ਚੰਡੀਗੜ੍ਹ (ਵਿਜੇ) - ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ ਰਾਮਨਾਥ ਕੋਵਿੰਦ ਚੰਡੀਗੜ੍ਹ ਆਉਣਗੇ। ਉਹ ਆਪਣੀ ਪਤਨੀ ਸਵਿਤਾ ਕੋਵਿੰਦ ਨਾਲ 27 ਫਰਵਰੀ ਸ਼ਾਮ ਨੂੰ ਚੰਡੀਗੜ੍ਹ ਪਹੁੰਚਣਗੇ। ਉਨ੍ਹਾਂ ਦੇ ਸਵਾਗਤ ਲਈ ਇਨ੍ਹੀਂ ਦਿਨੀਂ ਪੰਜਾਬ ਰਾਜ ਭਵਨ ਨੂੰ ਸਜਾਇਆ ਜਾ ਰਿਹਾ ਹੈ।
ਸੂਤਰਾਂ ਮੁਤਾਬਕ 28 ਫਰਵਰੀ ਨੂੰ ਸੈਕਟਰ-36 ਸਥਿਤ ਐੱਮ. ਸੀ. ਐੱਮ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਗੋਲਡਨ ਜੁਬਲੀ ਸਮਾਰੋਹ 'ਚ ਕੋਵਿੰਦ ਹਿੱਸਾ ਲੈਣ ਆ ਰਹੇ ਹਨ। ਉਨ੍ਹਾਂ ਦੇ ਚੰਡੀਗੜ੍ਹ 'ਚ ਠਹਿਰਨ ਲਈ ਪੰਜਾਬ ਰਾਜ ਭਵਨ ਨੂੰ ਚੁਣਿਆ ਗਿਆ ਹੈ। ਉਨ੍ਹਾਂ ਲਈ ਰਾਜ ਭਵਨ ਦਾ ਪ੍ਰੈਜ਼ੀਡੈਂਸ਼ੀਅਲ ਸੁਇਟ ਬੁੱਕ ਕੀਤਾ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਰਾਸ਼ਟਰਪਤੀ ਲਈ ਵਿਸ਼ੇਸ਼ ਡਿਨਰ ਤਿਆਰ ਕੀਤਾ ਜਾਏਗਾ। ਇਸ ਮੌਕੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ, ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਦੇ ਮੰਤਰੀ ਤੇ ਸੰਸਦ ਮੈਂਬਰ ਵੀ ਮੌਜੂਦ ਰਹਿਣਗੇ।
ਡਿਨਰ 'ਚ ਕੌਣ-ਕੌਣ ਉਨ੍ਹਾਂ ਦੇ ਨਾਲ ਹੋਵੇਗਾ, ਉਸਦੀ ਪੂਰੀ ਲਿਸਟ ਰਾਸ਼ਟਰਪਤੀ ਭਵਨ ਨੂੰ ਭੇਜ ਦਿੱਤੀ ਗਈ ਹੈ। ਮਹਿਮਾਨਾਂ ਨੂੰ ਰਾਜ ਭਵਨ ਵਲੋਂ ਸੱਦਾ-ਪੱਤਰ ਭੇਜਣ ਦਾ ਕੰਮ ਇਸ ਸਮੇਂ ਚੱਲ ਰਿਹਾ ਹੈ। ਰਾਸ਼ਟਰਪਤੀ ਸਮਾਰੋਹ 'ਚ ਭਾਗ ਲੈਣ ਤੋਂ ਤੁਰੰਤ ਬਾਅਦ ਹੀ ਦਿੱਲੀ ਰਵਾਨਾ ਹੋ ਜਾਣਗੇ।
ਇਸ ਤੋਂ ਪਹਿਲਾਂ ਵੀ ਆ ਚੁੱਕੇ ਹਨ ਚੰਡੀਗੜ੍ਹ
