ਕੱਚੇ ਕਾਮਿਆਂ ਦਾ ਪੱਕਾ ਮੋਰਚਾ 20ਵੇਂ ਦਿਨ ਵੀ ਜਾਰੀ
ਬਠਿੰਡਾ(ਬਲਵਿੰਦਰ)-ਇਤਿਹਾਸ ਗਵਾਹ ਹੈ ਕਿ ਲੰਬੇ ਚੱਲਣ ਵਾਲੇ ਸੰਘਰਸ਼ਾਂ ਨੂੰ ਆਪਣੇ ਹੀ ਬੰਦਿਆਂ ਤੋਂ ਖਤਰਾ ਪੈਦਾ ਹੋ ਜਾਂਦਾ ਹੈ, ਉਸੇ ਖਤਰੇ ਦੀ ਚਿੰਤਾ ਹੁਣ ਕੰਟਰੈਕਟ ਇੰਪਲਾਈਜ਼ ਯੂਨੀਅਨ ਥਰਮਲ ਪਲਾਂਟ ਬਠਿੰਡਾ ਦੇ ਆਗੂਆਂ ਨੂੰ ਵੀ ਹੋਣ ਲੱਗੀ ਹੈ। ਕੱਚੇ ਕਾਮਿਆਂ ਦਾ ਪੱਕਾ ਮੋਰਚਾ ਅੱਜ 20ਵੇਂ ਦਿਨ ਵੀ ਜਾਰੀ ਰਿਹਾ। ਯੂਨੀਅਨ ਵਲੋਂ ਭਰਾਤਰੀ ਜਥੇਬੰਦੀਆਂ ਨਾਲ ਮੀਟਿੰਗ ਕਰ ਕੇ ਅਗਲੇ ਸੰਘਰਸ਼ ਦੀ ਰੂਪਰੇਖਾ ਵੀ ਉਲੀਕੀ ਤਾਂ ਕਿ ਸੰਘਰਸ਼ ਨੂੰ ਹੋਰ ਤਕੜਾ ਕੀਤਾ ਜਾ ਸਕੇ ਪਰ ਅੱਜ ਵੀ ਸਰਕਾਰ ਵਲੋਂ ਕਾਮਿਆਂ ਤੋਂ ਕੋਈ ਹਾਲ-ਚਾਲ ਨਹੀਂ ਪੁੱਛਿਆ ਗਿਆ ਤੇ ਨਾ ਹੀ ਕਿਸੇ ਲੀਡਰ ਨਾਲ ਮੀਟਿੰਗ ਦਾ ਭਰੋਸਾ ਮਿਲਿਆ। ਜ਼ਿਕਰਯੋਗ ਹੈ ਕਿ ਮਜ਼ਦੂਰ ਵਰਗ ਜਾਂ ਆਮ ਕਾਮਿਆਂ ਦੇ ਸੰਘਰਸ਼ ਬੜੇ ਉਤਸ਼ਾਹ ਨਾਲ ਸ਼ੁਰੂ ਹੁੰਦੇ ਹਨ ਪਰ ਹੌਲੀ-ਹੌਲੀ ਰੈਲੀਆਂ ਤੇ ਧਰਨਿਆਂ 'ਚ ਵਰਕਰਾਂ ਦੀ ਗਿਣਤੀ ਘਟਣ ਲੱਗਦੀ ਹੈ, ਜਦਕਿ ਕੁਝ ਆਗੂ ਵੀ ਇਧਰ-ਉਧਰ ਹੋ ਜਾਂਦੇ ਹਨ। ਇਸ ਨੂੰ ਦਗਾਬਾਜ਼ੀ ਜਾਂ ਬੇਵਫਾਈ ਨਹੀਂ ਕਿਹਾ ਜਾ ਸਕਦਾ ਹੈ ਕਿਉਂਕਿ ਵਰਕਰਾਂ ਦੇ ਘਟਣ ਦਾ ਕਾਰਨ ਉਨ੍ਹਾਂ ਦਾ ਨਿੱਜੀ ਸਵਾਰਥ ਹੁੰਦਾ ਹੈ, ਸਵਾਰਥ ਹੀ ਕਿਉਂ ਇਸ ਨੂੰ ਮਜਬੂਰੀ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਘਰੇਲੂ ਆਰਥਿਕ ਹਾਲਾਤ ਕਾਰਨ ਉਹ ਆਪਣੀ ਜੀਵਿਕਾ ਕਮਾਉਣ ਖਾਤਰ ਹੋਰ ਪਾਸੇ ਹੱਥ-ਪੈਰ ਮਾਰਨ ਲਈ ਮਜਬੂਰ ਹੋ ਜਾਂਦੇ ਹਨ। ਇਹ ਸਭ ਕੁਝ ਕੱਚੇ ਕਾਮਿਆਂ ਦੇ ਸੰਘਰਸ਼ 'ਚ ਵਾਪਰਨ ਦਾ ਡਰ ਵੀ ਬਣਿਆ ਹੋਇਆ ਹੈ ਕਿਉਂਕਿ ਕੱਚੇ ਕਾਮਿਆਂ ਦੀ ਤਨਖਾਹ 2 ਮਹੀਨਿਆਂ ਤੋਂ ਬੰਦ ਹੈ। ਇਸ ਤਰ੍ਹਾਂ ਸੰਘਰਸ਼ ਦਾ ਸਾਥ ਕਿੰਨਾ ਕੁ ਚਿਰ ਦੇ ਸਕਣਗੇ। ਸਿਆਸਤਦਾਨਾਂ ਦਾ ਪੁਰਾਣਾ ਤਰੀਕਾ ਰਿਹਾ ਹੈ ਕਿ ਮੰਗਾਂ ਨੂੰ ਲਟਕਾ ਕੇ ਜਾਂ ਆਗੂਆਂ ਨੂੰ ਭਰਮਾ ਕੇ ਸੰਘਰਸ਼ਾਂ ਨੂੰ ਆਸਾਨੀ ਨਾਲ ਲੀਰੋ-ਲੀਰੋ ਕੀਤਾ ਜਾ ਸਕਦਾ ਹੈ। ਉਹੀ ਕੁਝ ਇਥੇ ਵੀ ਹੋ ਰਿਹਾ ਹੈ।
