ਜਲੰਧਰ (ਮਹੇਸ਼)— ਪਰਾਗਪੁਰ ਪੁਲਸ ਚੌਕੀ ਐਵੀਡੈਂਸ 'ਤੇ ਜਲੰਧਰ ਜਾ ਰਹੇ ਥਾਣਾ ਸਦਰ ਦੀ ਪਰਾਗਪੁਰ ਚੌਕੀ ਦੇ ਏ. ਐੱਸ. ਆਈ. (ਥਾਣੇਦਾਰ) ਕੁਲਦੀਪ ਸਿੰਘ ਬੀਤੇ ਦਿਨ ਤੇਜ਼-ਰਫਤਾਰ ਕਾਰ ਦੀ ਟੱਕਰ ਹਾਦਸੇ 'ਚ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਂਦਾ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਉਨ੍ਹਾਂ ਨੇ ਦਮ ਤੋੜ ਦਿੱਤਾ। ਏ. ਐੱਸ. ਆਈ. ਕੁਲਦੀਪ ਸਿੰਘ (48) ਜ਼ਿਲਾ ਬਟਾਲਾ ਦੇ ਪਿੰਡ ਰਾਮਪੁਰਾ ਨਜ਼ਦੀਕ ਕਾਦੀਆਂ ਦਾ ਰਹਿਣ ਵਾਲਾ ਸੀ। ਪਿਛਲੇ 4-5 ਮਹੀਨਿਆਂ ਤੋਂ ਉਹ ਪਰਾਗਪੁਰ ਪੁਲਸ ਚੌਕੀ ਵਿਚ ਤਾਇਨਾਤ ਸੀ।
ਮੰਗਲਵਾਰ ਸਵੇਰੇ ਉਹ ਆਪਣੇ ਮੋਟਰਸਾਈਕਲ 'ਤੇ ਕੋਰਟ ਐਵੀਡੈਂਸ ਲਈ ਪੁਲਸ ਚੌਕੀ 'ਚੋਂ ਨਿਕਲਿਆ ਸੀ। ਪੁਲਸ ਚੌਕੀ ਤੋਂ ਕੁਝ ਹੀ ਦੂਰੀ 'ਤੇ ਪਿੱਛਿਓਂ ਆ ਰਹੀ ਤੇਜ਼ ਰਫਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਵਿਚ ਸੜਕ ਵਿਚਕਾਰ ਜਾ ਡਿੱਗੇ ਏ. ਐੱਸ. ਆਈ. ਕੁਲਦੀਪ ਸਿੰਘ ਨੂੰ ਗੰਭੀਰ ਹਾਲਤ ਵਿਚ ਰਾਮਾ ਮੰਡੀ ਦੇ ਜੌਹਲ ਮਲਟੀਸਪੈਸ਼ਲਿਟੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪਰਿਵਾਰ ਵਾਲੇ ਉਸ ਨੂੰ ਉਥੋਂ ਰੈਫਰ ਕਰਵਾ ਕੇ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਲੈ ਗਏ, ਜਿੱਥੇ ਕੁਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ।
ਪੁਲਸ ਕਮਿਸ਼ਨਰ ਪਹੁੰਚੇ ਮੌਕੇ 'ਤੇ
ਏ. ਐੱਸ. ਆਈ. ਕੁਲਦੀਪ ਸਿੰਘ ਦੇ ਨਾਲ ਹੋਏ ਹਾਦਸੇ ਦੀ ਸੂਚਨਾ ਮਿਲਦਿਆ ਹੀ ਪੁਲਸ ਕਮਿਸ਼ਨਰ ਪੀ. ਕੇ. ਸਿਨ੍ਹਾ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਐੱਸ. ਐੱਚ. ਓ. ਸਦਰ ਤੇ ਪੁਲਸ ਚੌਕੀ ਪਰਾਗਪੁਰ ਦੇ ਮੁਖੀ ਏ. ਐੱਸ. ਆਈ. ਕਮਲਜੀਤ ਸਿੰਘ ਤੋਂ ਹਾਦਸੇ ਦੀ ਪੂਰੀ ਜਾਣਕਾਰੀ ਲਈ। ਉਨ੍ਹਾਂ ਦੇ ਨਾਲ ਡੀ. ਸੀ. ਪੀ. ਰਾਜਿੰਦਰ ਸਿੰਘ, ਏ. ਡੀ. ਸੀ. ਪੀ. ਸਿਟੀ 2 ਸੂਡਰ ਵਿਜੀ, ਏ. ਡੀ. ਸੀ. ਪੀ. ਸਿਟੀ 1 ਮਨਦੀਪ ਸਿੰਘ, ਏ. ਸੀ. ਪੀ. ਸੁਰਿੰਦਰ ਪਾਲ ਧੋਗੜੀ ਵੀ ਮੌਜੂਦ ਸਨ। ਪੁਲਸ ਕਮਿਸ਼ਨਰ ਕਾਫੀ ਦੇਰ ਤੱਕ ਜੌਹਲ ਹਸਪਤਾਲ ਵਿਚ ਵੀ ਰੁਕੇ ਰਹੇ।

ਮੁਲਜ਼ਮ ਗ੍ਰਿਫਤਾਰ, ਕੇਸ ਦਰਜ
ਥਾਣੇਦਾਰ ਕੁਲਦੀਪ ਸਿੰਘ ਨੂੰ ਟੱਕਰ ਮਾਰਨ ਵਾਲੇ ਮੁਲਜ਼ਮ ਕਾਰ ਚਾਲਕ ਨੂੰ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਐੱਸ. ਐੱਚ. ਓ. ਰਾਮਾ ਮੰਡੀ ਰਾਜੇਸ਼ ਠਾਕੁਰ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ ਸੀ ਪਰ ਉਸ ਦੀ ਕਾਰ ਦੀ ਨੰਬਰ ਪਲੇਟ ਟੁੱਟ ਗਈ, ਜਿਸ ਦੀ ਮਦਦ ਨਾਲ ਉਸ ਤੱਕ ਪਹੁੰਚਣਾ ਪੁਲਸ ਲਈ ਆਸਾਨ ਹੋ ਗਿਆ। ਮੁਲਜ਼ਮ ਦੀ ਪਛਾਣ ਭੁਪਿੰਦਰ ਸਿੰਘ ਪੁੱਤਰ ਨੰਦ ਲਾਲ ਵਾਸੀ ਪੱਤੀ ਭੂੰਦੜਕੀ ਰੁੜਕਾ ਕਲਾਂ ਥਾਣਾ ਗੁਰਾਇਆ ਵਜੋਂ ਹੋਈ ਹੈ, ਜੋ ਕਿ ਭੋਗਪੁਰ ਦੇ ਨਜ਼ਦੀਕ ਬੁਟਰਾਂ ਪਿੰਡ ਵਿਚ ਇਕ ਬੈਂਕ ਵਿਚ ਕੰਮ ਕਰਦਾ ਹੈ। ਉਹ ਸਵੇਰੇ ਆਪਣੇ ਪਿੰਡੋਂ ਕੰਮ 'ਤੇ ਜਾ ਰਿਹਾ ਸੀ, ਉਸ ਦੇ ਖਿਲਾਫ ਥਾਣਾ ਰਾਮਾ ਮੰਡੀ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਐੱਸ. ਐੱਚ. ਓ. ਰਾਜੇਸ਼ ਠਾਕੁਰ ਨੇ ਦੱਸਿਆ ਕਿ ਮੁਲਜ਼ਮ ਨੂੰ ਸਵੇਰੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਹਾਦਸੇ ਸਬੰਧੀ ਉਸ ਤੋਂ ਦੇਰ ਸ਼ਾਮ ਤੱਕ ਪੁਲਸ ਪੁੱਛਗਿੱਛ ਕਰ ਰਹੀ ਸੀ।

ਪਤਨੀ ਤੇ ਬੇਟੇ ਦਾ ਰੋ-ਰੋ ਕੇ ਬੁਰਾ ਹਾਲ
