸਡ ਐਵੀਯਾਨਿਕਸ ਲੱਗੇ ਹਨ, ਐੱਲ.ਸੀ.ਏ.ਮਾਰਕ-2 ਦਾ ਵਿਕਾਸ ਫਿਲਹਾਲ ਡਿਜ਼ਾਈਨ ਸਟੇਜ 'ਤੇ ਹੈ। ਡਿਜ਼ਾਈਨ ਅਤੇ ਵਿਕਾਸ ਦੇ ਬਾਅਦ ਐੱਲ.ਸੀ.ਏ. ਮਾਰਕ-2 ਨੂੰ ਸ਼ਾਮਲ ਕੀਤਾ ਜਾਵੇਗਾ। ਐੱਲ.ਸੀ.ਏ.ਮਾਰਕ -1-ਏ ਨੂੰ ਪੂਰਾ ਸੌਂਪਣ ਦੇ ਮਗਰੋਂ ਐੱਲ.ਸੀ.ਏ ਮਾਰਕ-2 ਨੂੰ ਸ਼ਾਮਲ ਕੀਤਾ ਜਾਵੇਗਾ।
ਰੱਖਿਆ ਮੰਤਰਾਲਾ ਜੰਗੀ ਸਾਂਝੇਦਾਰੀ ਮਾਡਲ ਦੇ ਤਹਿਤ ਲੜਾਕੂ ਜਹਾਜ਼ ਦਾ ਦੇਸ਼ ਵਿਚ ਹੀ ਨਿਰਮਾਣ ਕਰਨਾ ਚਾਹੁੰਦਾ ਹੈ, ਇਸ ਦੇ ਬਾਰੇ ਵਿਚ ਅੰਤਿਮ ਫੈਸਲਾ ਕਦੋਂ ਤੱਕ ਹੋ ਜਾਵੇਗਾ?
ਕਿਸੇ ਵੀ ਹਥਿਆਰ ਨੂੰ ਹਾਸਲ ਕਰਨ ਲਈ ਇਕ ਤੈਅ ਪ੍ਰਕਿਰਿਆ ਹੁੰਦੀ ਹੈ, ਖਾਸ ਕਰ ਲੜਾਕੂ ਜਹਾਜ਼ ਵਰਗੀਆਂ ਮਹੱਤਵਪੂਰਨ ਯੋਜਨਾਵਾਂ ਲਈ। ਇਸ ਦੀ ਪ੍ਰਕਿਰਿਆ ਪੂਰੀ ਹੋਣ ਦੇ ਬਾਅਦ ਹੀ ਸਰਕਾਰ ਆਖਰੀ ਫੈਸਲਾ ਲਵੇਗੀ। ਇਸ ਲਈ ਇਸ ਬਾਰੇ ਅਜੇ ਕੋਈ ਟਿਪਣੀ ਕਰਨਾ ਉਚਿਤ ਨਹੀਂ ਹੋਵੇਗਾ।
ਕੀ ਤੁਹਾਨੂੰ ਲਗਦਾ ਹੈ ਸਿਰਫ ਤਿੰਨ ਅਵਾਕਸ ਅਤੇ ਤਿੰਨ ਐਮਬ੍ਰੇਅਰ ਪੂਰਵ ਚਿਤਾਵਨੀ ਦੇਣ ਵਾਲੇ ਟੋਹੀ ਜਹਾਜ਼ ਹੀ ਕਾਫੀ ਹੋਣਗੇ?
ਹਵਾਈ ਫੌਜ ਦੇ ਕੋਲ ਏਅਰ ਡਿਫੈਂਸ ਰਾਡਾਰ ਹਨ, ਜੋ ਅਵਾਕਸ ਦੀ ਸਮਰੱਥਾ 'ਚ ਵਾਧਾ ਕਰਦੇ ਹਨ। ਇਸ ਤੋਂ ਇਲਾਵਾ ਨਵੇਂ ਟੋਹੀ ਜਹਾਜ਼ ਹਾਸਲ ਕਰਨ ਤੇ ਸਵਦੇਸ਼ੀ ਵਿਕਾਸ ਦੀ ਪ੍ਰਕਿਰਿਆ ਚਲ ਰਹੀ ਹੈ।
ਹਵਾਈ ਫੌਜ ਦੀ 5ਵੀਂ ਪੀੜ੍ਹੀ ਦੇ ਲੜਾਕੂ ਜਹਾਜ਼ ਹਾਸਲ ਕਰਨ ਦੀ ਯੋਜਨਾ ਹੈ। ਕੀ ਤੁਹਾਨੂੰ ਲਗਦਾ ਹੈ ਕਿ ਇਕ ਦਹਾਕੇ ਦੇ ਅੰਦਰ ਤੁਸੀਂ ਇਨ੍ਹਾਂ ਨੂੰ ਹਾਸਲ ਕਰ ਲਵੋਗੇ?
ਐੱਫ.ਜੀ.ਐੱਫ. ਏ. 'ਚ ਉੱਨਤ ਕਿਸਮ ਦੀ ਸਟੀਲਥ ਟੈਕਨਾਲੋਜੀ ਹੁੰਦੀ ਹੈ। ਇਹ ਤੈਅ ਕੀਤਾ ਗਿਆ ਹੈ ਕਿ ਇਕ ਸਥਾਪਤ ਡਿਜ਼ਾਈਨ ਸੰਗਠਨ ਦੇ ਨਾਲ ਰਲ ਕੇ ਇਸ ਤਰ੍ਹਾਂ ਦੇ ਜਹਾਜ਼ ਦਾ ਸਾਂਝਾ ਵਿਕਾਸ ਕੀਤਾ ਜਾਵੇ। ਸਵਦੇਸ਼ੀ ਐਡਵਾਂਸਡ ਮੀਡੀਅਮ ਕੰਬੈਟ ਏਅਰਕਰਾਫਟ (ਏ.ਐੱਮ. ਸੀ. ਏ.) ਦਾ ਫਿਲਹਾਲ ਏਰੋਨਾਟੀਕਲ ਡਿਵੈਲਪਮੈਂਟ ਏਜੰਸੀ (ਏ.ਡੀ.ਏ.) ਅਤੇ ਡੀ. ਆਰ. ਡੀ. ਓ. ਵੱਲੋਂ ਵਿਕਾਸ ਕੀਤਾ ਜਾ ਰਿਹਾ ਹੈ। ਰੂਸ ਤੋਂ ਪੰਜਵੀਂ ਪੀੜ੍ਹੀ ਦਾ ਲੜਾਕੂ ਜਹਾਜ਼ ਹਾਸਲ ਕਰਨ ਦੀ ਯੋਜਨਾ ਰੱਖਿਆ ਮੰਤਰਾਲਾ ਦੇ ਵਿਚਾਰ ਅਧੀਨ ਹੈ। ਭਾਰਤੀ ਹਵਾਈ ਫੌਜ ਏ.ਐੱਮ.ਸੀ. ਏ. (ਐੱਮਕਾ) ਜਹਾਜ਼ ਦੇ ਵਿਕਾਸ ਨੂੰ ਤਹਿਦਿਲੋਂ ਸਮਰਥਨ ਦੇ ਰਹੀ ਹੈ।
ਅਕਾਲੀਆਂ ਦੀ ਲੁੱਟ 'ਚ ਭਾਜਪਾ ਬਰਾਬਰ ਦੀ ਭਾਈਵਾਲ ਰਹੀ, ਅਜੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਨਹੀਂ ਛੱਡਿਆ : ਜਾਖੜ
NEXT STORY