ਗੁਰਦਾਸਪੁਰ(ਵਿਨੋਦ)-'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਅਧੀਨ ਲੜਕੀਆਂ ਦੇ ਖਾਤਿਆਂ 'ਚ ਸਰਕਾਰ 2-2 ਲੱਖ ਰੁਪਏ ਜਮ੍ਹਾ ਕਰਵਾ ਰਹੀ ਹੈ, ਅਜਿਹੀ ਅਫਵਾਹ ਫੈਲਾ ਕੇ ਇਕ ਗਿਰੋਹ ਵੱਲੋਂ ਫਰਜ਼ੀ ਫਾਰਮ ਭਰਾਏ ਜਾ ਰਹੇ ਹਨ। ਗਿਰੋਹ ਵੱਲੋਂ ਬਲੈਕ ਵਿਚ 200 ਤੋਂ ਲੈ ਕੇ 300 ਰੁਪਏ ਵਿਚ ਪ੍ਰਤੀ ਫਾਰਮ ਵੇਚਿਆ ਜਾ ਰਿਹਾ ਹੈ। ਪੋਸਟ ਆਫਿਸ 'ਚ ਵੀ ਫਾਰਮ ਜਮ੍ਹਾ ਕਰਾਉਣ ਵਾਲੇ ਵੱਡੀ ਗਿਣਤੀ 'ਚ ਪਹੁੰਚ ਕੇ ਧੱਕੇ ਖਾ ਰਹੇ ਹਨ। ਜ਼ਿਲਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਇਸ ਸੰਬੰਧੀ ਸਪੱਸ਼ਟ ਕਰ ਚੁੱਕੇ ਹਨ ਕਿ ਸਰਕਾਰ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ ਪਰ ਇਸ ਦੇ ਬਾਵਜੂਦ ਇਹ ਠੱਗੀ ਦਾ ਧੰਦਾ ਜ਼ੋਰਾਂ 'ਤੇ ਚੱਲ ਰਿਹਾ ਹੈ।
ਪੋਸਟ ਆਫਿਸ ਦਾ ਮੁੱਖ ਗੇਟ ਬੰਦ ਕਰ ਦਿੱਤਾ
ਗੁਰਦਾਸਪੁਰ ਪੋਸਟ ਆਫਿਸ 'ਚ ਅੱਜ ਸੈਂਕੜੇ ਲੋਕਾਂ ਦੇ ਫਾਰਮ ਜਮ੍ਹਾ ਕਰਵਾਉਣ ਲਈ ਆ ਜਾਣ ਦੇ ਕਾਰਨ ਪੋਸਟ ਆਫਿਸ ਕਰਮਚਾਰੀਆਂ ਨੇ ਮੁੱਖ ਗੇਟ ਹੀ ਬੰਦ ਕਰ ਦਿੱਤਾ ਪਰ ਲੋਕ ਡਾਕ ਰਾਹੀਂ ਇਹ ਫਾਰਮ ਪੋਸਟ ਮਾਸਟਰ ਦੇ ਨਾਂ 'ਤੇ ਭੇਜ ਰਹੇ ਹਨ। ਦੂਜੇ ਪਾਸੇ ਸਿਟੀ ਪੁਲਸ ਗੁਰਦਾਸਪੁਰ ਨੇ ਇਸ ਸੰਬੰਧੀ ਟੀਮਾਂ ਬਣਾ ਕੇ ਛਾਪੇਮਾਰੀ ਕਰਕੇ 2 ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਤੋਂ ਫਰਜ਼ੀ ਫਾਰਮ ਬਰਾਮਦ ਕੀਤੇ ਗਏ।
ਦੋਸ਼ੀਆਂ ਨੂੰ ਜਲਦੀ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ : ਐੱਸ. ਐੱਸ. ਪੀ.
