ਲੁਧਿਆਣਾ (ਰਾਜ): ਲੁਧਿਆਣਾ ਰੇਲਵੇ ਸਟੇਸ਼ਨ ਨੇੜੇ ਸਥਿਤ ਮੁੱਖ ਰੇਲਵੇ ਕਾਲੋਨੀ ਵਿਚ ਉਸ ਵੇਲੇ ਸਨਸਨੀ ਫ਼ੈਲ ਗਈ, ਜਦੋਂ ਇਕ ਸਰਕਾਰੀ ਕੁਆਰਟਰ ਦੇ ਅੰਦਰੋਂ ਇਕ ਸੀਨੀਅਰ ਰੇਲਵੇ ਮੁਲਾਜ਼ਮ ਦੀ ਕਈ ਦਿਨ ਪੁਰਾਣੀ ਗਲੀ-ਸੜੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਅਵਧੇਸ਼ ਕੁਮਾਰ ਯਾਦਵ ਵਜੋਂ ਹੋਈ ਹੈ, ਜੋ ਰੇਲਵੇ ਵਿਚ ਟੈਕਨੀਸ਼ੀਅਨ ਵਜੋਂ ਕੰਮ ਕਰਦਾ ਸੀ। ਭਿਆਨਕ ਗਰਮੀ ਤੇ ਬੰਦ ਕਮਰੇ ਕਾਰਨ ਲਾਸ਼ ਇੰਨੀ ਗਲ ਚੁੱਕੀ ਸੀ ਕਿ ਉਸ ਦੀਆਂ ਅੱਖਾਂ ਤੇ ਜੀਭ ਤਕ ਬਾਹਰ ਆ ਚੁੱਕੀ ਸੀ, ਜਿਸ ਨੂੰ ਵੇਖ ਕੇ ਮੌਕੇ 'ਤੇ ਪਹੁੰਚੇ ਲੋਕਾਂ ਦੀ ਰੂਹ ਕੰਬ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣ ਡਵੀਜ਼ਨ ਨੰਬਰ 8 ਦੀ ਪੁਲਸ ਤੇ ਰੇਲਵੇ ਯੂਨੀਅਨ ਦੇ ਅਫ਼ਸਰ ਮੌਕੇ 'ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ।
ਜਾਣਕਾਰੀ ਮੁਤਾਬਕ, ਅਵਧੇਸ਼ ਕੁਮਾਰ ਪਿਛਲੇ ਕੁਝ ਦਿਨਾਂ ਤੋਂ ਆਪਣੇ ਦਫ਼ਤਰ ਜਾਂ ਕਾਲੋਨੀ ਵਿਚ ਕਿਸੇ ਨੂੰ ਨਜ਼ਰ ਨਹੀਂ ਆਇਆ। ਮੰਗਲਵਾਰ ਸ਼ਾਮ ਨੂੰ ਅਚਾਨਕ ਉਨ੍ਹਾਂ ਦੇ ਕੁਆਰਟਰ ਦੇ ਆਲੇ-ਦੁਆਲਿਓਂ ਕਾਫ਼ੀ ਮੁਸ਼ਕ ਆਉਣ ਲੱਗ ਪਈ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਰੇਲਵੇ ਅਫ਼ਸਰਾਂ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਐੱਨ. ਆਰ. ਐੱਮ. ਯੂ. ਦੇ ਬ੍ਰਾਂਚ ਪ੍ਰਧਾਨ ਗੌਰਵਸ਼ਰਮਾ ਆਪਣੀ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ। ਉਨ੍ਹਾਂ ਵੇਖਿਆ ਕਿ ਕੁਆਰਟਰ ਦਾ ਦਰਵਾਜ਼ਾ ਹਲਕਾ ਜਿਹਾ ਖੁੱਲ੍ਹਿਆ ਹੋਇਆ ਸੀ ਤੇ ਜਦੋਂ ਉਨ੍ਹਾਂ ਅੰਦਰ ਜਾ ਕੇ ਵੇਖਿਆ ਤਾਂ ਅਵਧੇਸ਼ ਕੁਮਾਰ ਦੀ ਮ੍ਰਿਤਕ ਦੇਹ ਜ਼ਮੀਨ 'ਤੇ ਪਈ ਸੀ। ਕਿਆਸ ਲਗਾਏ ਜਾ ਰਹੇ ਹਨ ਕਿ ਅਵਧੇਸ਼ ਦੀ ਮੌਤ ਤਕਰੀਬਨ 4 ਤੋਂ 5 ਦਿਨ ਪਹਿਲਾਂ ਹੀ ਹੋ ਚੁੱਕੀ ਸੀ। ਭਿਆਨਕ ਗਰਮੀ ਤੇ ਬੰਦ ਕਮਰੇ ਦੇ ਹੁੰਮਸ ਭਰੇ ਮਾਹੌਲ ਕਾਰਨ ਲਾਸ਼ ਫੁੱਲ ਚੁੱਕੀ ਸੀ ਤੇ ਉਸ ਨੂੰ ਕੀੜੇ ਪੈਣੇ ਸ਼ੁਰੂ ਹੋ ਚੁੱਕੇ ਸਨ।
ਗੌਰਵ ਸ਼ਰਮਾ ਮੁਤਾਬਕ, ਅਵਧੇਸ਼ ਕੁਮਾਰ ਨੂੰ ਅਖ਼ੀਰਲੀ ਵਾਰ ਕੁਝ ਦਿਨ ਪਹਿਲਾਂ ਰਾਤ ਤਕਰੀਬਨ 11 ਵਜੇ ਦਫ਼ਤਰ ਵਿਚ ਡਿਊਟੀ ਨਾਲ ਸਬੰਧਤ ਜਾਣਕਾਰੀ ਲੈਂਦਿਆਂ ਵੇਖਿਆ ਗਿਆ ਸੀ, ਜਿਸ ਮਗਰੋਂ ਉਹ ਕਦੇ ਡਿਊਟੀ 'ਤੇ ਪਰਤਿਆ ਹੀ ਨਹੀਂ। ਉਨ੍ਹਾਂ ਕਿਹਾ ਕਿ ਅਵਧੇਸ਼ ਸ਼ਰਾਬ ਪੀਣ ਦਾ ਆਦੀ ਸੀ ਤੇ ਇਹ ਖਦਸ਼ਾ ਜਤਾਆ ਜਾ ਰਿਹਾ ਹੈ ਕਿ ਜ਼ਿਆਦਾ ਸ਼ਰਾਬ ਪੀਣ ਤੇ ਭਿਆਨਕ ਗਰਮੀ ਕਾਰਨ ਹੀ ਉਨ੍ਹਾਂ ਦੀ ਮੌਤ ਹੋਈ ਹੋਵੇਗੀ।
ਥਾਣਾ ਡਵੀਜ਼ਨ ਨੰਬਰ 8 ਦੇ ਜਾਂਚ ਅਧਿਕਾਰੀ ਸੁਨੀਲ ਕੁਮਾਰ ਨੇ ਦੱਸਿਆ ਕਿ ਪੁਲਸ ਕੰਟਰੋਲ ਰੂਮ ਨੂੰ ਇਸ ਘਟਨਾ ਦੀ ਸੂਚਨਾ ਮੰਗਲਵਾਰ ਸ਼ਾਮ 8 ਵਜੇ ਦੇ ਵਿਚ ਮਿਲੀ ਸੀ। ਪੁਲਸ ਤਫ਼ਤੀਸ਼ ਵਿਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਅਵਧੇਸ਼ ਕੁਮਾਰ ਯਾਦਵ ਮੂਲ ਤੌਰ 'ਤੇ ਬਿਹਾਰ ਦਾ ਰਹਿਣ ਵਾਲਾ ਸੀ। ਉਸ ਦੀ ਪਤਨੀ ਪਿਛਲੇ 8-10 ਦਿਨਾਂ ਤੋਂ ਆਪਣੇ ਜੱਦੀ ਪਿੰਡ ਬਿਹਾਰ ਗਈ ਹੋਈ ਸੀ, ਜਿਸ ਕਾਰਨ ਅਵਧੇਸ਼ ਇਸ ਸਰਕਾਰੀ ਕੁਆਰਟਰ ਵਿਚ ਇਕੱਲਾ ਸੀ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਸਾਈਲੈਂਟ ਅਟੈਕ ਆਇਆ ਜਾਂ ਤਬੀਅਤ ਵਿਗੜੀ ਤਾਂ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਵਾਲਾ ਕੋਈ ਵੀ ਨਹੀਂ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ ਤੇ ਪਰਿਵਾਰ ਦੇ ਆਉਣ ਮਗਰੋਂ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਲੱਗ ਸਕੇਗਾ। ਫ਼ਿਲਹਾਲ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੀ. ਜੀ. ਆਈ. ਸੂਚਕਾਂਕ 'ਚ ਚੰਡੀਗੜ੍ਹ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਪੰਜਾਬ, ਦਿੱਲੀ ਤੇ ਕੇਰਲ ਦੂਜੇ ਨੰਬਰ 'ਤੇ
NEXT STORY