ਜਲੰਧਰ : ਪੂਰੇ ਦੇਸ਼ ਸਮੇਤ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਪਈਆਂ ਵੋਟਾਂ ਦੇ ਨਤੀਜੇ 23 ਮਈ, ਵੀਰਵਾਰ ਨੂੰ ਆ ਜਾਣਗੇ। ਕਾਊਂਟਿੰਗ ਸੈਂਟਰਾਂ 'ਤੇ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਪੰਜਾਬ ਦੀਆਂ 13 ਸੀਟਾਂ ਤੋਂ ਖੜ੍ਹੇ 278 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਨਤੀਜਿਆਂ ਤੋਂ ਪਹਿਲਾਂ ਉਮੀਦਵਾਰਾਂ ਦੀਆਂ ਧੜਕਣਾਂ ਵਧ ਗਈਆਂ ਹਨ ਅਤੇ ਸਭ ਨੂੰ ਬੇਸਬਰੀ ਨਾਲ ਨਤੀਜਿਆਂ ਦੀ ਉਡੀਕ ਹੈ।
ਤਿੰਨ ਪਾਰਟੀਆਂ ਵਿਚਕਾਰ ਮੁੱਖ ਮੁਕਾਬਲਾ
ਪੰਜਾਬ 'ਚ ਮੁੱਖ ਮੁਕਾਬਲਾ ਅਕਾਲੀ-ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਅਕਾਲੀ-ਭਾਜਪਾ ਸੂਬੇ 'ਚ 6 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਉੱਭਰੀ ਸੀ। ਅਕਾਲੀ ਦਲ ਨੇ 4 ਅਤੇ ਭਾਜਪਾ ਨੇ 2 ਸੀਟਾਂ ਜਿੱਤੀਆਂ ਸਨ। ਆਮ ਆਦਮੀ ਪਾਰਟੀ ਨੇ ਸੂਬੇ 'ਚ 4 ਸੀਟਾਂ 'ਤੇ ਜਿੱਤ ਹਾਸਲ ਕਰਦੇ ਹੋਏ ਤੀਜੇ ਬਦਲ ਦੇ ਰੂਪ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਦੂਜੇ ਪਾਸੇ ਕਾਂਗਰਸ ਨੂੰ ਸਿਰਫ 3 ਸੀਟਾਂ ਹੀ ਮਿਲ ਸਕੀਆਂ ਸਨ। ਇਸ ਵਾਰ ਕਾਂਗਰਸ ਨੂੰ ਸਭ ਤੋਂ ਜ਼ਿਆਦਾ ਸੀਟਾਂ ਮਿਲਣ ਦੇ ਕਿਆਸ ਲਾਏ ਜਾ ਰਹੇ ਹਨ, ਹਾਲਾਂਕਿ ਜਿੱਤ ਦਾ ਫੈਸਲਾ ਚੋਣ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹੀ ਹੋ ਸਕੇਗਾ।
13 ਸੀਟਾਂ 'ਤੇ 278 ਉਮੀਦਵਾਰ ਮੈਦਾਨ 'ਚ
ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 278 ਉਮੀਦਵਾਰ ਚੋਣ ਮੈਦਾਨ 'ਚ ਉਤਰੇ ਹਨ। ਇਨ੍ਹਾਂ ਸੀਟਾਂ 'ਚੋਂ ਅੰਮ੍ਰਿਤਸਰ 'ਚ 30 ਉਮੀਦਵਾਰ, ਹੁਸ਼ਿਆਰਪੁਰ 'ਚ 8, ਗੁਰਦਾਸਪੁਰ 'ਚ 15 ਉਮੀਦਵਾਰ ਮੈਦਾਨ 'ਚ ਹਨ। ਕੁੱਲ 278 ਉਮੀਦਵਾਰਾਂ 'ਚੋਂ ਕਈ ਵੱਡੇ ਨਾਮ ਜਿਵੇਂ ਕਿ ਸੰਨੀ ਦਿਓਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਪਰਨੀਤ ਕੌਰ, ਭਗਵੰਤ ਮਾਨ ਅਤੇ ਮਨੀਸ਼ ਤਿਵਾੜੀ ਸ਼ਾਮਲ ਹਨ, ਜਿਨ੍ਹਾਂ ਨੇ ਜਿੱਤ ਪ੍ਰਾਪਤ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ ਹੈ।
ਕੁੱਲ 21 ਸਥਾਨਾਂ 'ਤੇ ਹੋਵੇਗੀ ਗਿਣਤੀ
ਪੰਜਾਬ ਦੇ 13 ਲੋਕ ਸਭਾ ਹਲਕਿਆਂ ਲਈ ਵੋਟਾਂ ਦੀ ਗਿਣਤੀ ਮਿਤੀ 23 ਮਈ ਦਿਨ ਵੀਰਵਾਰ ਨੂੰ 21 ਸਥਾਨਾਂ 'ਤੇ ਕੀਤੀ ਜਾ ਰਹੀ ਹੈ, ਜਿਸ ਲਈ ਮੁੱਖ ਚੋਣ ਅਫਸਰ ਪੰਜਾਬ ਦੇ ਦਫ਼ਤਰ ਵੱਲੋਂ ਪੂਰੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਗਿਣਤੀ ਕੇਂਦਰਾਂ ਦੇ ਆਲੇ ਦੁਆਲੇ ਤਿੰਨ ਪਰਤੀ (ਥ੍ਰੀ ਟਾਇਰ ਸਕਿਊਰਟੀ) ਸੁਰੱਖਿਆ ਦਾ ਪ੍ਰਬੰਧ ਕੀਤੇ ਗਏ ਹਨ। ਗਿਣਤੀ ਕੇਂਦਰਾਂ ਵਿੱਚ ਕਿਸੇ ਵੀ ਆਮ ਵਿਅਕਤੀ ਦੀ ਐਂਟਰੀ ਨਹੀਂ ਹੋ ਸਕਦੀ। ਉਥੇ ਸਿਰਫ਼ ਗਿਣਤੀ ਕਰਨ ਵਾਲਾ ਸਟਾਫ਼, ਸੁਰੱਖਿਆ ਕਰਮੀ, ਚੋਣ ਅਫ਼ਸਰ, ਆਬਜ਼ਰਵਰ, ਮੀਡੀਆ ਕਰਮੀ, ਉਮੀਦਵਾਰ, ਪੋਲਿੰਗ ਏਜੰਟ ਹੀ ਜਾ ਸਕਦੇ ਹਨ, ਜਿਨ੍ਹਾਂ ਲਈ ਵੀ ਆਪਣਾ ਐਂਟਰੀ ਪਾਸ ਦਿਖਾਉਣਾ ਬਹੁਤ ਜ਼ਰੂਰੀ ਹੋਵੇਗਾ।
ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ
1. ਅੰਮ੍ਰਿਤਸਰ : ਗੁਰਜੀਤ ਔਜਲਾ (ਕਾਂਗਰਸ), ਹਰਦੀਪ ਸਿੰਘ ਪੁਰੀ (ਅਕਾਲੀ-ਭਾਜਪਾ), ਕੁਲਦੀਪ ਸਿੰਘ ਧਾਲੀਵਾਲ (ਆਮ ਆਦਮੀ ਪਾਰਟੀ), ਦਸਵਿੰਦਰ ਕੌਰ (ਪੀਡੀਏ)
2. ਆਨੰਦਪੁਰ ਸਾਹਿਬ : ਮਨੀਸ਼ ਤਿਵਾੜੀ (ਕਾਂਗਰਸ), ਪ੍ਰੇਮ ਸਿੰਘ ਚੰਦੂਮਾਜਰਾ (ਅਕਾਲੀ-ਭਾਜਪਾ), ਨਰਿੰਦਰ ਸਿੰਘ ਸ਼ੇਰਗਿੱਲ (ਆਪ), ਬਿਕਰਮ ਸਿੰਘ ਸੋਢੀ (ਪੀਡੀਏ)
3. ਬਠਿੰਡਾ : ਅਮਰਿੰਦਰ ਸਿੰਘ ਰਾਜਾ ਵੜਿੰਗ (ਕਾਂਗਰਸ), ਹਰਸਿਮਰਤ ਕੌਰ ਬਾਦਲ (ਅਕਾਲੀ-ਭਾਜਪਾ), ਪ੍ਰੋ. ਬਲਜਿੰਦਰ ਕੌਰ (ਆਪ), ਸੁਖਪਾਲ ਖਹਿਰਾ (ਪੀਡੀਏ)
