ਫ਼ਿਰੋਜ਼ਪੁਰ(ਕੁਮਾਰ)-ਲੱਖਾਂ-ਕਰੋੜਾਂ ਦੇ ਕਰਜ਼ੇ ਵਿਚ ਡੁੱਬੇ ਪੰਜਾਬ ਦੇ ਸਰਕਾਰੀ ਕੰਮਕਾਜ ਨੂੰ ਚਲਾਉਣ ਲਈ ਜਿਥੇ ਪੰਜਾਬ ਸਰਕਾਰ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਿਛਲੇ 10 ਮਹੀਨਿਆਂ ਤੋਂ ਖਜ਼ਾਨਾ ਖਾਲੀ ਹੋਣ ਨਾਲ ਵਿਕਾਸ ਦੇ ਕੰਮ ਰੁਕੇ ਪਏ ਹਨ, ਖਜ਼ਾਨਾ ਦਫਤਰਾਂ ਵਿਚ ਕਰੋੜਾਂ ਰੁਪਏ ਦੇ ਬਿੱਲ ਰੁਕੇ ਪਏ ਹਨ, ਉਥੇ ਹੀ ਪਾਵਰਕਾਮ ਵਿਭਾਗ ਨੇ ਪੰਜਾਬ ਦੇ ਸਰਕਾਰੀ ਦਫਤਰਾਂ ਦੇ ਲੱਖਾਂ-ਕਰੋੜਾਂ ਦੇ ਬਕਾਇਆ ਬਿੱਲਾਂ ਦੀ ਰਿਕਵਰੀ ਕਰਨ ਲਈ ਬਿਜਲੀ ਸਪਲਾਈ ਦੇ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਹਨ। 55 ਲੱਖ ਦੇ ਬਕਾਇਆ ਬਿੱਲ ਦਾ ਭੁਗਤਾਨ ਨਾ ਹੋਣ ਕਾਰਨ ਸਿੰਚਾਈ ਵਿਭਾਗ ਦੇ ਈਸਟਰਨ ਕੈਨਾਲ ਦਫਤਰ ਦਾ ਬਿਜਲੀ ਕੁਨੈਕਸ਼ਨ ਕੱਟਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਕਾਫੀ ਸਮੇਂ ਤੋਂ ਬਕਾਇਆ ਚੱਲੇ ਆ ਰਹੇ 55 ਲੱਖ ਰੁਪਏ ਦੇ ਬਿਜਲੀ ਬਿੱਲਾਂ ਦਾ ਭੁਗਤਾਨ ਨਾ ਕਰਨ ਕਰ ਕੇ ਬਿਜਲੀ ਦੇ ਪਾਵਰਕਾਮ ਵਿਭਾਗ ਵੱਲੋਂ ਸਿੰਚਾਈ ਵਿਭਾਗ ਫਿਰੋਜ਼ਪੁਰ ਦੀ ਈਸਟਰਨ ਕੈਨਾਲ ਡਵੀਜ਼ਨ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ, ਜਿਸ ਕਾਰਨ ਵਿਭਾਗ ਦਾ ਸਾਰਾ ਦਫਤਰੀ ਕੰਮਕਾਜ ਤਾਂ ਹਨੇਰੇ ਵਿਚ ਡੁੱਬ ਹੀ ਗਿਆ ਹੈ, ਦੂਸਰੇ ਪਾਸੇ ਇਸ ਵਿਭਾਗ ਅਧੀਨ ਆਉਂਦੇ ਹੈੱਡ ਵਰਕਸ ਵੀ ਪ੍ਰਭਾਵਿਤ ਹੋ ਰਹੇ ਹਨ। ਬਿਜਲੀ ਬੰਦ ਹੋਣ ਨਾਲ ਹੈੱਡ ਵਰਕਸ 'ਤੇ ਪਿਛਲੇ ਸਮੇਂ ਤੋਂ ਸਤਲੁਜ ਦਰਿਆ ਵਿਚ ਆ ਰਹੇ ਪਾਣੀ ਨੂੰ ਪਾਕਿਸਤਾਨ ਵੱਲੋਂ ਛੱਡਣ ਲਈ ਇਨ੍ਹਾਂ ਇਲੈਕਟ੍ਰਾਨਿਕ ਗੇਟਾਂ ਨੂੰ ਬਿਜਲੀ ਸਪਲਾਈ ਬੰਦ ਹੋਣ ਕਾਰਨ ਖੋਲ੍ਹਿਆ ਨਹੀਂ ਜਾ ਸਕਦਾ। ਮਾਹਿਰਾਂ ਅਨੁਸਾਰ ਪਾਣੀ ਨੂੰ ਅੱਗੇ ਭੇਜਣ ਅਤੇ ਖੇਤੀ ਲਈ ਪਾਣੀ ਨਹਿਰਾਂ ਵਿਚ ਡਾਈਵਰਟ ਕਰਨ ਵਾਸਤੇ ਵਿਭਾਗ ਦੇ ਕਰਮਚਾਰੀ ਸਮੇਂ-ਸਮੇਂ 'ਤੇ ਸਤਲੁਜ ਦਰਿਆ ਦੇ ਹੈੱਡ ਵਰਕਸ 'ਤੇ ਇਨ੍ਹਾਂ ਇਲੈਕਟ੍ਰਾਨਿਕ ਗੇਟਾਂ ਨੂੰ ਖੋਲ੍ਹਦੇ ਅਤੇ ਬੰਦ ਕਰਦੇ ਹਨ। ਬਿਜਲੀ ਸਪਲਾਈ ਬੰਦ ਹੋਣ ਨਾਲ ਹੁਣ ਇਹ ਗੇਟ ਬੰਦ ਰਹਿਣਗੇ, ਜਿਸ ਨਾਲ ਕਿਸੇ ਵੀ ਸਮੇਂ ਕੋਈ ਵੱਡੀ ਮੁਸ਼ਕਲ ਪੇਸ਼ ਆ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਰਿਆਈ ਤੇ ਨਹਿਰੀ ਪਾਣੀ ਨੂੰ ਲੈ ਕੇ ਇਹ ਗੇਟ ਬੰਦ ਹੋਣ ਨਾਲ ਕੋਈ ਵੀ ਹਾਲਾਤ ਪੈਦਾ ਹੋ ਸਕਦੇ ਹਨ। ਬਿਜਲੀ ਬੰਦ ਹੋਣ ਕਾਰਨ ਕੰਟਰੋਲ ਰੂਮ ਦਾ ਕੰਮ ਵੀ ਦੇਸੀ ਜੁਗਾੜੂ ਦੀਵਿਆਂ ਨਾਲ ਚਲਾਇਆ ਜਾ ਰਿਹਾ ਹੈ।
ਹੈੱਡ ਵਰਕਸ 'ਤੇ ਕਰਮਚਾਰੀ ਪਾਣੀ ਦਾ ਪੱਧਰ ਚੈੱਕ ਕਰਨ ਲਈ ਟਾਰਚ ਨਾਲ ਗੇਜ ਚੈੱਕ ਕਰ ਰਹੇ ਹਨ : ਸਤਲੁਜ ਦਰਿਆ ਵਿਚ ਹੈੱਡ ਵਰਕਸ ਦੁਆਰਾ ਪਾਣੀ ਦਾ ਪੱਧਰ ਚੈੱਕ ਕੀਤਾ ਜਾਂਦਾ ਹੈ ਅਤੇ ਬਿਜਲੀ ਸਪਲਾਈ ਕੱਟਣ ਨਾਲ ਈਸਟਰਨ ਡਵੀਜ਼ਨ ਦੇ ਕਰਮਚਾਰੀ ਟਾਰਚ ਲੈ ਕੇ ਗੇਜ ਚੈੱਕ ਕਰਦੇ ਹਨ। ਹਨੇਰੇ ਵਿਚ ਕੋਈ ਵੀ ਵਿਅਕਤੀ ਦਰਿਆ ਵਿਚ ਡਿੱਗ ਸਕਦਾ ਹੈ। ਬਿਜਲੀ ਕੁਨੈਕਸ਼ਨ ਕੱਟਣ ਨਾਲ ਇਸ ਵਿਭਾਗ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਪ੍ਰਭਾਵਿਤ ਹੋ ਰਹੀਆਂ ਹਨ।
ਕੀ ਕਹਿੰਦੇ ਹਨ ਵਿਭਾਗ ਦੇ ਐੱਸ. ਈ. : ਸੰਪਰਕ ਕਰਨ 'ਤੇ ਫਿਰੋਜ਼ਪੁਰ ਸਰਕਲ ਦੇ ਸਿੰਚਾਈ ਵਿਭਾਗ ਦੇ ਸੁਪਰਡੈਂਟ ਇੰਜੀਨੀਅਰ (ਐੱਸ. ਈ.) ਐੱਚ. ਐੱਸ. ਚਾਹਲਾ ਨੇ ਦੱਸਿਆ ਕਿ ਉਹ 4-5 ਮਹੀਨੇ ਪਹਿਲਾਂ ਹੀ ਫਿਰੋਜ਼ਪੁਰ ਵਿਚ ਆਏ ਹਨ। ਉਨ੍ਹਾਂ ਨੇ ਇਸ ਡਵੀਜ਼ਨ ਦਾ ਬਕਾਇਆ ਬਿਜਲੀ ਬਿੱਲ ਪ੍ਰਪੋਜ਼ਲ ਹੈੱਡ ਆਫਿਸ ਤੇ ਸਰਕਾਰ ਨੂੰ ਬਣਾ ਕੇ ਭੇਜਿਆ ਹੋਇਆ ਹੈ ਅਤੇ ਪੈਸੇ ਆਉਣ 'ਤੇ ਜਲਦ ਹੀ ਬਿਜਲੀ ਦਾ ਬਿੱਲ ਭਰ ਕੇ ਕੁਨੈਕਸ਼ਨ ਚਾਲੂ ਕਰਵਾ ਦਿੱਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਅਗਲੇ ਕੁਝ ਹੀ ਦਿਨਾਂ ਵਿਚ ਪਾਵਰਕਾਮ ਵਿਭਾਗ ਫਿਰੋਜ਼ਪੁਰ ਵੱਲੋਂ ਆਪਣੇ ਲੱਖਾਂ-ਕਰੋੜਾਂ ਰੁਪਏ ਦੇ ਬਿੱਲਾਂ ਦੀ ਰਿਕਵਰੀ ਲਈ ਹੋਰ ਵੀ ਸਰਕਾਰੀ ਵਿਭਾਗਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਸਕਦੇ ਹਨ।
ਆਈ.ਈ.ਟੀ. ਕਾਲਜ ਇੰਪ. ਯੂਨੀਅਨ ਵੱਲੋਂ ਪ੍ਰਦਰਸ਼ਨ
NEXT STORY