ਸ੍ਰੀ ਕੀਰਤਪੁਰ ਸਾਹਿਬ(ਬਾਲੀ)— ਬੀਤੀ ਦੇਰ ਰਾਤ ਪਿੰਡ ਕਲਿਆਣਪੁਰ ਲੋਹੰਡ ਪੁਲ ਦੇ ਨਜ਼ਦੀਕ ਰਾਸ਼ਟਰੀ ਮਾਰਗ ਨੰਬਰ 21 (205) ਸੜਕ ਕੰਢੇ ਖੜ੍ਹੇ ਇਕ 12 ਟਾਇਰੀ ਟਰੱਕ ਦੇ ਪਿੱਛੇ ਇਕ ਤੇਜ਼ ਰਫਤਾਰ ਸਕਾਰਪੀਓ ਜੀਪ ਵੱਜਣ ਕਾਰਨ ਨੌਜਵਾਨ ਵਪਾਰੀ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਵਿਚ ਫਸੀ ਸਕਾਰਪੀਓ ਨੂੰ ਰਿਕਵਰੀ ਮਸ਼ੀਨ ਦੀ ਮਦਦ ਨਾਲ ਵੱਖ ਕੀਤਾ ਗਿਆ ਅਤੇ ਮ੍ਰਿਤਕ ਦੀ ਲਾਸ਼ ਨੂੰ ਵੀ ਜੀਪ 'ਚੋਂ ਬਾਹਰ ਕੱਢਣ ਲਈ ਕਾਫੀ ਸਮਾਂ ਲੱਗ ਗਿਆ।
ਜਾਣਕਾਰੀ ਅਨੁਸਾਰ ਸਮਰ ਅਗਰਵਾਲ (31) ਪੁੱਤਰ ਸਵ. ਸੁਰਜੀਤ ਲਾਲ ਅਗਰਵਾਲ ਵਾਸੀ ਨੰਗਲ ਜਵਾਹਰ ਮਾਰਕੀਟ ਨੰਗਲ ਵਿਚ ਕਨਫੈਕਸ਼ਨਰੀ ਦੀ ਦੁਕਾਨ ਕਰਦਾ ਹੈ। ਉਹ ਰਾਤ ਕਰੀਬ 11.30 ਵਜੇ ਆਪਣੀ ਸਕਾਰਪੀਓ ਜੀਪ 'ਤੇ ਚੰਡੀਗੜ੍ਹ ਤੋਂ ਵਾਪਸ ਆਪਣੇ ਘਰ ਨੰਗਲ ਨੂੰ ਜਾ ਰਿਹਾ ਸੀ ਕਿ ਪਿੰਡ ਕਲਿਆਣਪੁਰ ਲੋਹੰਡ ਪੁਲ ਦੇ ਨਜ਼ਦੀਕ ਅਚਾਨਕ ਸੜਕ 'ਤੇ ਕੋਈ ਜਾਨਵਰ ਆ ਗਿਆ, ਜਿਸ ਨੂੰ ਬਚਾਉਂਦੇ ਹੋਏ ਤੇਜ਼ ਰਫਤਾਰ ਸਕਾਰਪੀਓ ਬੇਕਾਬੂ ਹੋ ਕੇ ਸੜਕ ਕੰਢੇ ਖੜ੍ਹੇ ਇਕ 12 ਟਾਇਰੀ ਟਰੱਕ 'ਚ ਜਾ ਵੱਜੀ ਅਤੇ ਉਸ ਦਾ ਅੱਧਾ ਹਿੱਸਾ ਟਰੱਕ ਦੇ ਹੇਠਾਂ ਵੜ ਗਿਆ। ਸੂਚਨਾ ਮਿਲਦਿਆਂ ਹੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਰਿਕਵਰੀ ਮਸ਼ੀਨ ਨੂੰ ਬੁਲਾ ਕੇ ਟਰੱਕ ਵਿਚ ਫਸੀ ਜੀਪ ਨੂੰ ਵੱਖ ਕੀਤਾ ਤੇ ਸਮਰ ਅਗਰਵਾਲ ਨੂੰ ਬੜੀ ਮੁਸ਼ਕਿਲ ਨਾਲ ਸਕਾਰਪੀਓ ਜੀਪ 'ਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਪਹੁੰਚਾਇਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਦੱਸਿਆ। ਜਾਂਚ ਅਧਿਕਾਰੀ ਹੌਲਦਾਰ ਅਸ਼ਰਫ ਖਾਨ ਨੇ ਦੱਸਿਆ ਕਿ ਪੁਲਸ ਨੇ ਸੰਦੀਪ ਪੁਰੀ ਦੇ ਬਿਆਨਾਂ 'ਤੇ ਟਰੱਕ ਚਾਲਕ ਜੈ ਲਾਲ ਪੁੱਤਰ ਨਿੱਕਾ ਰਾਮ ਵਾਸੀ ਪਿੰਡ ਤਿਹਾੜੀ ਮੁਸਲਮਾਨਾ ਧਰਮਪੁਰ ਜ਼ਿਲਾ ਸੋਲਨ (ਹਿ.ਪ੍ਰ) ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।
1 ਸਤੰਬਰ 2012 ਨੂੰ ਵੀ ਵਾਪਰਿਆ ਸੀ ਇਸੇ ਥਾਂ 'ਤੇ ਵੱਡਾ ਹਾਦਸਾ
ਪਿੰਡ ਕਲਿਆਣਪੁਰ ਲੋਹੰਡ ਪੁਲ ਦੇ ਨਜ਼ਦੀਕ ਉਕਤ ਥਾਂ 'ਤੇ ਪੰਜ ਸਾਲ ਪਹਿਲਾਂ 1 ਸਤੰਬਰ 2012 ਨੂੰ ਤੜਕਸਾਰ ਇਕ ਖੜ੍ਹੇ ਟੱਕਰ ਵਿਚ ਪਿੱਛੇ ਮਹਿੰਦਰਾ ਜੀਪ ਟਕਰਾਉਣ ਕਾਰਨ ਜ਼ਿਲਾ ਲੁਧਿਆਣਾ ਨਾਲ ਸਬੰਧਤ ਇਕ ਕਬੱਡੀ ਖਿਡਾਰੀ ਅਤੇ ਚਾਰ ਬਜ਼ੁਰਗ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜੋ ਕਿ ਆਪਣੇ ਰਿਸ਼ਤੇਦਾਰ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਸ੍ਰੀ ਕੀਰਤਪੁਰ ਸਾਹਿਬ ਨੂੰ ਆ ਰਹੇ ਸਨ।
ਗੰਨਮੈਨ ਨੇ ਲਾਏ ਧਮਕਾਉਣ ਦੇ ਦੋਸ਼ : ਸ਼ਿਵ ਸੈਨਾ ਹਿੰਦੁਸਤਾਨ ਲੀਗਲ ਸੈੱਲ ਪੰਜਾਬ ਦੇ ਪ੍ਰਧਾਨ ਖਿਲਾਫ ਮਾਮਲਾ ਦਰਜ
NEXT STORY