ਬੱਸੀ ਪਠਾਣਾ (ਰਾਜਕਮਲ) : ਸਥਾਨਕ ਜੇਲ ਰੋਡ 'ਤੇ ਸਥਿਤ ਇਕ ਬੈਂਕ ਦਾ ਪਿਛਲੇ ਕਰੀਬ 7 ਸਾਲਾਂ ਤੋਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ 'ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਮਨਜੀਤ ਸਿੰਘ ਢੀਂਡਸਾ, ਕੌਂਸਲ ਦੇ ਇੰਸ. ਬਲਵਿੰਦਰ ਸਿੰਘ ਵੱਲੋਂ ਆਪਣੀ ਟੀਮ ਸਮੇਤ ਬੈਂਕ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ। ਹਾਲਾਂਕਿ ਟੈਕਸ ਜਮ੍ਹਾਂ ਕਰਵਾਉਣ ਤੋਂ ਬਾਅਦ ਸੀਲ ਕੀਤੀ ਗਈ ਇਮਾਰਤ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ। ਈ. ਓ. ਮਨਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਉਪਰੋਕਤ ਬੈਂਕ ਦਾ ਸਾਲ 2013-14 ਤੋਂ 2020-21 ਦਾ ਪ੍ਰਾਪਰਟੀ ਟੈਕਸ ਜੋ ਕਿ 3 ਲੱਖ 35 ਹਜ਼ਾਰ 545 ਰੁਪਏ ਬਣਦਾ ਹੈ, ਉਹ ਜਮ੍ਹਾਂ ਨਹੀਂ ਕਰਵਾਇਆ ਜਾ ਰਿਹਾ ਸੀ।
ਇਸ ਸਬੰਧੀ ਨਗਰ ਕੌਂਸਲ ਵੱਲੋਂ ਬੈਂਕ ਦੇ ਅਧਿਕਾਰੀਆਂ ਨੂੰ ਕਈ ਵਾਰ ਨੋਟਿਸ ਵੀ ਭੇਜੇ ਗਏ ਪਰ ਉਨ੍ਹਾਂ ਨੇ ਟੈਕਸ ਜਮ੍ਹਾਂ ਕਰਵਾਉਣ ਨੂੰ ਕੋਈ ਤਰਜ਼ੀਹ ਨਹੀਂ ਦਿੱਤੀ, ਜਿਸ ਦੇ ਸਿੱਟੇ ਵਜੋਂ ਮਿਊਂਸਪਲ ਐਕਟ 1911 ਦੀ ਧਾਰਾ 81 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਉਹ ਆਪਣੀ ਟੀਮ ਸਮੇਤ ਬੈਂਕ ਪਹੁੰਚੇ ਤੇ ਮੌਕੇ 'ਤੇ ਬੈਂਕ ਦੇ ਅਧਿਕਾਰੀਆਂ ਨੂੰ ਬੁਲਾਇਆ, ਜਿਸ ਉਪਰੰਤ ਬੈਂਕ ਮੁਲਾਜ਼ਮਾਂ ਨੂੰ ਬਾਹਰ ਕੱਢ ਕੇ ਬੈਂਕ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕੌਂਸਲ ਦੀ ਸਖ਼ਤ ਕਾਰਵਾਈ ਤੋਂ ਬਾਅਦ ਬੈਂਕ ਦੀ ਇਮਾਰਤ ਦਾ ਬਣਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਦਿੱਤਾ ਗਿਆ, ਜਿਸ ਉਪਰੰਤ ਜ਼ਿਲਾ ਮੈਨੇਜਰ ਜਸਵੰਤ ਸਿੰਘ ਦੀ ਹਾਜ਼ਰੀ 'ਚ ਸੀਲ ਕੀਤੀ ਇਮਾਰਤ ਨੂੰ ਫਿਰ ਤੋਂ ਖੋਲ੍ਹ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਬੈਂਕ ਦੇ ਸੀਲ ਹੋਣ ਤੋਂ ਬਾਅਦ ਇੱਥੇ ਆਏ ਬੈਂਕ ਦੇ ਖਾਤਾਧਾਰਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਦੋਂ ਇਸ ਸਬੰਧੀ ਬੈਂਕ ਦੀ ਮੈਨੇਜਰ ਆਰ. ਕੇ. ਘਾਵਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੌਂਸਲ ਦੇ ਅਧਿਕਾਰੀਆਂ ਵੱਲੋਂ ਬਿਨਾਂ ਕੋਈ ਨੋਟਿਸ ਭੇਜੇ ਇਹ ਕਾਰਵਾਈ ਕੀਤੀ ਗਈ ਹੈ, ਜਦੋਂ ਕਿ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਜ਼ਿੰਮੇਵਾਰੀ ਇਮਾਰਤ ਦੇ ਮਾਲਕ ਦੀ ਬਣਦੀ ਹੈ। ਇਸ ਲਈ ਬੈਂਕ ਵੱਲੋਂ ਗਾਹਕਾਂ ਦੀ ਪਰੇਸ਼ਾਨੀ ਨੂੰ ਦੇਖਦਿਆਂ ਰੋਸ ਵਜੋਂ ਇਹ ਟੈਕਸ ਦਿੱਤਾ ਗਿਆ ਹੈ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਦੁੱਲੇਵਾਲਾ 'ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ
NEXT STORY