ਬੰਨ੍ਹਿਆ ਹੋਇਆ ਤ੍ਰਿਮੂਰਤੀ ਪੁਤਲਾ ਫੂਕੇ ਜਾਣ ਦੀ ਉਡੀਕ 'ਚ
ਥਰਮਲ ਕਾਮਿਆਂ ਨੇ 1 ਜਨਵਰੀ ਨੂੰ ਪੱਕਾ ਮੋਰਚਾ ਸ਼ੁਰੂ ਕਰਨ ਸਬੰਧੀ 31 ਦਸੰਬਰ ਦੀ ਰਾਤ ਨੂੰ ਡੀ.ਸੀ. ਦਫ਼ਤਰ ਸਾਹਮਣੇ ਟੈਂਟ ਆਦਿ ਲਾਉਣ ਤੋਂ ਇਲਾਵਾ ਇਥੇ ਸਰਕਾਰੀ ਜੰਗਲਿਆਂ 'ਤੇ ਸਰਕਾਰ ਦਾ ਇਕ ਤ੍ਰਿਮੂਰਤੀ ਪੁਤਲਾ ਵੀ ਬੰਨ੍ਹ ਦਿੱਤਾ ਸੀ ਜਿਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਸਾਬਕਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਪੁਤਲਾ ਉਸੇ ਦਿਨ ਤੋਂ ਫੂਕੇ ਜਾਣ ਦੀ ਉਡੀਕ ਵਿਚ ਹੈ। ਇਕ ਬਜ਼ੁਰਗ ਕਾਮੇ ਦਾ ਕਹਿਣਾ ਸੀ ਕਿ ''ਇਸ ਨੂੰ ਤਰਸਾ-ਤਰਸਾ ਕੇ ਫੂਕਾਂਗੇ।''
ਕਾਂਗਰਸੀ ਆਗੂ ਨੂੰ ਤੱਤੀਆਂ-ਤੱਤੀਆਂ ਸੁਣਾਈਆਂ
ਅੱਜ ਇਥੇ ਇਕ ਕਾਂਗਰਸੀ ਆਗੂ ਆਪਣੀ ਚੌਧਰ ਚਮਕਾਉਣ ਖਾਤਰ ਥਰਮਲ ਕਰਮਚਾਰੀਆਂ ਦੇ ਧਰਨੇ ਵਿਚ ਪਹੁੰਚ ਗਿਆ। ਉਸ ਨੂੰ ਭੁਲੇਖਾ ਸੀ ਕਿ ਜਥੇਬੰਦੀ ਉਸ ਨੂੰ ਸਿਰ ਅੱਖਾਂ 'ਤੇ ਬਿਠਾ ਲਵੇਗੀ ਪਰ ਹੋਇਆ ਕੁਝ ਹੋਰ। ਜਿਉਂ ਹੀ ਕਿ ਕਾਂਗਰਸੀ ਆਗੂ ਧਰਨੇ ਵਿਚ ਪਹੁੰਚਿਆ ਤਾਂ ਥਰਮਲ ਕਰਮਚਾਰੀਆਂ ਨੇ ਉਸ ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਹੋਏ ਕਾਂਗਰਸ ਪਾਰਟੀ ਮੁਰਦਾਬਾਦ ਦੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਉਸ ਨੂੰ ਉਥੋਂ ਚਲੇ ਜਾਣ ਲਈ ਕਹਿ ਦਿੱਤਾ। ਵਰਕਰਾਂ ਨੇ ਉਸ ਨੂੰ ਖੂਬ ਤੱਤੀਆਂ-ਤੱਤੀਆਂ ਸੁਣਾਈਆਂ। ਫਿਰ ਉਹ ਵਿਚਾਰਾ ਉਥੋਂ ਖਿਸਕ ਗਿਆ। ਅੰਤ ਕੁਝ ਸੂਝਵਾਨ ਕਰਮਚਾਰੀਆਂ ਨੇ ਉਸ ਨੂੰ ਵਾਪਸ ਬੁਲਾ ਕੇ ਸਟੇਜ ਤੋਂ ਬੋਲਣ ਦਾ ਮੌਕਾ ਦੇ ਦਿੱਤਾ। ਕਾਂਗਰਸੀ ਆਗੂ ਨੇ 2-3 ਮਿੰਟਾਂ 'ਚ ਭਾਸ਼ਣ ਖਤਮ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਥਰਮਲ ਕਰਮਚਾਰੀਆਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਏਗਾ।
ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ 'ਚ 10 ਸਾਲ ਦੀ ਸਜ਼ਾ
NEXT STORY