ਸੰਗਰੂਰ (ਵਿਕਾਸ)-ਅਜੋਕੇ ਯੁੱਗ ਵਿਚ ਅਜਿਹੇ ਬਹੁਤ ਘੱਟ ਵਿਅਕਤੀ ਮਿਲਦੇ ਹਨ ਜੋ ਦੇਸ਼ ’ਚ ਏਕਤਾ, ਭਾਈਚਾਰੇ ਤੇ ਆਪਸੀ ਪ੍ਰੇਮ ਦਾ ਸੰਦੇਸ਼ ਦੇਣ ਲਈ ਇਕੱਲੇ ਹੀ ਨਿਕਲ ਪੈਂਦੇ ਹਨ ਅਤੇ ਇਸ ਕਾਰਜ ਲਈ ਨਾ ਤਾਂ ਉਹ ਕਿਸੇ ਦੀ ਮਦਦ ਲੈਂਦੇ ਹਨ ਤੇ ਨਾ ਹੀ ਉਨ੍ਹਾਂ ਨੂੰ ਆਪਣਾ ਨਾਂ ਕਮਾਉਣ ਦੀ ਇੱਛਾ ਹੁੰਦੀ ਹੈ। ਅਜਿਹੇ ਹੀ ਲੋਕਾਂ ’ਚੋਂ ਇਕ ਹਨ ਬਠਿੰਡਾ ਵਾਸੀ ਰਜਿੰਦਰ ਗੁਪਤਾ ਜੋ ਪਿਛਲੇ 30 ਸਾਲਾਂ ਤੋਂ ਸਾਈਕਲ ਯਾਤਰਾ ਕਰ ਰਹੇ ਹਨ ਤੇ ਜਿਥੇ ਵੀ ਜਾਂਦੇ ਹਨ, ਉਥੇ ਹੀ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ। ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਜ਼ਿਆਦਾਤਰ ਯਾਤਰਾਵਾਂ ਧਾਰਮਕ ਅਸਥਾਨਾਂ ਦੀਆਂ ਹੀ ਹੁੰਦੀਆਂ ਹਨ। ਉਹ ਹੁਣ ਤੱਕ 30 ਸਾਲਾਂ ਵਿਚ ਸਾਈਕਲ ’ਤੇ 5 ਲੱਖ 47 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਾਈਕਲ ’ਤੇ 119 ਵਾਰੀ ਵੈਸ਼ਨੋ ਦੇਵੀ, ਕਾਂਗਡ਼ਾ, ਚਾਮੁੰਡਾ ਦੇਵੀ, ਜਵਾਲਾ ਜੀ, ਚਿੰਤਪੂਰਨੀ, ਨੈਣਾਂ ਦੇਵੀ ਤੇ ਮਨਸਾ ਦੇਵੀ ਦੀ ਯਾਤਰਾ ਕਰ ਲਈ ਹੈ ਤੇ ਅੱਜ ਵੀਰਵਾਰ ਨੂੰ ਉਹ ਇਲਾਹਾਬਾਦ ਤੋਂ ਕਾਂਵਡ਼ ਲੈ ਕੇ ਇਥੇ ਪਹੁੰਚੇ ਹਨ। ਗੁਪਤਾ ਨੇ ਦੱਸਿਆ ਕਿ ਇਲਾਹਾਬਾਦ ਪ੍ਰਯਾਗਰਾਜ ਤੋਂ ਲਿਆਂਦਾ ਗਿਆ ਜਲ ਉਹ 4 ਮਾਰਚ ਨੂੰ ਸ਼ਿਵਰਾਤਰੀ ਮੌਕੇ ਬਠਿੰਡਾ ਸਥਿਤ ਪੀਪਲ ਵਾਲਾ ਮੰਦਰ ਵਿਚ ਚੜ੍ਹਾਉਣਗੇ, ਜਿਸ ਤੋਂ ਬਾਅਦ ਉਹ 16ਵੀਂ ਵਾਰ ਬਾਬਾ ਬਰਫਾਨੀ ਸ਼੍ਰੀ ਅਮਰਨਾਥ ਜੀ ਦੀ ਯਾਤਰਾ ’ਤੇ ਸਾਈਕਲ ’ਤੇ ਜਾਣ ਦੀ ਤਿਆਰੀ ਕਰਨਗੇ। ਇਸ ਸਬੰਧੀ ਰਜਿੰਦਰ ਗੁਪਤਾ ਨੇ ਬਠਿੰਡਾ ਪ੍ਰਸ਼ਾਸਨ ਤੋਂ ਉਨ੍ਹਾਂ ਨੂੰ ਮਨਜ਼ੂਰੀ ਦੇਣ ਦੀ ਮੰਗ ਕੀਤੀ ਹੈ।
ਬੱਚਿਆਂ ਨੂੰ ਸਬਜ਼ੀਆਂ ਦੀਆਂ ਕਿਸਮਾਂ ਬਾਰੇ ਦੱਸਿਆ
NEXT STORY