ਸਮਰਾਲਾ (ਬੰਗੜ, ਗਰਗ) : ਪੰਜਾਬ ’ਚ ਗਰਮੀ ਦਰਮਿਆਨ ਥੋੜ੍ਹੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ ਅਤੇ ਕਈ ਥਾਵਾਂ 'ਤੇ ਮੀਂਹ ਅਤੇ ਗੜ੍ਹੇਮਾਰੀ ਕਾਰਨ ਮੌਸਮ ਠੰਡਾ ਹੋ ਗਿਆ ਹੈ ਪਰ ਆਉਣ ਵਾਲੇ 4 ਦਿਨਾਂ ਦੌਰਾਨ ਫਿਰ ਆਸਮਾਨ ਤੋਂ ਆਫ਼ਤ ਵਰ੍ਹੇਗੀ ਅਤੇ ਭਿਆਨਕ ਗਰਮੀ ਪਵੇਗੀ। ਇਸ ਸਾਲ ਅਪ੍ਰੈਲ ਮਹੀਨੇ ’ਚ ਹੀ ਪਾਰਾ 40 ਡਿਗਰੀ ਨੂੰ ਵੀ ਪਾਰ ਕਰ ਜਾਣ ਨਾਲ ਗਰਮੀ ’ਚ 'ਲੂ' ਨੇ ਲੋਕਾਂ ਦੇ ਪਸੀਨੇ ਛੁਡਾਏ ਹੋਏ ਹਨ। ਜਿਹੜੀ ਗਰਮੀ ਮਈ-ਜੂਨ ’ਚ ਜਾ ਕੇ ਹੁੰਦੀ ਹੈ, ਉਹ ਹੁਣੇ ਆਪਣੇ ਜਲਵੇ ਵਿਖਾਉਣ ਲੱਗ ਪਈ ਹੈ।
ਹਸਪਤਾਲਾਂ ਨੂੰ ਹਾਈ ਅਲਰਟ 'ਤੇ ਰਹਿਣ ਦੇ ਹੁਕਮ
ਆਈ. ਐੱਮ. ਡੀ. ਵੱਲੋਂ ਲੁਧਿਆਣਾ ਜ਼ਿਲ੍ਹੇ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਤੇ ਸਿਹਤ ਕੇਂਦਰਾਂ ਨੂੰ ਹਾਈ ਅਲਰਟ ’ਤੇ ਰਹਿਣ ਦੇ ਹੁਕਮ ਜਾਰੀ ਕੀਤੇ ਹਨ। ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਨੇ ਦੱਸਿਆ ਕਿ 'ਲੂ' ਨਾਲ ਨਜਿੱਠਣ ਲਈ ਸਾਰੇ ਹਸਪਤਾਲਾਂ ਤੇ ਮੁੱਢਲੇ ਸਿਹਤ ਕੇਂਦਰਾਂ ’ਚ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਐਮਰਜੈਂਸੀ ਵਿਭਾਗਾਂ ਨੂੰ ਹਰ ਵੇਲੇ ਚੌਕੰਨੇ ਰਹਿਣ ਤੇ ਹੀਟ ਸਟਰੋਕ ਮਰੀਜ਼ਾਂ ਦਾ ਇਲਾਜ ਪਹਿਲ ਦੇ ਆਧਾਰ ’ਤੇ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਗਰਮੀ ਹੋਰ ਵੱਧ ਜਾਣ ਕਾਰਨ 'ਲੂ' ਤੋਂ ਬਚਣ ਲਈ ਬਹੁਤ ਅਹਿਤਿਆਤ ਵਰਤਣ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਸਿਹਤ ਮਹਿਕਮੇ ਵੱਲੋਂ ਜਾਰੀ ਐਡਵਾਈਜ਼ਰੀ ’ਤੇ ਅਮਲ ਦੀ ਅਪੀਲ ਕਰਦਿਆਂ ਕਿਹਾ ਨਾਗਰਿਕਾਂ ਨੂੰ ਤੁਰੰਤ ਸਾਵਧਾਨੀਆਂ ਵਰਤਣ ਦੀ ਲੋੜ ਹੈ। ਜਿਵੇਂ ਕਿ ਨਿਯਮਿਤ ਤੌਰ ’ਤੇ ਭਰਪੂਰ ਪਾਣੀ ਪੀਣਾ, ਭਾਵੇਂ ਪਿਆਸ ਨਾ ਹੋਵੇ, ਅਤੇ ਪੀਕ ਘੰਟਿਆਂ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ) ਦੌਰਾਨ ਘਰ ਦੇ ਅੰਦਰ ਰਹਿਣਾ। ਉਨ੍ਹਾਂ ਕਿਹਾ ਕਿ ਲੋਕਾਂ ਲਈ ਜ਼ਰਾ ਜਿੰਨੀ ਵੀ ਲਾਪਰਵਾਹੀ ਉਨ੍ਹਾਂ ਨੂੰ ਭਾਰੀ ਪੈ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਤੋਂ ਫਿਰ ਪੈ ਗਈਆਂ ਸਰਕਾਰੀ ਛੁੱਟੀਆਂ! ਆ ਗਿਆ ਲੰਬਾ WEEKEND
ਸਮਾਜ ਸੇਵੀ ਸੰਸਥਾਵਾਂ ਨੂੰ ਲੋਕਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ
ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਜ਼ਿਲ੍ਹੇ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਭਾਰੀ ਗਰਮੀ ਪੈਣ ਦੀ ਸੰਭਾਵਨਾ ਹੈ। ਇਸ ਲਈ ਆਮ ਲੋਕਾਂ ਨੂੰ ਗਰਮੀ ਤੇ 'ਲੂ' ਤੋਂ ਬਚਾਉਣ ਲਈ ਉਹ ਆਪਣੇ ਪੱਧਰ ’ਤੇ ਜਨਤਕ ਥਾਵਾਂ ਜਿਵੇਂ ਬੱਸ ਅੱਡੇ, ਰੇਲਵੇ ਸਟੇਸ਼ਨ ਤੇ ਹੋਰ ਅਜਿਹੀਆਂ ਥਾਵਾਂ ਜਿੱਥੇ ਲੋਕਾਂ ਦੀ ਅਕਸਰ ਭੀੜ ਹੁੰਦੀ ਹੈ, ਅਜਿਹੇ ਸਥਾਨਾਂ ਤੇ ਠੰਡੇ ਪੀਣ ਵਾਲੇ ਪਾਣੀ ਅਤੇ ਛਾਂ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਜ਼ਰੂਰ ਨਿਭਾਉਣ।
ਗਰਮੀ ਦੀ ਲਹਿਰ ਨੂੰ ਕਿਹਾ ਜਾਂਦਾ 'ਲੂ'
