ਪਟਿਆਲਾ (ਰਾਜੇਸ਼) - ਪਲਾਟਰ ਹੋਲਡਰਜ਼, ਡੀਲਰਜ਼, ਕਾਲੋਨਾਈਜ਼ਰ ਐਸੋਸੀਏਸ਼ਨ ਪੰਜਾਬ ਦੇ ਵਫਦ ਨੇ ਪੁੱਡਾ ਦੇ ਐਡੀਸ਼ਨਲ ਚੀਫ ਐਡਮਨਿਸਟ੍ਰੇਟਰ (ਏ. ਸੀ. ਏ.) ਹਰਪ੍ਰੀਤ ਸਿੰਘ ਸੂਦਨ ਨਾਲ ਮੁਲਾਕਾਤ ਕਰ ਕੇ ਬੰਦ ਪਈਆਂ ਰਜਿਸਟਰੀਆਂ ਸ਼ੁਰੂ ਕਰਵਾਉਣ ਦੀ ਮੰਗ ਕੀਤੀ। ਇਸ ਸਬੰਧੀ ਐਸੋਸੀਏਸ਼ਨ ਵੱਲੋਂ ਸ਼੍ਰੀ ਸੂਦਨ ਨੂੰ ਮੰਗ-ਪੱਤਰ ਵੀ ਦਿੱਤਾ ਗਿਆ।
ਐਸੋਸੀਏਸ਼ਨ ਦੇ ਸੂਬਾ ਕਨਵੀਨਰ ਅਸ਼ਵਨੀ ਕੁਮਾਰ, ਸੂਬਾ ਪ੍ਰਧਾਨ ਗੁਰਕਿਰਪਾਲ ਸਿੰਘ ਕਸਿਆਣਾ, ਜਨਰਲ ਸਕੱਤਰ ਬਲਕਾਰ ਸਿੰਘ ਕਾਨਾਹੇੜੀ ਅਤੇ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਰਾਣਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪ੍ਰਾਪਰਟੀ ਨਾਲ ਜੁੜੇ ਕਾਰੋਬਾਰੀ ਇਸ ਮੌਕੇ ਹਾਜ਼ਰ ਸਨ। ਆਗੂਆਂ ਨੇ ਦੱਸਿਆ ਕਿ ਪੁੱਡਾ ਵੱਲੋਂ ਅਣ-ਅਧਿਕਾਰਤ ਕਾਲੋਨੀਆਂ ਦੀਆਂ ਰਜਿਸਟਰੀਆਂ ਬੰਦ ਕਰਨ ਦੇ ਹੁਕਮਾਂ ਨਾਲ ਪ੍ਰਾਪਰਟੀ ਦਾ ਸਮੁੱਚਾ ਕਾਰੋਬਾਰ ਠੱਪ ਹੋ ਗਿਆ ਹੈ। ਪੁੱਡਾ ਵੱਲੋਂ ਲਗਾਤਾਰ ਅਣ-ਅਧਿਕਾਰਤ ਕਾਲੋਨੀਆਂ ਅਤੇ ਪਲਾਟ ਹੋਲਡਰਾਂ ਨੂੰ ਨੋਟਿਸ ਕੱਢੇ ਜਾ ਰਹੇ ਹਨ। ਐਸੋਸੀਏਸ਼ਨ ਨੇ ਦੱਸਿਆ ਕਿ ਸਰਕਾਰ ਵੱਲੋਂ ਪ੍ਰਾਪਰਟੀ ਸਬੰਧੀ ਜੋ ਨਵੀਂ ਪਾਲਸੀ ਲਿਆਂਦੀ ਜਾ ਰਹੀ ਹੈ, ਭਵਿੱਖ ਵਿਚ ਉਸ ਅਨੁਸਾਰ ਹੀ ਕੰਮ ਕੀਤਾ ਜਾਵੇਗਾ। ਜੋ ਕਾਲੋਨੀਆਂ ਪਹਿਲਾਂ ਬਣ ਗਈਆਂ ਹਨ, ਉਨ੍ਹਾਂ ਦੀਆਂ ਰਜਿਸਟਰੀਆਂ ਬੰਦ ਨਾ ਕੀਤੀਆਂ ਜਾਣ। ਰਜਿਸਟਰੀਆਂ ਬੰਦ ਹੋਣ ਨਾਲ ਜਿੱਥੇ ਕਾਰੋਬਾਰ ਠੱਪ ਹੋ ਗਿਆ ਹੈ, ਉਥੇ ਹੀ ਸਰਕਾਰ ਦਾ ਰੈਵੀਨਿਊ ਵੀ ਘਟ ਗਿਆ ਹੈ।
ਐਸੋਸੀਏਸ਼ਨ ਨੇ ਮੰਗ ਕੀਤੀ ਕਿ ਪੁੱਡਾ ਵੱਲੋਂ ਜਾਰੀ ਕੀਤੇ ਗਏ ਹੁਕਮ ਤੁਰੰਤ ਵਾਪਸ ਲਏ ਜਾਣ ਅਤੇ ਰਜਿਸਟਰੀਆਂ ਸ਼ੁਰੂ ਕੀਤੀਆਂ ਜਾਣ ਤਾਂ ਜੋ ਲੋਕ ਆਪਣੇ ਘਰ ਬਣਾ ਸਕਣ ਅਤੇ ਠੱਪ ਪਿਆ ਪ੍ਰਾਪਰਟੀ ਕਾਰੋਬਾਰ ਚੱਲ ਸਕੇ। ਇਸ ਮੌਕੇ ਰਾਕੇਸ਼ ਕੁਮਾਰ ਗੋਲਡੀ, ਹਰਮੀਤ, ਲੱਕੀ ਬਾਬਾ, ਅਵਤਾਰ ਸਿੰਘ ਤੇ ਸੁਖਦੇਵ ਸਿੰਘ ਭੋਲਾ ਤੋਂ ਇਲਾਵਾ ਹੋਰ ਕਈ ਆਗੂ ਹਾਜ਼ਰ ਸਨ।
ਪ੍ਰਾਇਮਰੀ ਸਕੂਲ ਬੰਦ ਕਰਨ ਦੇ ਫੈਸਲੇ 'ਤੇ ਬਸਪਾ ਆਗੂ ਤੇ ਵਰਕਰ ਭੜਕੇ, ਡੀ. ਸੀ. ਨੂੰ ਸੌਂਪਿਆ ਮੰਗ-ਪੱਤਰ
NEXT STORY