ਤਲਵੰਡੀ ਭਾਈ,(ਪਾਲ)— ਤਲਵੰਡੀ ਭਾਈ ਸਮੇਤ ਨੇੜਲੇ ਪਿੰਡਾਂ ਦੀਆਂ ਹੱਡਾ-ਰੋੜੀਆਂ ਹੁਣ ਆਬਾਦੀ ਦੇ ਬਿਲਕੁਲ ਨਜ਼ਦੀਕ ਆ ਜਾਣ ਕਾਰਨ ਇਥੋਂ ਦੇ ਰਹਿਣ ਵਾਲੇ ਲੋਕ ਇਸ ਦੀ ਦੁਰਗੰਧ ਤੋਂ ਕਾਫੀ ਪ੍ਰੇਸ਼ਾਨ ਹਨ। ਹੱਡਾ-ਰੋੜੀਆਂ ਦੇ ਕੁਝ ਕਦਮਾਂ 'ਤੇ ਸੰਘਣੀ ਆਬਾਦੀ ਵਿਚ ਵੱਸਦੇ ਲੋਕਾਂ ਨੇ ਕਿਹਾ ਕਿ ਕਈ ਵਾਰ ਹੱਡਾ-ਰੋੜੀਆਂ 'ਤੇ ਆਵਾਰਾ ਤੇ ਖੂੰਖਾਰ ਕੁੱਤੇ ਮੁਰਦਾ ਪਸ਼ੂਆਂ ਦੇ ਹੱਡ ਇਧਰ ਘਰਾਂ ਲਾਗੇ ਸੁੱਟੇ ਜਾਂਦੇ ਹਨ, ਜਿਸ ਕਾਰਨ ਇਥੇ ਹਰ ਵੇਲੇ ਕੋਈ ਨਾ ਕੋਈ ਭਿਆਨਕ ਬੀਮਾਰੀ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਇਸੇ ਤਰ੍ਹਾਂ ਨੇੜਲੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਪਿੰਡਾਂ ਦੀਆਂ ਹੱਡਾ-ਰੋੜੀਆਂ ਆਬਾਦੀ ਦੇ ਨੇੜੇ ਹੋਣ ਦੇ ਨਾਲ-ਨਾਲ ਮੇਨ ਸੜਕ ਉਪਰ ਹੋਣ ਕਾਰਨ ਇਥੋਂ ਹਨ੍ਹੇਰੇ ਵਿਚ ਲੰਘਣ ਵਾਲੇ ਰਾਹਗੀਰਾਂ ਨੂੰ ਹਰ ਵੇਲੇ ਖੁੰਖਾਰ ਕੁੱਤਿਆਂ ਦਾ ਡਰ ਸਤਾਉਂਦਾ ਰਹਿੰਦਾ ਹੈ। ਪਿੰਡਾਂ ਦੇ ਕੁਝ ਬਜ਼ੁਰਗ ਲੋਕਾਂ ਨੇ ਦੱਸਿਆ ਕਿ ਹੱਡਾ-ਰੋੜੀਆਂ ਦੀ ਸਥਾਪਨਾ ਵੇਲੇ ਇਹ ਪਿੰਡਾਂ ਦੀ ਆਬਾਦੀ ਤੋਂ ਕਾਫੀ ਦੂਰ ਸਨ, ਪਰ ਉਸ ਤੋਂ ਬਾਅਦ ਜਨਸੰਖਿਆ ਦੇ ਵੱਧਣ ਨਾਲ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਦਾ ਕਾਫੀ ਵਿਕਾਸ ਹੋਇਆ ਹੈ ਅਤੇ ਵੱਸੋਂ ਵਾਲੇ ਖੇਤਰਾਂ ਦਾ ਕਾਫੀ ਵੱਡੇ ਪੱਧਰ 'ਤੇ ਫੈਲਣ ਕਾਰਨ ਇਹ ਹੱਡਾ-ਰੋੜੀਆਂ ਹੁਣ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਦੀਆਂ ਆਬਾਦੀਆਂ ਦੇ ਬਿਲਕੁਲ ਵਿਚਕਾਰ ਆ ਚੁੱਕੀਆਂ ਹਨ।
ਕੀ ਹੈ ਲੋਕਾਂ ਦੀ ਮੰਗ
ਹੱਡਾ-ਰੋੜੀਆਂ ਤੋਂ ਪ੍ਰੇਸ਼ਾਨ ਲੋਕਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਤੇ ਸ਼ਹਿਰਾਂ ਕਸਬਿਆਂ ਦੀਆਂ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਹੱਡਾ-ਰੋੜੀਆਂ ਨੂੰ ਲੋਕਾਂ ਦੀ ਸੰਘਣੀ ਆਬਾਦੀ ਤੋਂ ਕਿਤੇ ਦੂਰ ਤਬਦੀਲ ਕਰਕੇ ਲੋਕਾਂ ਦੀ ਇਸ ਵੱਡੀ ਪ੍ਰੇਸ਼ਾਨੀ ਨੂੰ ਹੱਲ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਜਦੋਂ ਕਿਤੇ ਹੱਡਾ-ਰੋੜੀ ਵਾਲੇ ਪਾਸਿਓਂ ਹਵਾ ਆਉਂਦੀ ਹੈ ਤਾਂ ਭਿਆਨਕ ਦੁਰਗੰਧ ਕਾਰਨ ਉਨ੍ਹਾਂ ਦਾ ਘਰਾਂ ਵਿਚ ਰਹਿਣਾ ਮੁਸ਼ਕਲ ਹੋ ਜਾਂਦਾ ਹੈ।
ਇਸ ਤੋਂ ਇਲਾਵਾ ਜ਼ਿਲੇ ਦੀਆਂ ਅਨੇਕਾਂ ਹੱਡਾ ਰੋੜੀਆਂ ਦੇ ਖੂੰਖਾਰ ਕੁੱਤਿਆਂ ਵੱਲੋਂ ਬੱਚਿਆਂ ਅਤੇ ਜਿਉਂਦਿਆਂ ਜਾਨਵਰਾਂ ਨੂੰ ਵੀ ਨੋਚ-ਨੋਚ ਕੇ ਖਾ ਜਾਣ ਦੀਆਂ ਅਨੇਕਾਂ ਘਟਨਾਵਾਂ ਪਹਿਲਾਂ ਵੀ ਕਾਫੀ ਵਾਰ ਵਾਪਰ ਚੁੱਕੀਆਂ ਹਨ। ਇਸ ਲਈ ਜ਼ਿਲਾ ਪ੍ਰਸ਼ਾਸਨ ਨੂੰ ਇਲਾਕਾ ਨਿਵਾਸੀਆਂ ਦੀ ਇਸ ਗੰਭੀਰ ਸਮੱਸਿਆ ਵੱਲ ਫੌਰਨ ਧਿਆਨ ਦੇ ਕੇ ਹੱਡਾ ਰੋੜੀਆਂ ਨੂੰ ਆਬਾਦੀ ਤੋਂ ਦੂਰ ਕਰਨਾ ਚਾਹੀਦਾ ਹੈ।
ਖਤਰੇ ਦੇ ਨਿਸ਼ਾਨ 'ਤੇ ਪੁੱਜਾ ਘੱਗਰ!
NEXT STORY