ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) - ਪਿਛਲੇ 20 ਦਿਨਾਂ ਤੋਂ ਮੋਗਾ ਦੀਆਂ ਰੋਡਵੇਜ਼ ਅਤੇ ਪਨਬਸਾਂ ਦੀ ਖਰਾਬੀ ਨੂੰ ਠੀਕ ਕਰਨ ਵਾਲੇ ਸਰਵਿਸ ਸਟੇਸ਼ਨ ਦੇ ਅਕਸਰ ਬੰਦ ਰਹਿਣ ਤੋਂ ਭੜਕੇ 'ਪੰਜਾਬ ਰੋਡਵੇਜ਼ ਪਨਬੱਸ ਵਰਕਰਜ਼ ਯੂਨੀਅਨ' ਦੇ ਡਰਾਈਵਰਾਂ ਅਤੇ ਕੰਡਕਟਰਾਂ ਨੇ ਬੱਸ ਅੱਡੇ 'ਚ ਬੱਸਾਂ ਨੂੰ ਬੰਦ ਕਰ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ। ਰੋਸ ਜ਼ਾਹਰ ਕਰਦਿਆਂ ਜਸਵੀਰ ਸਿੰਘ ਲਾਡੀ ਪ੍ਰਧਾਨ, ਸੁਖਵਿੰਦਰ ਸਿੰਘ ਜੱਸਾ ਚੇਅਰਮੈਨ, ਸੂਬਾ ਸਿੰਘ ਸੈਕਟਰੀ, ਲਖਵੀਰ ਸਿੰਘ, ਐਕਸੀਅਨ ਬਲਜਿੰਦਰ ਸਿੰਘ ਆਦਿ ਨੇ ਕਿਹਾ ਕਿ ਸਰਵਿਸ ਸਟੇਸ਼ਨ ਦੀ ਖਰਾਬੀ ਕਰ ਕੇ ਰੋਜ਼ਾਨਾ ਹੀ ਮੋਗਾ ਤੋਂ ਚੱਲਦੀਆਂ 4-5 ਬੱਸਾਂ ਰਸਤੇ 'ਚ ਖਰਾਬ ਹੋ ਜਾਂਦੀਆਂ ਹਨ, ਜਿਸ ਕਰ ਕੇ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਬਣੀ ਸਥਿਤੀ ਕਰ ਕੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮਹਿਕਮੇ ਨੇ ਆਉਣ ਵਾਲੇ ਦਿਨਾਂ 'ਚ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ 'ਚ ਡਰਾਈਵਰ ਅਤੇ ਕੰਡਕਟਰ ਹਾਜ਼ਰ ਸਨ।
ਸਕੂਲ ਬੱਸ ਤੇ ਕੈਂਟਰ ਵਿਚਕਾਰ ਟੱਕਰ
NEXT STORY