ਪੁਲਸ ਕਰਮਚਾਰੀ ਕੁਲਦੀਪ ਸਿੰਘ ਦੇ ਸੜਕ ਹਾਦਸੇ ਵਿਚ ਗੰਭੀਰ ਹੋਣ ਦੀ ਸੂਚਨਾ ਮਿਲਦਿਆਂ ਹੀ ਪਤਨੀ ਸਰਬਜੀਤ ਕੌਰ, ਬੇਟਾ ਅਰਸ਼ਦੀਪ ਸਿੰਘ ਅਤੇ ਹੋਰ ਰਿਸ਼ਤੇਦਾਰ ਵੀ ਜੌਹਲ ਹਸਪਤਾਲ ਵਿਚ ਪਹੁੰਚ ਗਏ। ਕੁਲਦੀਪ ਸਿੰਘ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ। ਹਾਲਤ ਬਾਰੇ ਸੁਣ ਕੇ ਪਤਨੀ ਅਤੇ ਬੇਟੇ ਤੋਂ ਇਲਾਵਾ ਕੁਲਦੀਪ ਸਿੰਘ ਦੀਆਂ ਦੋਵੇਂ ਭੈਣਾਂ ਸੁਖਜਿੰਦਰ ਕੌਰ ਅਤੇ ਪਰਮਜੀਤ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਕੁਲਦੀਪ ਸਿੰਘ ਦੀ ਬੇਟੀ ਨਵਦੀਪ ਕੌਰ ਚੰਡੀਗੜ੍ਹ ਵਿਚ ਨਰਸਿੰਗ ਦਾ ਕੋਰਸ ਕਰਦੀ ਹੈ। ਉਸ ਨੂੰ ਪਿਤਾ ਦੇ ਹਾਦਸੇ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਕੁਲਦੀਪ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਹ ਜਲੰਧਰ ਵਿਚ ਡਿਊਟੀ ਹੋਣ ਕਾਰਨ ਪਰਾਗਪੁਰ ਪੁਲਸ ਚੌਕੀ ਵਿਚ ਹੀ ਰਹਿੰਦੇ ਸਨ ਅਤੇ ਹਫਤੇ ਬਾਅਦ ਇਕ ਦਿਨ ਲਈ ਉਨ੍ਹਾਂ ਨੂੰ ਮਿਲਣ ਲਈ ਪਿੰਡ ਆਉਂਦੇ ਸਨ। ਬੇਟੇ ਅਰਸ਼ਦੀਪ ਦੀਆਂ ਅੱਖਾਂ 'ਚੋਂ ਅੱਥਰੂ ਨਿਕਲਣੇ ਬੰਦ ਨਹੀਂ ਹੋ ਰਹੇ ਸਨ। ਉਸ ਨੂੰ ਪਿਤਾ ਦੇ ਹਾਦਸੇ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਪੁਲਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ।
ਲਾਸ਼ ਅੰਮ੍ਰਿਤਸਰ ਤੋਂ ਪੋਸਟਮਾਰਟਮ ਲਈ ਜਲੰਧਰ ਲਿਆਂਦੀ
ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋਣ ਤੋਂ ਬਾਅਦ ਦੇਰ ਰਾਤ ਪਰਿਵਾਰ ਵਾਲੇ ਕੁਲਦੀਪ ਸਿੰਘ ਦੀ ਲਾਸ਼ ਫਿਰ ਜਲੰਧਰ ਲੈ ਆਏ। ਐੱਸ. ਐੱਚ. ਓ. ਰਾਜੇਸ਼ ਠਾਕੁਰ ਨੇ ਦੱਸਿਆ ਕਿ ਹਾਦਸਾ ਜਲੰਧਰ ਵਿਚ ਹੋਣ ਕਾਰਨ ਏ. ਐੱਸ. ਆਈ. ਕੁਲਦੀਪ ਸਿੰਘ ਦਾ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਹੋਵੇਗਾ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਸਵੇਰੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।
ਰਾਹੁਲ ਕਾਂਗਰਸ ਪਾਰਟੀ 'ਚ ਲਿਆਉਣਗੇ ਨਵੀਂ ਕ੍ਰਾਂਤੀ : ਜੌੜਾ
NEXT STORY