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕੋਵਿੰਦ ਚੰਡੀਗੜ੍ਹ ਆ ਰਹੇ ਹੋਣ, ਇਸ ਤੋਂ ਪਹਿਲਾਂ ਬਿਹਾਰ ਦੇ ਰਾਜਪਾਲ ਹੁੰਦਿਆਂ ਵੀ ਉਹ ਪੰਜਾਬ ਯੂਨੀਵਰਸਿਟੀ ਦੇ ਇਕ ਸਮਾਰੋਹ 'ਚ ਭਾਗ ਲੈਣ ਆਏ ਸਨ। ਇਹੋ ਨਹੀਂ ਪਿਛਲੇ ਸਾਲ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਉਹ ਪੰਜਾਬ ਤੇ ਹਰਿਆਣਾ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਮਿਲਣ ਪੰਚਕੂਲਾ ਆਏ ਸਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਜੂਨ 2016 ਨੂੰ ਪੰਜਾਬ ਰਾਜ ਭਵਨ 'ਚ ਰੁਕੇ ਸਨ, ਜਦੋਂ ਉਹ ਇੰਟਰਨੈਸ਼ਨਲ ਯੋਗ ਦਿਵਸ 'ਤੇ ਚੰਡੀਗੜ੍ਹ ਆਏ ਸਨ।
ਇਹ ਹੈ ਰਾਸ਼ਟਰਪਤੀ ਦਾ ਪਲਾਨ
27 ਫਰਵਰੀ ਦੀ ਸ਼ਾਮ ਤੇ 28 ਫਰਵਰੀ ਦੀ ਸਵੇਰ ਸ਼ਹਿਰ ਦੇ ਲੋਕਾਂ ਨੂੰ ਕੁਝ ਸਮੇਂ ਤਕ ਟ੍ਰੈਫਿਕ 'ਚ ਫਸਣਾ ਪੈ ਸਕਦਾ ਹੈ। 27 ਫਰਵਰੀ ਦੀ ਸ਼ਾਮ ਕੋਵਿੰਦ ਆਪਣੇ ਕਾਫਲੇ ਨਾਲ ਚੰਡੀਗੜ੍ਹ ਪਹੁੰਚਣਗੇ। ਕਾਫਲਾ ਟੈਕਨੀਕਲ ਏਅਰਪੋਰਟ ਤੋਂ ਸਿੱਧਾ ਪੰਜਾਬ ਰਾਜ ਭਵਨ ਜਾਏਗਾ। ਅਗਲੇ ਦਿਨ 28 ਫਰਵਰੀ ਨੂੰ ਸਵੇਰੇ ਪੰਜਾਬ ਰਾਜ ਭਵਨ ਤੋਂ ਰਾਸ਼ਟਰਪਤੀ ਦਾ ਕਾਫਲਾ ਸੈਕਟਰ-36 ਸਥਿਤ ਐੱਮ. ਸੀ. ਐੱਮ. ਡੀ. ਏ. ਵੀ. ਕਾਲਜ ਜਾਏਗਾ। ਸਵੇਰੇ 10 ਵਜੇ ਉਹ ਕਾਲਜ ਪਹੁੰਚਣਗੇ ਤੇ ਇਥੇ ਇਕ ਘੰਟੇ ਦਾ ਸਮਾਰੋਹ ਹੋਵੇਗਾ। ਕਾਲਜ ਤੋਂ ਰਾਸ਼ਟਰਪਤੀ ਦਾ ਕਾਫਲਾ ਸਿੱਧਾ ਟੈਕਨੀਕਲ ਏਅਰਪੋਰਟ 'ਤੇ ਜਾਏਗਾ।
ਟੈਡੀਬੀਅਰ ਲੈ ਕੇ ਬਾਹਰ ਗਈ ਸੀ ਭਾਵਨਾ, ਹੋਸਟਲ ਨਿਰਾਸ਼ ਪਰਤੀ
NEXT STORY