ਜਲੰਧਰ, (ਗੁਲਸ਼ਨ)- ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਨਾਨ-ਇੰਟਰਲਾਕਿੰਗ ਦਾ ਕੰਮ ਚੱਲਣ ਕਾਰਨ 19 ਤੋਂ 31 ਜੁਲਾਈ ਤਕ ਲਏ ਗਏ ਬਲਾਕ ਕਾਰਨ ਦਰਜਨਾਂ ਟਰੇਨਾਂ ਦੇ ਰੱਦ ਤੇ ਸ਼ਾਰਟ ਟਰਮੀਨੇਟ ਹੋਣ ਕਾਰਨ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਜਿਸ ਕਾਰਨ ਰੇਲ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯਾਤਰੀ ਮਜਬੂਰਨ ਟਰੇਨਾਂ ਨੂੰ ਛੱਡ ਕੇ ਦੂਜੇ ਸਾਧਨਾਂ ਰਾਹੀਂ ਆਪਣੀਆਂ ਮੰਜ਼ਿਲਾਂ ਵੱਲ ਰਵਾਨਾ ਹੋ ਰਹੇ ਹਨ। ਜਿਨ੍ਹਾਂ ਟਰੇਨਾਂ ਵਿਚ ਕਨਫਰਮ ਸੀਟ ਲਈ ਅਕਸਰ ਯਾਤਰੀਆਂ ਨੂੰ ਜੱਦੋ-ਜਹਿਦ ਕਰਨੀ ਪੈਂਦੀ ਸੀ ਉਹ ਟਰੇਨਾਂ ਅੱਜਕਲ ਲਗਭਗ ਖਾਲੀ ਜਾ ਰਹੀਆਂ ਹਨ। ਜੇਕਰ ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ ਇਸ ਵਿਚ ਕਰੀਬ 366 ਤੇ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਵਿਚ ਕਰੀਬ 775 ਸੀਟਾਂ ਖਾਲੀ ਰਹੀਆਂ। ਯਾਤਰੀਆਂ ਦੀ ਕਮੀ ਕਾਰਨ ਰੇਲਵੇ ਨੂੰ ਭਾਰੀ ਆਰਥਕ ਨੁਕਸਾਨ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਸਟੇਸ਼ਨ ’ਤੇ ਕੰਮ ਚੱਲਣ ਕਾਰਨ ਸ਼ਤਾਬਦੀ ਐਕਸਪ੍ਰੈੱਸ ਨੂੰ ਮਾਨਾਂਵਾਲਾ ਸਟੇਸ਼ਨ ਅਤੇ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਨੂੰ ਬਿਆਸ ਸਟੇਸ਼ਨ ’ਤੇ ਟਰਮੀਨੇਟ ਕਰ ਕੇ ਉਥੋਂ ਹੀ ਵਾਪਸੀ ਲਈ ਚਲਾਇਆ ਜਾ ਰਿਹਾ ਹੈ। ਵੀਰਵਾਰ ਨੂੰ ਚਾਰਟ ਬਣਨ ਤੋਂ ਬਾਅਦ ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ ਵਿਚ ਬਿਆਸ ਤੋਂ ਕਰੰਟ ਵਿਚ ਚੇਅਰ ਕਾਰ ਦੀਆਂ 366 ਸੀਟਾਂ ਖਾਲੀ ਸਨ ਜਦ ਕਿ ਜਲੰਧਰ ਤੋਂ ਕੰਪਿਊਟਰ ਵੇਟਿੰਗ ਟਿਕਟ ਦਿਖਾ ਰਿਹਾ ਸੀ।
