ਜਲੰਧਰ, (ਧਵਨ)- ਇਨਕਮ ਟੈਕਸ ਵਿਭਾਗ ਵੱਲੋਂ ਛੋਟੇ ਕਸਬੇ ਵੱਲ ਵੀ ਰੁਖ ਕੀਤਾ ਗਿਆ ਹੈ ਤੇ ਇਨ੍ਹਾਂ ਕਸਬਿਆਂ 'ਚ ਘੱਟ ਟੈਕਸ ਦਾ ਭੁਗਤਾਨ ਕਰਨ ਵਾਲੀਆਂ ਵਪਾਰਕ ਇਕਾਈਆਂ ਵੀ ਵਿਭਾਗ ਦੇ ਨਿਸ਼ਾਨੇ 'ਤੇ ਆ ਗਈਆਂ ਹਨ। ਵਿਭਾਗੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਨਕਮ ਟੈਕਸ ਵਿਭਾਗ ਦੇ ਪ੍ਰਿੰਸੀਪਲ ਇਨਕਮ ਟੈਕਸ ਕਮਿਸ਼ਨਰ ਜਲੰਧਰ-2 ਪੀ. ਐੱਮ. ਸ਼ਿਵਾ ਕੁਮਾਰ ਦੇ ਨਿਰਦੇਸ਼ਾਂ ਤੇ ਐਡੀਸ਼ਨਲ ਕਮਿਸ਼ਨਰ ਏ. ਐੱਨ. ਮਿਸ਼ਰਾ (ਰੇਂਜ 4) ਦੇ ਨਿਰੀਖਣ ਵਿਚ ਭੋਗਪੁਰ ਵਿਚ ਸੈਣੀ ਕਲਾਥ ਹਾਊਸ ਦਾ ਸਰਵੇ ਕੀਤਾ ਗਿਆ।
ਸਰਵੇ ਦੀ ਕਾਰਵਾਈ ਮੰਗਲਵਾਰ ਸਵੇਰੇ ਸ਼ੁਰੂ ਹੋਈ ਸੀ ਜੋ ਅੱਜ ਸਵੇਰੇ ਖਤਮ ਹੋਈ। ਇਸ ਦੌਰਾਨ ਸੈਣੀ ਕਲਾਥ ਹਾਊਸ ਨੇ ਵਿਭਾਗ ਦੇ ਸਾਹਮਣੇ 70 ਲੱਖ ਰੁਪਏ ਦੀ ਰਾਸ਼ੀ ਸਰੰਡਰ ਕੀਤੀ। ਇਨਕਮ ਟੈਕਸ ਵਿਭਾਗ ਨੂੰ ਇਸ ਵਿਚੋਂ 30 ਫੀਸਦੀ ਰਕਮ ਟੈਕਸ ਦੇ ਤੌਰ 'ਤੇ ਹਾਸਲ ਹੋਵੇਗੀ। ਛੋਟੇ ਕਸਬਿਆਂ ਵਿਚ ਵੀ ਕਈ ਵਪਾਰਕ ਇਕਾਈਆਂ ਅਜਿਹੀਆਂ ਹਨ ਜੋ ਆਪਣੀ ਆਮਦਨ ਦੇ ਮੁਕਾਬਲੇ ਘੱਟ ਟੈਕਸ ਦੇ ਰਹੀਆਂ ਹਨ।
ਸਰਵੇ ਦੀ ਕਾਰਵਾਈ 'ਚ ਕਿਹੜੇ-ਕਿਹੜੇ ਅਧਿਕਾਰੀ ਸ਼ਾਮਲ ਹੋਏ
ਇਨਕਮ ਟੈਕਸ ਵਿਭਾਗ ਵੱਲੋਂ ਭੋਗਪੁਰ ਵਿਚ ਕੀਤੀ ਗਈ ਸਰਵੇ ਦੀ ਕਾਰਵਾਈ ਵਿਚ ਸੀਨੀਅਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਇਸ ਵਿਚ ਡਿਪਟੀ ਕਮਿਸ਼ਨਰ ਐੱਸ. ਐੱਸ. ਪਰਮਾਰ, ਆਈ. ਟੀ. ਓ. ਵਿਨੀਤ ਕੁਮਾਰ, ਆਈ. ਟੀ. ਓ. ਸੋਮਨਾਥ ਤੇ ਆਈ. ਟੀ. ਓ. ਅਨਿਲ ਭੱਟੀ ਨੇ ਵੀ ਹਿੱਸਾ ਲਿਆ। ਲੰਮੇ ਸਮੇਂ ਤੱਕ ਚੱਲੀ ਕਾਰਵਾਈ ਦੌਰਾਨ ਵਪਾਰਕ ਇਕਾਈ ਨੇ ਰਾਸ਼ੀ ਸਰੰਡਰ ਵਿਚ ਵੀ ਆਪਣੀ ਭਲਾਈ ਸਮਝੀ। ਛੋਟੇ ਜਿਹੇ ਕਸਬੇ ਵਿਚ ਵਿਭਾਗ ਦੇ ਸਾਹਮਣੇ 70 ਲੱਖ ਰੁਪਏ ਦੀ ਰਾਸ਼ੀ ਸਰੰਡਰ ਹੋਣਾ ਵਿਭਾਗ ਦੀ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।
ਜਲੰਧਰ 'ਚ ਵਿਭਾਗ ਦੀ ਵੱਡੀ ਉਪਲਬਧੀ
ਬੀਤੇ ਦਿਨ ਇਨਕਮ ਟੈਕਸ ਵਿਭਾਗ ਦੇ ਪ੍ਰਿੰਸੀਪਲ ਕਮਿਸ਼ਨਰ ਜਲੰਧਰ ਪੀ. ਐੱਮ. ਸ਼ਿਵਾ ਕੁਮਾਰ ਤੇ ਜੁਆਇੰਟ ਕਮਿਸ਼ਨਰ ਬਲਵਿੰਦਰ ਕੌਰ ਦੇ ਨਿਰਦੇਸ਼ਾਂ ਨਾਲ ਇਨਕਮ ਟੈਕਸ ਅਧਿਕਾਰੀਆਂ ਵੱਲੋਂ ਜਲੰਧਰ ਵਿਚ ਨੰਦਾ ਗੰਨ ਹਾਊਸ ਦੇ ਕੀਤੇ ਗਏ ਸਰਵੇ ਦੌਰਾਨ ਨੰਦਾ ਗੰਨ ਹਾਊਸ ਨੇ 60 ਲੱਖ ਰੁਪਏ ਦੀ ਰਾਸ਼ੀ ਸਰੰਡਰ ਕਰਨ ਦੀ ਪੇਸ਼ਕਸ਼ ਕੀਤੀ ਸੀ ਪਰ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ 1.05 ਕਰੋੜ ਦੀ ਰਾਸ਼ੀ ਸਰੰਡਰ ਕਰਵਾਉਣ ਵਿਚ ਸਫਲਤਾ ਹਾਸਲ ਕੀਤੀ। ਇਹ ਇਨਕਮ ਟੈਕਸ ਵਿਭਾਗ ਦੀ ਇਕ ਵੱਡੀ ਉਪਲਬਧੀ ਹੈ ਤੇ ਇਸ ਦਾ ਸਿਹਰਾ ਇਨਕਮ ਟੈਕਸ ਵਿਭਾਗ ਦੇ ਸਾਰੇ ਅਧਿਕਾਰੀਆਂ ਤੇ ਟੀਮ ਮੈਂਬਰਾਂ ਨੂੰ ਜਾਂਦਾ ਹੈ। ਇਸ ਕਾਰਵਾਈ ਤੋਂ ਉਨ੍ਹਾਂ ਟੈਕਸ ਦਾਤਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਹ ਖੁਦ ਅੱਗੇ ਆ ਕੇ ਜਾਇਜ਼ ਇਨਕਮ ਟੈਕਸ ਦਾ ਭੁਗਤਾਨ ਕਰਨ ਤਾਂ ਜੋ ਇਨਕਮ ਟੈਕਸ ਵਿਭਾਗ ਨੂੰ ਅਜਿਹੀ ਕਾਰਵਾਈ ਕਰਨ ਦੀ ਲੋੜ ਹੀ ਨਾ ਪਵੇ। ਟੈਕਸ ਦਾਤਾ ਅਜਿਹਾ ਕਰ ਕੇ ਜਿਥੇ ਖੁਦ ਚੈਨ ਨਾਲ ਰਹਿਣਗੇ, ਉਥੇ ਦੇਸ਼ ਦੇ ਵਿਕਾਸ ਵਿਚ ਵੀ ਆਪਣਾ ਯੋਗਦਾਨ ਪਾ ਸਕਣਗੇ।
ਬਠਿੰਡਾ ਸਿੰਘ ਮਰਡਰ ਕੇਸ ਦੇ ਚਾਰੋਂ ਮੁਲਜ਼ਮ 2 ਦਿਨ ਦੇ ਪੁਲਸ ਰਿਮਾਂਡ 'ਤੇ
NEXT STORY