ਗਰਮੀ ’ਚ 'ਲੂ' ਇਕ ਅਜਿਹਾ ਵਰਤਾਰਾ ਹੈ, ਜਦੋਂ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਜਾਂਦਾ ਹੈ ਤੇ ਆਮ ਨਾਲੋਂ 4.5 ਸੈਲਸੀਅਸ ਤੋਂ ਵੱਧ ਹੁੰਦਾ ਹੈ। 45 ਡਿਗਰੀ ਸੈਲਸੀਅਸ ਤੋਂ ਉੱਪਰ ਨੂੰ ਦਰਮਿਆਨੀ ਗਰਮੀ ਦੀ ਲਹਿਰ ਮੰਨਿਆ ਜਾਂਦਾ ਹੈ ਅਤੇ 47 ਡਿਗਰੀ ਸੈਲਸੀਅਸ ਤੋਂ ਉੱਪਰ ਨੂੰ ਗੰਭੀਰ ਗਰਮੀ ਦੀ ਲਹਿਰ ਮੰਨਿਆ ਜਾਂਦਾ ਹੈ, ਜਿਸ ਨੂੰ 'ਲੂ' ਕਿਹਾ ਜਾਂਦਾ ਹੈ।
'ਲੂ' ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ
ਦਿਨ ਦੇ ਠੰਡੇ ਸਮੇਂ ਦੌਰਾਨ ਬਾਹਰੀ ਕੰਮ ਕਰੋ ਜਿਵੇਂ ਕਿ ਸਵੇਰੇ ਤੇ ਸ਼ਾਮ
ਹਰ ਅੱਧੇ ਘੰਟੇ ਬਾਅਦ ਪਾਣੀ ਪੀਓ, ਭਾਵੇਂ ਪਿਆਸ ਨਾ ਵੀ ਹੋਵੇ
ਸਿੱਧੀ ਧੁੱਪ ਤੋਂ ਆਪਣੇ ਸਿਰ ਨੂੰ ਢੱਕਣ ਲਈ ਛਤਰੀ, ਟੋਪੀ, ਤੋਲੀਆ, ਪੱਗ ਜਾਂ ਦੁਪੱਟਾ ਵਰਤੋਂ
ਧੁੱਪ ’ਚ ਕੰਮ ਕਰਨ ਵਾਲੇ ਲੋਕਾਂ ਨੂੰ ਸਰੀਰ ਦੇ ਤਾਪਮਾਨ ਨੂੰ ਬਣਾਈ ਰੱਖਣ ਲਈ ਛਾਂ ’ਚ ਆਰਾਮ ਕਰਨਾ ਚਾਹੀਦਾ ਹੈ ਜਾਂ ਆਪਣੇ ਸਿਰ ’ਤੇ ਗਿੱਲਾ ਕੱਪੜਾ ਰੱਖਣਾ ਚਾਹੀਦਾ ਹੈ।
ਧੁੱਪ ’ਚ ਬਾਹਰ ਜਾਂਦੇ ਸਮੇਂ ਹਮੇਸ਼ਾ ਪਾਣੀ ਆਪਣੇ ਨਾਲ ਰੱਖੋ
ਮੌਸਮੀ ਫਲ ਤੇ ਸਬਜ਼ੀਆਂ ਜਿਵੇਂ ਕਿ ਤਰਬੂਜ, ਸੰਤਰੇ, ਅੰਗੂਰ ਖੀਰੇ ਤੇ ਟਮਾਟਰ ਖਾਓ ਕਿਉਂਕਿ ਇਨ੍ਹਾਂ ’ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ
ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਵਰਗੇ ਘਰੇਲੂ ਪਦਾਰਥਾਂ ਦੀ ਵਰਤੋਂ ਕਰੋ ਤੇ ਉਨ੍ਹਾਂ ਦਾ ਸੇਵਨ ਵਧਾਓ
ਚਮੜੀ ਦੀ ਸੁਰੱਖਿਆ ਲਈ ਸੰਨ ਸਕਰੀਨ ਤੇ ਅੱਖਾਂ ਲਈ ਕਾਲੀ ਐਨਕ ਲਾਈ ਜਾਵੇ
ਪਿਆਜ ਦਾ ਸਲਾਦ ਤੇ ਕੱਚਾ ਅੰਬ ਨਮਕ ਤੇ ਜੀਰੇ ਨਾਲ ਖਾਣ ਵਰਗੇ ਰਵਾਇਤੀ ਉਪਚਾਰ ਗਰਮੀ ਦੇ ਪ੍ਰਕੋਪ ਨੂੰ ਘਟਾ ਸਕਦੇ ਹਨ
ਇਹ ਨਾ ਕਰੋ
