ਰੂਪਨਗਰ, (ਕੈਲਾਸ਼)- ਗਾਰਡਨ ਕਾਲੋਨੀ ਦੀ ਗਲੀ ਨੰਬਰ 4 'ਚ ਇਕ ਘਰ ਦੇ ਅੱਗੇ ਪੀਣ ਵਾਲੇ ਪਾਣੀ ਲਈ ਕੀਤੇ ਜਾ ਰਹੇ ਡੂੰਘੇ ਬੋਰ ਕਾਰਨ ਮੁਹੱਲਾ ਵਾਸੀਆਂ ਨੇ ਜਿਥੇ ਰੋਸ ਪ੍ਰਗਟਾਇਆ, ਉਥੇ ਹੀ ਰਾਜਨੀਤਕ ਦਬਾਅ ਕਾਰਨ ਨਗਰ ਕੌਂਸਲ ਦੇ ਅਧਿਕਾਰੀ ਵੀ ਬੋਰ ਨੂੰ ਬੰਦ ਕਰਵਾਉਣ 'ਚ ਬੇਵੱਸ ਨਜ਼ਰ ਆਏ।
ਜਾਣਕਾਰੀ ਅਨੁਸਾਰ ਉਕਤ ਥਾਂ 'ਤੇ ਡੂੰਘਾ ਬੋਰ ਕਰਵਾਉਣ ਦੀ ਪ੍ਰਕਿਰਿਆ ਜਿਵੇਂ ਹੀ ਸ਼ੁਰੂ ਹੋਈ ਤਾਂ ਮੁਹੱਲਾ ਵਾਸੀਆਂ ਨੇ ਇਸ ਨੂੰ ਨਿਯਮਾਂ ਦੇ ਵਿਰੁੱਧ ਦੱਸਦੇ ਹੋਏ ਇਸ ਦਾ ਵਿਰੋਧ ਕੀਤਾ ਤੇ ਇਸ ਦੀ ਸੂਚਨਾ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੂੰ ਦਿੱਤੀ। ਕੌਂਸਲ ਦੇ ਜੇ.ਈ. ਸੰਜੀਵ ਕੁਮਾਰ ਦੀ ਅਗਵਾਈ ਵਿਚ ਟੀਮ ਮੌਕੇ 'ਤੇ ਪੁੱਜੀ, ਜਿਸ ਨੇ ਬੋਰ ਨੂੰ ਨਾਜਾਇਜ਼ ਤੇ ਨਿਯਮਾਂ ਦੇ ਵਿਰੁੱਧ ਦੱਸਦੇ ਹੋਏ ਬੰਦ ਕਰਵਾ ਦਿੱਤਾ ਪਰ ਜਿਵੇਂ ਹੀ ਅਧਿਕਾਰੀ ਉਥੋਂ ਗਏ ਤਾਂ ਕੁਝ ਸਿਆਸੀ ਆਗੂਆਂ ਦੀ ਸ਼ਹਿ 'ਤੇ ਬੋਰ ਨੂੰ ਤੁਰੰਤ ਚਾਲੂ ਕਰਵਾ ਦਿੱਤਾ ਗਿਆ। ਇਸੇ ਦੌਰਾਨ ਮੁਹੱਲਾ ਵਾਸੀਆਂ ਐਡਵੋਕੇਟ ਦਵਿੰਦਰ ਗੋਰਲਾ ਤੇ ਅਮਿਤ ਗੋਰਲਾ ਨੇ ਐੱਸ.ਐੱਚ. ਓ. ਸਿਟੀ ਰਾਜਪਾਲ ਸਿੰਘ, ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮਾਕੜ ਨੂੰ ਸ਼ਿਕਾਇਤ ਦਿੱਤੀ।
ਇਸ ਤੋਂ ਬਾਅਦ ਐਡਵੋਕੇਟ ਗੋਰਲਾ ਨੇ ਸਾਬਕਾ ਸਿੱਖਿਆ ਮੰਤਰੀ ਤੇ ਵਿਧਾਇਕ ਦਲਜੀਤ ਸਿੰਘ ਚੀਮਾ ਨੂੰ ਵੀ ਗੁਹਾਰ ਲਾਈ ਪਰ ਬੋਰ ਦਾ ਕੰਮ ਸਮਾਚਾਰ ਲਿਖੇ ਜਾਣ ਤੱਕ ਜਾਰੀ ਸੀ ਤੇ ਮੁਹੱਲਾ ਵਾਸੀਆਂ 'ਚ ਰੋਸ ਸੀ। ਦੂਜੇ ਪਾਸੇ, ਇਸ ਸਬੰਧ 'ਚ ਕਾਂਗਰਸੀ ਨੇਤਾ ਗੁਰਵਿੰਦਰ ਸਿੰਘ ਜੱਗੀ ਤੇ ਰਾਜੇਸ਼ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਗਾਰਡਨ ਕਾਲੋਨੀ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਵਿਚ ਨਾਕਾਮਯਾਬ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਆਪਣੇ ਘਰਾਂ ਦੇ ਅੱਗੇ ਮਜਬੂਰਨ ਬੋਰ ਕਰਵਾਉਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੌਂਸਲ 10 ਦਿਨਾਂ 'ਚ ਗਾਰਡਨ ਕਾਲੋਨੀ 'ਚ ਪੀਣ ਵਾਲਾ ਪਾਣੀ ਦੇਣ ਦਾ ਵਾਅਦਾ ਕਰਦੀ ਹੈ ਤਾਂ ਉਹ ਬੋਰ ਨੂੰ ਬੰਦ ਕਰਵਾ ਦੇਣਗੇ।
ਦਾਜ ਨੇ ਲਈ ਇਕ ਹੋਰ ਵਿਆਹੁਤਾ ਦੀ ਜਾਨ
NEXT STORY