ਰਾਮਾਂ ਮੰਡੀ (ਪਰਮਜੀਤ)-ਵਿਆਹ ਦੀ ਸੈਰੇਮਨੀ ਤਾਂ ਹਰ ਕੋਈ ਮਨਾਉਂਦਾ ਹੈ ਪਰ ਵਿਆਹ ਦੀ ਰਿੰਗ ਸੈਰੇਮਨੀ ਇੰਝ ਹੋਵੇ ਕਿ ਉਹ ਲੋਕਾਂ ਲਈ ਮਿਸਾਲ ਬਣ ਜਾਵੇ ਅਤੇ ਹਮੇਸ਼ਾ ਲਈ ਲੋਕਾਂ ਲਈ ਪ੍ਰੇਰਣਾ ਸਰੋਤ ਸਾਬਿਤ ਹੋਵੇ। ਅਜਿਹੀ ਹੀ ਮਿਸਾਲ ਕਾਇਮ ਕੀਤੀ ਹੈ ਸਥਾਨਕ ਸ਼ਹਿਰ ਦੇ ਸਮਾਜ ਸੇਵੀ ਆਗੂ ਅਤੇ ਦਿ ਰਾਮਾਂ ਸਹਾਰਾ ਕਲੱਬ ਦੇ ਸਾਬਕਾ ਪ੍ਰਧਾਨ ਐਡੋਵੇਕਟ ਸੁਰੇਸ਼ ਕਾਂਸਲ ਦੇ ਸਪੁੱਤਰ ਇੰਪੀ ਕਾਂਸਲ ਨੇ। ਇੰਪੀ ਕਾਂਸਲ ਅਤੇ ਉਸ ਦੇ ਨਾਲ ਵਿਆਹ ਬੰਧਨ 'ਚ ਬੱਝਣ ਜਾ ਰਹੀ ਵੀਨੂੰ ਕਾਂਸਲ ਨੇ ਆਪਣੇ ਵਿਆਹ ਦੀ ਰਿੰਗ ਸੈਰੇਮਨੀ ਤੋਂ ਪਹਿਲਾਂ ਵਾਤਾਵਰਣ ਦੀ ਸਾਂਭ ਸੰਭਾਲ ਨੂੰ ਮੁੱਖ ਰੱਖਦੇ ਹੋਏ ਪੌਦਾ ਲਗਾਉਣ ਦੀ ਇੱਛਾ ਜ਼ਾਹਰ ਕੀਤੀ, ਜਿਸ ਉਪਰੰਤ ਇੰਪੀ ਕਾਂਸਲ ਅਤੇ ਵੀਨੂੰ ਨੇ ਰਿੰਗ ਸੈਰੇਮਨੀ ਦੀ ਰਸਮ ਤੋਂ ਪਹਿਲਾਂ ਗਮਲਾ ਮੰਗਵਾਇਆ ਅਤੇ ਉਸ 'ਚ ਪੌਦਾ ਲਗਾਉਣ ਦੀ ਰਸਮ ਅਦਾ ਕੀਤੀ ਗਈ। ਇਹ ਰਸਮ ਪੂਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਇੰਪੀ ਕਾਂਸਲ ਅਤੇ ਵੀਨੂੰ ਨੇ ਇਹ ਰਸਮ ਅਦਾ ਕਰ ਕੇ ਦੂਸਰੇ ਪ੍ਰਾਣੀਆਂ ਲਈ ਪ੍ਰੇਰਣਾ ਸਰੋਤ ਬਣੇ ਹਨ ਅਤੇ ਇਲਾਕੇ ਵਿਚ ਇਕ ਵੱਖਰੀ ਮਿਸਾਲ ਕਾਇਮ ਕੀਤੀ ਹੈ।
ਇਸ ਮੌਕੇ ਵਪਾਰ ਮੰਡਲ ਦੇ ਸੂਬਾ ਮੀਤ ਪ੍ਰਧਾਨ ਸੋਮਨਾਥ ਕਾਂਸਲ ਨੇ ਕਿਹਾ ਕਿ ਜੋ ਅੱਜ ਇੰਪੀ ਕਾਂਸਲ ਅਤੇ ਵੀਨੂੰ ਨੇ ਪੌਦੇ ਲਗਾ ਕੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ, ਬਹੁਤ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਕਾਂਸਲ ਪਰਿਵਾਰ ਨੇ ਸਮਾਗਮ ਵਿਚ ਆਏ ਰਿਸ਼ਤੇਦਾਰਾਂ ਨੂੰ ਮਠਿਆਈ ਨਾਲ ਗਮਲੇ ਅਤੇ ਪੌਦੇ ਵੰਡੇ। ਇਸ ਮੌਕੇ ਮੰਡੀ ਵਾਸੀਆਂ ਨੇ ਕਿਹਾ ਕਿ ਕਾਂਸਲ ਪਰਿਵਾਰ ਨੇ ਫਜ਼ੂਲ ਖਰਚੀ ਕਰਨ ਦੀ ਬਜਾਏ ਜੋ ਵਾਤਾਵਰਣ ਨੂੰ ਬਚਾਉਣ ਦਾ ਉਪਰਾਲਾ ਸ਼ੁਰੂ ਕੀਤਾ ਹੈ, ਇਸ ਤੋਂ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ।
ਐਡਵੇਕਟ ਸੁਰੇਸ਼ ਕਾਂਸਲ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਦਰੱਖਤ ਬਹੁਤ ਹੀ ਤੇਜ਼ੀ ਨਾਲ ਕੱਟੇ ਜਾ ਰਹੇ ਹੈ, ਜਿਸ ਕਾਰਨ ਵਾਤਾਵਰਣ ਵਿਚ ਪ੍ਰਦੂਸ਼ਣ ਵਧ ਰਿਹਾ ਹੈ। ਅੱਜ ਦੇ ਸਮੇਂ ਦੀ ਮੁੱਖ ਮੰਗ ਹੈ ਕਿ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਣ ਦੀ ਸੰਭਾਲ ਕੀਤੀ ਜਾਵੇ।
ਸਾਬਕਾ ਐੱਮ. ਐੱਲ. ਏ. ਅਵਿਨਾਸ਼ ਚੰਦਰ ਦੇ ਪੀ. ਏ. 'ਤੇ 20 ਲੱਖ ਦੀ ਧੋਖਾਦੇਹੀ ਕਰਨ ਦਾ ਮਾਮਲਾ ਦਰਜ
NEXT STORY