ਨੰਗੇ ਪੈਰੀ ਬਾਹਰ ਨਾ ਜਾਓ। ਧੁੱਪ ’ਚ ਬਾਹਰ ਜਾਂਦੇ ਸਮੇਂ ਹਮੇਸ਼ਾ ਜੁੱਤੇ ਜਾਂ ਚੱਪਲ ਪਾਓ
ਗਰਮੀ ਦੇ ਸਿਖਰ ਦੇ ਸਮੇਂ ਦੌਰਾਨ ਖਾਣਾ ਬਣਾਉਣ ਤੋਂ ਬਚੋ। ਰਸੋਈ ਦੇ ਖੇਤਰ ਨੂੰ ਚੰਗੀ ਤਰ੍ਹਾਂ ਹਵਾਦਾਰ ਰੱਖਣ ਲਈ ਦਰਵਾਜ਼ੇ ਤੇ ਖਿੜਕੀਆਂ ਖੁੱਲ੍ਹੀਆਂ ਰੱਖੋ
ਸ਼ਰਾਬ, ਚਾਹ, ਕੌਫੀ, ਕਾਰਬੋਨੇਟਡ ਤੇ ਮਿੱਠੇ ਪੀਣ ਵਾਲੇ ਪਦਾਰਥਾਂ ਤੋਂ ਬਚੋ, ਕਿਉਂਕਿ ਇਹ ਸਰੀਰ ਦੇ ਤਰਲ ਪਦਾਰਥਾਂ ਨੂੰ ਖ਼ਤਮ ਕਰ ਦਿੰਦੇ ਹਨ
ਤਲੇ ਹੋਏ ਭੋਜਨ ਤੋਂ ਬਚੋ ਅਤੇ ਬਾਸੀ ਭੋਜਨ ਨਾ ਖਾਓ
ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਤਾਲਾਬੰਦ ਵਾਹਨ ’ਚ ਨਾ ਛੱਡੋ
ਇਹ ਵੀ ਪੜ੍ਹੋ : ਪੰਜਾਬ ਦਾ ਕਿਸਾਨ ਰਾਸ਼ਨ ਲੈਣ ਗਿਆ ਹੋਇਆ ਮਾਲੋ-ਮਾਲ! ਖ਼ਬਰ ਪੜ੍ਹ ਤੁਹਾਨੂੰ ਵੀ ਨਹੀਂ ਹੋਵੇਗਾ ਯਕੀਨ
'ਲੂ' ਲੱਗਣ ਦੇ ਲੱਛਣ
ਬੇਚੈਨੀ ਅਤੇ ਬੋਲਣ ’ਚ ਮੁਸ਼ਕਲ ਚਿੜਚੜਾਪਨ, ਅਟੈਕਸੀਆ, ਸਲਰਡ ਸਪੀਚ, ਦੌਰੇ ਪੈਣਾ ਆਦਿ ਦੇ ਨਾਲ ਮਾਨਸਿਕ ਸੰਤੁਲਨ ’ਚ ਬਦਲਾਅ
ਗਰਮ ਲਾਲ ਅਤੇ ਖੁਸ਼ਕ ਚਮੜੀ
ਜਦੋਂ ਸਰੀਰ ਦਾ ਤਾਪਮਾਨ 40 ਡਿਗਰੀ ਜਾਂ ਵੱਧ ਹੋ ਜਾਵੇ
ਗੰਭੀਰ ਸਿਰ ਦਰਦ ਦਾ ਹੋਣਾ
ਚਿੰਤਾ ਚੱਕਰ ਆਉਣੇ ਬੇਹੋਸ਼ੀ ਅਤੇ ਹਲਕਾ ਸਿਰ ਦਰਦ
ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਇਕ ਘੰਟੇ ਤੋਂ ਵੱਧ ਸਮੇਂ ਤੱਕ ਕੜਵਲ ਤੇ ਉਲਟੀ ਆਉਣਾ
ਦਿਲ ਦੀ ਧੜਕਣ ਵਧਣਾ ਅਤੇ ਸਾਹ ਚੜ੍ਹਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਗਲੇ 5 ਦਿਨਾਂ ਲਈ ਦੇਸ਼ ਭਰ 'ਚ ਮੀਂਹ-ਗੜੇਮਾਰੀ ਦਾ ਅਲਰਟ, ਮੌਸਮ ਵਿਭਾਗ ਨੇ ਕਰ'ਤੀ ਭਵਿੱਖਬਾਣੀ
NEXT STORY