ਸੰਗਰੂਰ (ਰਾਜੇਸ਼ ਕੋਹਲੀ) : ਸੇਵਾ ਅਜਿਹੀ, ਜੋ ਤੁਹਾਨੂੰ ਰੂਹ ਦਾ ਸਕੂਨ ਦੇਵੇ। ਤੁਹਾਡੀ ਆਤਮਾ ਨੂੰ ਤ੍ਰਿਪਤ ਕਰ ਦੇਵੇ ਤੇ ਦੂਜੇ ਦੇ ਅੰਦਰ ਗਿਆਨ ਦਾ ਚਾਨਣ ਕਰ ਦੇਵੇ। ਮਨੁੱਖਤਾ ਦੀ ਅਜਿਹੀ ਹੀ ਸੇਵਾ ਕਰ ਰਿਹਾ ਹੈ ਇਹ ਸਿੱਖ। ਸੰਗਰੂਰ ਦੇ ਇਕ ਛੋਟੇ ਜਿਹੇ ਪਿੰਡ ਸ਼ੇਰਪੁਰ ਦਾ ਰਹਿਣ ਵਾਲਾ ਭਾਨ ਸਿੰਘ ਜੱਸੀ ਉਨ੍ਹਾਂ ਗਰੀਬਾਂ ਦੇ ਘਰ ਗਿਆਨ ਦੇ ਚਾਨਣ ਨਾਲ ਰੁਸ਼ਨਾ ਰਿਹਾ ਹੈ, ਜਿਥੇ ਨਾ ਤਾਂ ਬਿਜਲੀ ਦਾ ਚਾਨਣ ਹੈ ਤੇ ਨਾ ਹੀ ਕੋਈ ਹੋਰ ਸੁੱਖ ਸਹੂਲਤ। ਬਿਜਲੀ ਵਿਭਾਗ 'ਚ ਮੁਲਾਜ਼ਮ ਭਾਨ ਸਿੰਘ ਪਿਛਲੇ 16 ਸਾਲਾਂ ਤੋਂ ਝੁੱਗੀ-ਝੌਪੜੀਆਂ 'ਚ ਰਹਿਣ ਵਾਲੇ ਬੱਚਿਆਂ ਨੂੰ ਮੁਫਤ ਸਿੱਖਿਆ ਦੇ ਰਿਹਾ ਹੈ। ਸਿਰਫ ਸਿੱਖਿਆ ਹੀ ਨਹੀਂ, ਬੱਚਿਆਂ ਦੀਆਂ ਕਾਪੀਆਂ-ਕਿਤਾਬਾਂ ਤੇ ਸਕੂਲ 'ਚ ਪੜ੍ਹਣ ਵਾਲਿਆਂ ਲਈ ਵਰਦੀਆਂ ਦਾ ਵੀ ਇੰਤਜ਼ਾਮ ਕੀਤਾ ਜਾ ਰਿਹਾ ਹੈ।

ਭਾਨ ਸਿੰਘ ਨੇ ਦੱਸਿਆ ਕਿ ਸਾਲ 2003 ਵਿਚ ਉਹ ਜਦੋਂ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੇ ਸਨ ਤਾਂ ਉਨ੍ਹਾਂ ਨੇ ਸੰਗਰੂਰ ਦੇ ਸ਼ੇਰਪੁਰ ਕਸਬੇ ਵਿਚ ਜੋਗੀ ਨਾਥਾਂ ਦੇ ਬੱਚਿਆਂ ਨੂੰ ਗਲੀਆਂ ਵਿਚ ਘੁੰਮਦੇ ਕੂੜਾ ਇਕੱਠਾ ਕਰਦੇ ਦੇਖਿਆ ਤਾਂ ਉਨ੍ਹਾਂ ਦੇ ਮਨ ਵਿਚ ਖਿਆਲ ਆਇਆ ਕਿ ਉਨ੍ਹਾਂ ਦੇ ਬੱਚੇ ਤਾਂ ਚੰਗੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਪਰ ਇਨ੍ਹਾਂ ਬੱਚਿਆਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਉਦੋਂ ਜੱਸੀ ਨੇ ਮਨ ਵਿਚ ਠਾਨ ਲਈ ਸੀ ਕਿ ਉਹ ਇਨ੍ਹਾਂ ਬੱਚਿਆਂ ਨੂੰ ਸਿੱਖਿਆ ਦਾ ਗਿਆਨ ਦੇਣਗੇ। ਇਸ ਤੋਂ ਬਾਅਦ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲੱਮ ਸੋਸਾਇਟੀ ਬਣਾਈ, ਜਿਸ ਦੀ ਸ਼ੁਰੂਆਤ ਸੰਗਰੂਰ ਦੇ ਸ਼ੇਰਪੁਰ ਕਸਬੇ ਤੋਂ ਕੀਤੀ ਅਤੇ ਅੱਜ ਉਨ੍ਹਾਂ ਵੱਲੋਂ 5-6 ਜ਼ਿਲਿਆਂ ਅਜਿਹੇ ਗਿਆਨ ਦੇ ਮੰਦਿਰ ਚਲਾਏ ਜਾ ਰਹੇ ਹਨ। ਇਨ੍ਹਾਂ ਸਕੂਲਾਂ ਵਿਚ 1200 ਦੇ ਕਰੀਬ ਬੱਚੇ ਪੜ੍ਹ ਰਹੇ ਹਨ।

ਇਸ ਨੇਕ ਕੰਮ 'ਚ ਜੱਸੀ ਦਾ ਸਾਥ ਇਕ ਸਰਕਾਰੀ ਅਧਿਆਪਕ ਵੀ ਪਿਛਲੇ ਕਈ ਸਾਲਾਂ ਤੋਂ ਦੇ ਰਿਹਾ ਹੈ ਜੋ ਸਕੂਲ ਟਾਈਮ ਤੋਂ ਬਾਅਦ 2 ਘੰਟੇ ਲਈਸਲੱਮ ਏਰੀਏ 'ਚ ਪਹੁੰਚ ਕੇ ਇਨ੍ਹਾਂ ਬੱਚਿਆਂ ਨੂੰ ਪੜ੍ਹਾ ਰਿਹਾ ਹੈ। ਸਿੱਖ ਦੀ ਸੇਵਾ ਤੋਂ ਜਿਥੇ ਬੱਚਿਆਂ ਦੇ ਪਰਿਵਾਰ ਬੇਹੱਦ ਖੁਸ਼ ਹਨ, ਉਥੇ ਹੀ ਬੱਚੇ ਵੀ ਪੂਰੇ ਉਤਸ਼ਾਹ ਨਾਲ ਪੜ੍ਹਾਈ 'ਚ ਦਿਲਚਸਪੀ ਲੈ ਰਹੇ ਹਨ ਤੇ ਪੜ੍ਹਾਈ ਕਰ ਕੇ ਕਾਫੀ ਖੁਸ਼ ਵੀ ਹਨ।
ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੰਸਥਾ ਚਲਾ ਰਹੇ ਭਾਨ ਸਿੰਘ ਜੱਸੀ ਨੂੰ ਇਸ ਗੱਲ ਦਾ ਰੰਜ ਹੈ ਕਿ ਸਰਕਾਰਾਂ ਨੇ ਕਦੇ ਇਨ੍ਹਾਂ ਗਰੀਬਾਂ ਦੇ ਬੱਚਿਆਂ ਦੀ ਐਜੂਕੇਸ਼ਨ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਇਸ ਬਾਰੇ ਸਿੱਖਿਆ ਮੰਤਰੀ ਨੂੰ ਮਿਲਣ ਦੀ ਗੱਲ ਵੀ ਕਹੀ। ਭਾਨ ਸਿੰਘ ਜੱਸੀ ਦੀ ਇਹ ਨਿਸ਼ਕਾਮ ਸੇਵਾ ਸਚਮੁੱਚ ਕਾਬਿਲ-ਏ-ਤਾਰੀਫ ਹੈ, ਜਿਸ ਨੂੰ ਤੁਸੀਂ ਵੀ ਸਲਾਮ ਕਰੋਗੇ ਪਰ ਸਰਕਾਰ ਭਾਨ ਸਿੰਘ ਦੇ ਸੁਝਾਅ 'ਤੇ ਕਿੰਨਾ ਅਮਲ ਕਰਦੀ ਹੈ ਤੇ ਸਲੱਮ ਏਰੀਏ ਦੇ ਬੱਚਿਆਂ ਪ੍ਰਤੀ ਆਪਣੇ ਫਰਜ਼ ਨੂੰ ਕਿੰਝ ਨਿਭਾਉਂਦੀ ਹੈ ਇਹ ਤਾਂ ਆਉਣ ਵਾਲਾ ਸੋਮਾਂ ਹੀ ਦੱਸੇਗਾ।
ਪਟਿਆਲਾ 'ਚ ਮੀਂਹ, ਸੜਕ 'ਤੇ ਖੜ੍ਹਾ ਪਾਣੀ ਬਣਿਆ ਕਾਲਦੂਤ! (ਤਸਵੀਰਾਂ)
NEXT STORY