ਇਸ ਤਰ੍ਹਾਂ ਨਵੀਂ ਦਿੱਲੀ ਜਾਣ ਵਾਲੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਵਿਚ ਵੀ ਚਾਰਟ ਬਣਨ ਤੋਂ ਬਾਅਦ ਕਰੰਟ ਵਿਚ ਲੁਧਿਆਣਾ ਤੋਂ ਨਵੀਂ ਦਿੱਲੀ ਲਈ 775 ਸੀਟਾਂ ਖਾਲੀ ਪਈਆਂ ਸੀ। ਉਕਤ ਦੋਵੇਂ ਟਰੇਨਾਂ ਜਦੋਂ ਸਿਟੀ ਰੇਲਵੇ ਸਟੇਸ਼ਨ ਪਹੁੰਚੀਆਂ ਤਾਂ ਇਸ ਵਿਚ ਜ਼ਿਆਦਾਤਰ ਸੀਟਾਂ ਖਾਲੀ ਸਨ। ਪਰ ਇਨ੍ਹਾਂ ਟਰੇਨਾਂ ਵਿਚ ਯਾਤਰਾ ਕਰਨ ਵਾਲੇ ਯਾਤਰੀ ਕਾਫੀ ਘੱਟ ਸਨ। ਇਸ ਕਾਰਨ ਰਿਜ਼ਰਵੇਸ਼ਨ ਕਾਊਂਟਰ ਵੀ ਕਾਫੀ ਖਾਲੀ ਨਜ਼ਰ ਆ ਰਹੇ ਹਨ। ਇਸ ਬਾਰੇ ਫਿਰੋਜ਼ਪੁਰ ਮੰਡਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾਨ-ਇੰਟਰਲਾਕਿੰਗ ਦਾ ਕੰਮ ਚੱਲਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕੰਮ ਪੂਰਾ ਹੋਣ ਤੋਂ ਬਾਅਦ ਟਰੇਨਾਂ ਦਾ ਆਉਣਾ-ਜਾਣਾ ਪਹਿਲਾਂ ਨਾਲੋਂ ਬੇਹਤਰ ਹੋ ਜਾਵੇਗਾ।
ਉਥੇ ਹੀ ਦੂਜੇ ਪਾਸੇ ਸਿਟੀ ਰੇਲਵੇ ਸਟੇਸ਼ਨ ਤੋਂ ਵੀਰਵਾਰ ਜਨ ਸੇਵਾ ਅਤੇ ਜਨ ਨਾਇਕ ਐਕਸਪ੍ਰੈੱਸ ਰੱਦ ਹੋਣ ਕਾਰਨ ਦਰਭੰਗਾ ਅਤੇ ਸਹਰਸਾ ਲਈ ਕੋਈ ਵੀ ਟਰੇਨ ਰਵਾਨਾ ਨਹੀਂ ਹੋਈ ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਟਰੇਨਾਂ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲ ਰਹੀ ਹੈ ਜਿਸ ਕਾਰਨ ਉਹ ਮਜਬੂਰਨ ਟਰੇਨ ਦੇ ਇੰਤਜ਼ਾਰ ਵਿਚ ਸਟੇਸ਼ਨ ’ਤੇ ਬੈਠੇ ਹੋਏ ਹਨ। ਟਰੇਨਾਂ ਪ੍ਰਭਾਵਿਤ ਹੋਣ ਕਾਰਨ ਸਟੇਸ਼ਨ ’ਤੇ ਯਾਤਰੀਆਂ ਦੀ ਭੀੜ ਲੱਗੀ ਹੋਈ ਹੈ ਪਰ ਇਨ੍ਹਾਂ ਦੀ ਕੋਈ ਉਚਿਤ ਵਿਵਸਥਾ ਨਹੀਂ ਕੀਤੀ ਗਈ। ਪਲੇਟਫਾਰਮਾਂ ’ਤੇ ਬੈਂਚਾਂ ਦੀ ਕਮੀ ਹੋਣ ਕਾਰਟ ਸਟੇਸ਼ਨ ਦੇ ਅੰਦਰ-ਬਾਹਰ ਇਥੋਂ ਤਕ ਕਿ ਵੀ. ਆਈ. ਪੀ. ਗੇਟ ’ਤੇ ਵੀ ਪ੍ਰਵਾਸੀ ਯਾਤਰੀਆਂ ਨੇ ਡੇਰਾ ਲਗਾਇਆ ਹੋਇਆ ਹੈ।
ਫਸਲੀ ਕਰਜ਼ਿਆਂ ਲਈ ਨਬਾਰਡ ਜਾਰੀ ਕਰੇਗਾ 4000 ਕਰੋੜ ਰੁਪਏ ਦੀ ਲਿਮਟ : ਰੰਧਾਵਾ
NEXT STORY