ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ/ ਸੁਖਪਾਲ ਢਿੱਲੋਂ )-ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਮਜ਼ਦੂਰਾਂ ਦੀਆਂ ਭੱਖਦੀਆਂ ਮੰਗਾਂ ਨੂੰ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਸ਼ੁਰੂ ਕੀਤਾ ਤਿੰਨ ਰੋਜ਼ਾ ਦਿਨ -ਰਾਤ ਦਾ ਧਰਨਾ ਅੱਜ ਦੂਜੇ ਦਿਨ 'ਚ ਦਾਖਲ ਹੋ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲਾ ਸਕੱਤਰ ਤਰਸੇਮ ਸਿੰਘ ਖੁਡੇਹਲਾਲ, ਬਾਜ ਸਿੰਘ ਭੁੱਟੀਵਾਲਾ, ਜਗਸੀਰ ਸਿੰਘ ਲੱਖੇਵਾਲੀ ਅਤੇ ਕਾਲਾ ਸਿੰਘ ਸਿੰਘੇਵਾਲਾ ਨੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਵਲੋਂ ਮਜ਼ਦੂਰਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਬਲਕਿ ਇਸਦੇ ਉਲਟ ਮਜ਼ਦੂਰਾਂ ਨੂੰ ਪਹਿਲਾਂ ਤੋਂ ਮਿਲ ਰਹੀਆਂ ਸਹੂਲਤਾਂ ਤੇ ਵੀ ਕੱਟ ਲਾਇਆ ਜਾ ਰਿਹਾ ਹੈ ਜਿਵੇਂ ਕਿ ਸਾਲ ਦੀ ਤਿੰਨ ਹਜ਼ਾਰ ਯੂਨਿਟ ਬਾਲਣ ਵਾਲੇ ਮਜ਼ਦੂਰਾਂ ਨੂੰ ਬਿਜਲੀ ਮੁਆਫ਼ੀ ਦੇ ਘੇਰੇ 'ਚੋਂ ਬਾਹਰ ਕੱਢਣ ਦੀ ਨੀਤੀ ਲਿਆਂਦੀ ਗਈ ਹੈ। ਰਾਸ਼ਨ ਕਾਰਡ, ਸਿਆਸੀ ਆਧਾਰ ਤੇ ਕੱਟੇ ਜਾ ਰਹੇ ਹਨ, ਮਨਰੇਗਾ ਦਾ ਕੰਮ ਕਰਦੇ ਕੱਚੇ ਰਾਹਾਂ ਅਤੇ ਸੜਕਾਂ ਦੀਆਂ ਥਰਮਾਂ ਦੇ ਕੰਮ ਨਾ ਕਰਨ ਦੀ ਨੀਤੀ ਤਹਿਤ ਖੋਹਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੇਘਰੇ ਤੇ ਲੋੜਵੰਦਾਂ ਨੂੰ ਪਲਾਟ ਦੇਣ ਦੇ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਅੱਜ ਤੱਕ ਪਲਾਟਾਂ ਦੇ ਫਾਰਮਾਂ ਤੋਂ ਧੂੜ ਵੀ ਨਹੀਂ ਝਾੜੀ ਗਈ ਜਦਕਿ ਪਲਾਟ ਦੇਣ ਤਾਂ ਬਹੁਤ ਦੂਰ ਦੀ ਗੱਲ ਹੈ। ਇਥੇ ਹੀ ਬੱਸ ਨਹੀਂ ਕੈਪਟਨ ਸਰਕਾਰ ਨੇ ਆਪਣੇ ਵਾਅਦੇ ਮੁਤਾਬਿਕ ਮਜ਼ਦੂਰਾਂ ਨੂੰ ਕਰਜ਼ੇ ਦੀ ਮੁਆਫ਼ੀ 'ਚ ਸ਼ਾਮਲ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਸਿਆਸੀ ਵਿਤਕਰੇਬਾਜੀ ਦੇ ਚਲਦਿਆਂ ਵੱਡੀ ਪੱਧਰ ਤੇ ਮਜ਼ਦੂਰਾਂ ਦੀਆਂ ਬੁਢਾਪਾ, ਵਿਧਵਾ, ਅੰਗਹੀਣ ਅਤੇ ਨਿਆਸਰਿਤ ਪੈਨਸ਼ਨਾਂ ਕੱਟੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਜ਼ੁਰਗ ਦਫ਼ਤਰਾਂ ਅਤੇ ਬੈਂਕਾਂ ਦੇ ਗੇੜੇ ਕੱਢ ਰਹੇ ਹਨ ਪਰ ਮਨਰੇਗਾ ਦੇ ਬਕਾਏ ਨਹੀਂ ਦਿੱਤੇ ਜਾ ਰਹੇ। ਮਜ਼ਦੂਰਾਂ ਦੇ ਘਰਾਂ 'ਚੋਂ ਬਿਜਲੀ ਦੇ ਮੀਟਰ ਪੁੱਟ ਕੇ ਬਿੱਲ ਭੇਜੇ ਜਾ ਰਹੇ ਹਨ। ਆਟਾ -ਦਾਲ ਸਕੀਮ ਦੇ ਨਾਲ ਖੰਡ, ਚਾਹ-ਪੱਤੀ ਅਤੇ ਘਿਓ ਦੇਣ ਦੀ ਬਜਾਏ ਦਾਲ ਬਿਲਕੁੱਲ ਹੀ ਕੱਟ ਦਿੱਤੀ ਗਈ ਹੈ ਜਦਕਿ ਬੀ. ਪੀ. ਐਲ. ਅਨਤੋਦਿਆ ਦੇ ਕਾਰਡ ਕੱਟੇ ਹੋਏ ਹਨ। ਮਜ਼ਦੂਰ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਪੰਜਾਬ ਸਰਕਾਰ ਮਜ਼ਦੂਰ ਮੰਗਾਂ ਦੀ ਪੂਰਤੀ ਨਹੀਂ ਕਰਦੀ ਇਹ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਇਸੇ ਦੌਰਾਨ ਜਥੇਬੰਦੀ ਦੀ ਹਮਾਇਤ 'ਤੇ ਟਕੈਨੀਕਲ ਸਰਵਿਸ ਯੂਨੀਅਨ ਸਰਕਲ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਜਰਨੈਲ ਸਿੰਘ , ਮੀਤ ਪ੍ਰਧਾਨ ਭੁਪਿੰਦਰ ਸਿੰਘ ਸਮੇਤ ਵਰਕਰਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਂਹ ) ਦੇ ਸੀਨੀਅਰ ਮੀਤ ਪ੍ਰਧਾਨ ਗੁਰਭਗਤ ਸਿੰਘ ਭਲਾਈਆਣਾ ਤੇ ਹਰਬੰਸ ਸਿੰਘ ਕੋਟਲੀ ਆਦਿ ਪਹੁੰਚੇ ਅਤੇ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ। ਇਸ ਮੌਕੇ ਹਰਦੇਵ ਸਿੰਘ ਖੁੰਡੇਹਲਾਲ, ਬਲਵੀਰ ਸਿੰਘ, ਛੋਟਾ ਸਿੰਘ, ਮੰਦਰ ਸਿੰਘ, ਵੀਰਪਾਲ ਕੌਰ, ਸੁਖਜੀਤ ਕੌਰ, ਸੁਖਦੇਵ ਕੌਰ, ਤੇਜ ਕੌਰ, ਗੁਰਵਿੰਦਰ ਕੌਰ ਭੁੱਟੀਵਾਲਾ ਸਮੇਤ ਵੱਡੀ ਗਿਣਤੀ 'ਚ ਮਜ਼ਦੂਰ ਮਰਦ ਅਤੇ ਔਰਤਾਂ ਹਾਜ਼ਰ ਸਨ।
ਸਰਕਾਰ ਵਿਰੁੱਧ ਬਜਟ ਇਜਲਾਸ ਤੱਕ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ ਕਰਨਗੇ ਅਧਿਆਪਕ
NEXT STORY