ਸੰਗਰੂਰ (ਕੋਹਲੀ): ਬੀਤੀ ਅੱਧੀ ਰਾਤ ਸਥਾਨਕ ਇੰਦਰਾ ਬਸਤੀ ਵਿਖੇ ਸਟੇਡੀਅਮ ਨੇੜੇ ਇਕ ਮਜਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਪਤੀ ਪਤਨੀ ਸਮੇਤ ਦੋ ਬੱਚਿਆਂ ਦੀ ਮੌਤ ਅਤੇ ਪਰਿਵਾਰ ਦੇ ਤਿੰਨ ਜੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸੁਨਾਮ ਰੇਲਵੇ ਸਟੇਸ਼ਨ ਦੇ ਸਾਹਮਣੇ ਇੰਦਰਾ ਬਸਤੀ 'ਚ ਬਲਵੀਰ ਕੁਮਾਰ ਨਾਂ ਦਾ ਇਕ ਮਜਦੂਰ ਆਪਣੇ ਪਰਿਵਾਰ ਸਮੇਤ ਇੱਕੋ ਕਮਰੇ ਦੇ ਮਕਾਨ ਵਿਚ ਰਹਿ ਰਿਹਾ ਸੀ ਅਤੇ ਗਰੀਬੀ ਕਾਰਨ ਇੰਨੀ ਠੰਡ ਦੇ ਬਾਵਜੂਦ ਵੀ ਉਹ ਆਪ ਤਾਂ ਆਪਣੀ ਪਤਨੀ ਅਤੇ ਸਹੁਰਿਆਂ ਤੋਂ ਆ ਕੇ ਉਸ ਕੋਲ ਰਹਿ ਰਹੀ ਪੁੱਤਰੀ ਸਮੇਤ ਮਕਾਨ ਦੀ ਛੱਤ ਉੱਤੇ ਬਣਾਏ ਇਕ ਆਰਜੀ ਜਿਹੇ ਤੰਬੂ 'ਚ ਹੀ ਸੁੱਤਾ ਪਿਆ ਸੀ ਜਦੋਂ ਕਿ ਉਸਦਾ ਪੁੱਤਰ ਅਤੇ ਨੂੰਹ ਦੋ ਬੱਚਿਆਂ ਸਮੇਤ ਹੇਠ ਕਮਰੇ 'ਚ ਪਏ ਸਨ।
ਬੀਤੀ ਰਾਤ ਘਰ ਦੀ ਛੱਤ ਪੁਰਾਣੀ ਅਤੇ ਪਏ ਮੀਂਹ ਦਾ ਪਾਣੀ ਰਚਣ ਕਾਰਨ ਅਚਾਨਕ ਡਿੱਗ ਪਈ, ਜਿਸ ਕਾਰਨ ਕਮਰੇ 'ਚ ਸੁੱਤੇ ਪਏ ਦੀਪਕ ਕੁਮਾਰ,ਉਸਦੀ ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇ ਮਕਾਨ ਦੇ ਮਲਬੇ ਹੇਠ ਦੱਬ ਗਏ।ਪਤਾ ਲੱਗਣ ਤੇ ਪੁਲਸ ਚੌਂਕੀ ਨਵੀਂ ਅਨਾਜ ਮੰਡੀ ਦੇ ਇੰਚਾਰਜ ਸਬ ਇੰਸਪੈਕਟਰ ਕਰਮ ਸਿੰਘ ਸਮੇਤ ਪੁਲਸ ਪਾਰਟੀ ਤੁਰੰਤ ਮੌਕੇ ਤੇ ਪਹੁੰਚ ਗਏ ਅਤੇ ਇਕੱਠੇ ਹੋਏ ਲੋਕਾਂ ਦੀ ਮਦਦ ਨਾਲ ਮਲਬੇ ਹੇਠ ਦਬੇ ਹੋਏ ਘਰ ਦੇ ਜੀਆਂ ਨੂੰ ਬਾਹਰ ਕੱਢਿਆ ਗਿਆ।ਘਰ ਦੇ ਮਲਬੇ 'ਚੋਂ ਕੱਢੇ ਗਏ ਦੀਪਕ ਕੁਮਾਰ (32) ਪੁੱਤਰ ਬਲਵੀਰ ਕੁਮਾਰ,ਜਾਨਵੀ (28) ਪਤਨੀ ਦੀਪਕ ਕੁਮਾਰ,ਸਮੇਤ ਦੋ ਬੱਚੇ ਬਵੀ (10) ਅਤੇ ਨਵੀ (8) ਪੁੱਤਰ ਦੀਪਕ ਕੁਮਾਰ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਇੰਨ੍ਹਾਂ ਚਾਰਾਂ ਨੂੰ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂ ਕਿ ਘਰ ਦੀ ਛੱਤ ਤੋਂ ਡਿੱਗਣ ਕਾਰਨ ਜ਼ਖਮੀ ਹੋਏ ਬਲਵੀਰ ਕੁਮਾਰ,ਉਸਦੀ ਪਤਨੀ ਕ੍ਰਿਸ਼ਨਾ ਅਤੇ ਪੁੱਤਰੀ ਰੇਖਾ ਨੂੰ ਵੀ ਇਲਾਜ ਲਈ ਸਿਵਲ ਹਸਪਤਾਲ ਸੁਨਾਮ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਹੁਣ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਤੋਂ ਬਾਅਦ ਮਾਨਸਾ 'ਚ ਕੁਦਰਤ ਦੀ ਮਾਰ, ਔਰਤ 'ਤੇ ਕਹਿਰ ਬਣ ਵਰ੍ਹਿਆ ਮੀਂਹ
ਮਹਿਲਾ ਦਿਵਸ ’ਤੇ ਖਾਸ : ਪੰਜਾਬ ਦੀ ਸਭ ਤੋਂ ਘੱਟ ਉਮਰ ਦੀ ਸਰਪੰਚ ਸ਼ੈਸ਼ਨਦੀਪ ਕੌਰ (ਵੀਡੀਓ)
NEXT STORY