4. ਫਰੀਦਕੋਟ : ਮੁਹੰਮਦ ਸਦੀਕ (ਕਾਂਗਰਸ), ਗੁਲਜਾਰ ਸਿੰਘ ਰਣੀਕੇ (ਅਕਾਲੀ-ਭਾਜਪਾ), ਪ੍ਰੋ. ਸਾਧੂ ਸਿੰਘ (ਆਪ), ਮਾਸਟਰ ਬਲਦੇਵ ਸਿੰਘ (ਪੀਡੀਏ)
5. ਫਤਿਹਗੜ੍ਹ ਸਾਹਿਬ : ਡਾ. ਅਮਰ ਸਿੰਘ (ਕਾਂਗਰਸ), ਦਰਬਾਰਾ ਸਿੰਘ ਗੁਰੂ (ਅਕਾਲੀ-ਭਾਜਪਾ), ਬੰਦੀਪ ਦੂਲੋ (ਆਪ), ਮਨਵਿੰਦਰ ਸਿੰਘ ਗਿਆਸਪੁਰਾ (ਪੀਡੀਏ)
6. ਫਿਰੋਜ਼ਪੁਰ : ਸ਼ੇਰ ਸਿੰਘ ਘੁਬਾਇਆ (ਕਾਂਗਰਸ), ਸੁਖਬੀਰ ਸਿੰਘ ਬਾਦਲ (ਅਕਾਲੀ-ਭਾਜਪਾ), ਹਰਜਿੰਦਰ ਸਿੰਘ ਕਾਕਾ ਸਰਾਂ (ਆਪ), ਹੰਸ ਰਾਜ ਗੋਲਡਨ (ਪੀਡੀਏ)
7. ਗੁਰਦਾਸਪੁਰ : ਸੁਨੀਲ ਜਾਖੜ (ਕਾਂਗਰਸ), ਸੰਨੀ ਦਿਓਲ (ਅਕਾਲੀ-ਭਾਜਪਾ), ਪੀਟਰ ਚੀਦਾ ਮਸੀਹ (ਆਪ), ਲਾਲ ਚੰਦ ਕਟਰੂਚੱਕ (ਪੀਡੀਏ)
8. ਹੁਸ਼ਿਆਰਪੁਰ : ਰਾਜ ਕੁਮਾਰ ਚੱਬੇਵਾਲ (ਕਾਂਗਰਸ), ਸੋਮ ਪ੍ਰਕਾਸ਼ (ਅਕਾਲੀ-ਭਾਜਪਾ), ਡਾ. ਰਵਜੋਤ ਸਿੰਘ (ਆਪ), ਚੌਧਰੀ ਖੁਸ਼ੀ ਰਾਮ (ਪੀਡੀਏ)
9. ਜਲੰਧਰ : ਸੰਤੋਖ ਸਿੰਘ ਚੌਧਰੀ (ਕਾਂਗਰਸ), ਚਰਨਜੀਤ ਸਿੰਘ ਅਟਵਾਲ (ਅਕਾਲੀ-ਭਾਜਪਾ), ਜਸਟਿਸ ਜ਼ੋਰਾ ਸਿੰਘ (ਆਪ), ਬਲਵਿੰਦਰ ਕੁਮਾਰ (ਪੀਡੀਏ)
10. ਖਡੂਰ ਸਾਹਿਬ : ਜਸਬੀਰ ਸਿੰਘ ਗਿੱਲ ਡਿੰਪਾ (ਕਾਂਗਰਸ), ਬੀਬੀ ਜਗੀਰ ਕੌਰ (ਅਕਾਲੀ-ਭਾਜਪਾ), ਮਨਜਿੰਦਰ ਸਿੰਘ ਸਾਧੂ (ਆਪ), ਪਰਮਜੀਤ ਕੌਰ ਖਾਲੜਾ (ਪੀਡੀਏ)
11. ਲੁਧਿਆਣਾ : ਰਵਨੀਤ ਬਿੱਟੂ (ਕਾਂਗਰਸ), ਮਹੇਸ਼ ਇੰਦਰ ਸਿੰਘ ਗਰੇਵਾਲ (ਅਕਾਲੀ-ਭਾਜਪਾ), ਤੇਜਪਾਲ ਸਿੰਘ ਗਿੱਲ (ਆਪ), ਸਿਮਰਜੀਤ ਸਿੰਘ ਬੈਂਸ (ਪੀਡੀਏ)
12. ਪਟਿਆਲਾ : ਪਰਨੀਤ ਕੌਰ (ਕਾਂਗਰਸ), ਸੁਰਜੀਤ ਸਿੰਘ ਰੱਖੜਾ (ਅਕਾਲੀ-ਭਾਜਪਾ), ਨੀਨਾ ਮਿੱਤਲ (ਆਪ), ਧਰਮਵੀਰ ਗਾਂਧੀ (ਨਵਾਂ ਪੰਜਾਬ ਪਾਰਟੀ)
13. ਸੰਗਰੂਰ : ਕੇਵਲ ਸਿੰਘ ਢਿੱਲੋਂ (ਕਾਂਗਰਸ), ਪਰਮਿੰਦਰ ਸਿੰਘ ਢੀਂਡਸਾ (ਅਕਾਲੀ-ਭਾਜਪਾ), ਭਗਵੰਤ ਮਾਨ (ਆਪ), ਜੱਸੀ ਜਸਰਾਜ (ਪੀਡੀਏ)
1 ਲੱਖ ਤੋਂ ਵੱਧ ESI ਕਾਰਡਧਾਰਕ ਹੁਣ ਨਹੀਂ ਲੈ ਸਕਣਗੇ ਪ੍ਰਾਈਵੇਟ ਹਸਪਤਾਲਾਂ ’ਚ ਸਿਹਤ ਸਹੂਲਤਾਂ
NEXT STORY