ਇਸ ਸੰਬੰਧੀ ਜਦ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਭੁਪਿੰਦਰਜੀਤ ਸਿੰਘ ਵਿਰਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਜ਼ਿਲਾ ਪ੍ਰਸ਼ਾਸਨ ਦੇ ਧਿਆਨ ਵਿਚ ਹੈ ਪਰ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਗੁੰਮਰਾਹ ਕਰਨ ਵਾਲੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ। ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਗਿਰੋਹ ਦੇ ਮੈਂਬਰ ਜੇਲ ਦੀਆਂ ਸਲਾਖਾਂ ਦੇ ਪਿੱਛੇ ਹੋਣਗੇ। ਕਿਸੇ ਵੀ ਦੋਸ਼ੀ ਨੂੰ ਬਖਸ਼ਿਆਂ ਨਹੀਂ ਜਾਵੇਗਾ। ਇਸ ਸੰਬੰਧੀ ਸਾਰੇ ਪੁਲਸ ਸਟੇਸ਼ਨਾਂ ਇੰਚਾਰਜਾਂ ਨੂੰ ਟੀਮਾਂ ਬਣਾ ਕੇ ਇਸ ਗਿਰੋਹ ਦਾ ਪਤਾ ਲਗਾਉਣ ਦਾ ਹੁਕਮ ਦਿੱਤਾ ਗਿਆ ਹੈ ਅਤੇ ਜਲਦੀ ਹੀ ਨਤੀਜੇ ਸਾਹਮਣੇ ਆਉਣਗੇ।
ਕੀ ਕਹਿਣਾ ਹੈ ਪੁਲਸ ਸਟੇਸ਼ਨ ਇੰਚਾਰਜ ਦਾ
ਇਸ ਸੰਬੰਧੀ ਸਿਟੀ ਪੁਲਸ ਸਟੇਸ਼ਨ ਇੰਚਾਰਜ ਨਿਰਮਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮ 'ਤੇ ਸਿਟੀ ਪੁਲਸ ਨੇ ਟੀਮਾਂ ਬਣਾ ਕੇ ਇਸ ਗਿਰੋਹ ਦਾ ਪਰਦਾਫਾਸ਼ ਕਰਨ ਦਾ ਕੰਮ ਸ਼ੁਰੂ ਕੀਤਾ ਸੀ।
ਇਸ ਸੰਬੰਧੀ ਸਹਾਇਕ ਪੁਲਸ ਇੰਸਪੈਕਟਰ ਕੁਲਦੀਪ ਕੁਮਾਰ ਦੀ ਅਗਵਾਈ ਵਿਚ ਟੀਮ ਨੇ ਪੁਰਾਣੀ ਤਹਿਸੀਲ ਗੁਰਦਾਸਪੁਰ ਵਿਚ ਇਕ ਫੋਟੋ ਸਟੇਟ ਕਰਨ ਵਾਲੇ ਵਿਅਕਤੀ ਅਮਨਦੀਪ ਸਿੰਘ ਪੁੱਤਰ ਜੋਗਿੰਦਰ ਪਾਲ ਨਿਵਾਸੀ ਪਿੰਡ ਰੋੜੀ ਦੇ ਕੈਬਿਨ 'ਤੇ ਛਾਪੇਮਾਰੀ ਕਰ ਕੇ ਉਥੋਂ ਇਹ ਫਾਰਮ ਬਰਾਮਦ ਕੀਤੇ।
ਦੋਸ਼ੀ ਫਾਰਮ ਫੋਟੋ ਸਟੇਟ ਕਰ ਕੇ 30 ਤੋਂ 50 ਰੁਪਏ ਵਿਚ ਵੇਚ ਰਿਹਾ ਸੀ। ਇਸ ਤਰ੍ਹਾਂ ਸਹਾਇਕ ਪੁਲਸ ਇੰਸਪੈਕਟਰ ਰਾਜਿੰਦਰ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਇਕ ਦੋਸ਼ੀ ਜਗਜੀਤ ਸਿੰਘ ਨਿਵਾਸੀ ਅਹਿਮਦਾਬਾਦ ਧਾਰੀਵਾਲ ਦੇ ਪੁਰਾਣੀ ਤਹਿਸੀਲ ਵਿਚ ਚਲ ਰਹੇ ਕੈਬਿਨ 'ਤੇ ਭੀੜ ਵੇਖ ਕੇ ਛਾਪਾਮਾਰੀ ਕੀਤੀ ਤਾਂ ਇਹ ਵੀ ਫਾਰਮ ਫੋਟੋ ਸਟੇਟ ਕਰਕੇ 30 ਤੋਂ 50 ਰੁਪਏ ਵਿਚ ਵੇਚ ਰਿਹਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਦੇ ਵਿਰੁੱਧ ਧਾਰਾ 420 ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਾਜਾਇਜ਼ ਸ਼ਰਾਬ ਤੇ ਚਾਲੂ ਭੱਠੀ ਸਣੇ ਕਾਬੂ
NEXT STORY