ਅੰਮ੍ਰਿਤਸਰ, (ਨੀਰਜ)- ਇਕ ਪਾਸੇ ਜ਼ਿਲਾ ਪ੍ਰਸ਼ਾਸਨ ਵੱਲੋਂ ਪੂਰੇ ਜ਼ਿਲੇ ’ਚ ਸਵੱਛ ਭਾਰਤ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਖੁਦ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਇਸ ਅਭਿਆਨ ਦੀ ਨਿਗਰਾਨੀ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਜ਼ਿਲੇ ਦੇ ਆਰ. ਟੀ. ਏ. ਦਫਤਰ ਵਿਚ ਬਣਾਏ ਗਏ ਸੇਵਾ ਕੇਂਦਰ ’ਚ ਸਵੱਛ ਭਾਰਤ ਅਭਿਆਨ ਦੀ ਹਵਾ ਨਿਕਲਦੀ ਦਿਖਾਈ ਦੇ ਰਹੀ ਹੈ। ਸੇਵਾ ਕੇਂਦਰ ਦੇ ਅੰਦਰ ਗੰਦਗੀ ਦਾ ਆਲਮ ਇੰਨਾ ਹੈ ਕਿ ਇਥੇ ਖਡ਼੍ਹੇ ਹੋਣ ਵਿਚ ਲੋਕਾਂ ਨੂੰ ਮੁਸ਼ਕਿਲ ਆ ਰਹੀ ਹੈ। ਸੇਵਾ ਕੇਂਦਰ ਦੇ ਅੰਦਰ ਚਾਰੇ ਪਾਸੇ ਕੂਡ਼ਾ ਖਿੱਲਰਿਆ ਦਿਖਾਈ ਦਿੰਦਾ ਹੈ। ਇਥੋਂ ਤੱਕ ਕਿ ਸੇਵਾ ਕੇਂਦਰ ਦੀਆਂ ਦੀਵਾਰਾਂ ਤੱਕ ਕੂਡ਼ਾ ਰੱਖਿਆ ਹੋਇਆ ਨਜ਼ਰ ਆਉਂਦਾ ਹੈ। ਇੰਨਾ ਹੀ ਨਹੀਂ, ਸੇਵਾ ਕੇਂਦਰ ਦੇ ਕਈ ਕਾਊਂਟਰ ਖਾਲੀ ਰਹਿੰਦੇ ਹਨ ਅਤੇ ਇਥੇ ਕਰਮਚਾਰੀ ਨਦਾਰਦ ਰਹਿੰਦੇ ਹਨ। ਜ਼ਿਆਦਾਤਰ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ, ਜਿਸ ਕਰ ਕੇ ਲੋਕ ਪ੍ਰੇਸ਼ਾਨ ਹੋ ਕੇ ਆਰ. ਟੀ. ਏ. ਦਫਤਰ ਨਾਲ ਜੁਡ਼ੇ ਏਜੰਟਾਂ ਦੇ ਹੱਥੇ ਚਡ਼੍ਹ ਰਹੇ ਹਨ ਅਤੇ ਸਰਕਾਰੀ ਫੀਸ ਤੋਂ ਕਈ ਗੁਣਾ ਵੱਧ ਫੀਸ ਦੇ ਕੇ ਆਪਣਾ ਆਰਥਿਕ ਸ਼ੋਸ਼ਣ ਕਰਵਾਉਣ ਨੂੰ ਮਜਬੂਰ ਹੋ ਰਹੇ ਹਨ। ਹਾਲਾਂਕਿ ਮੌਜੂਦਾ ਸਮੇਂ ’ਚ ਆਰ. ਟੀ. ਏ. ਦਫਤਰ ਦਾ ਸੇਵਾ ਕੇਂਦਰ ਨਾਲ ਕੋਈ ਸਿੱਧਾ ਲੈਣਾ-ਦੇਣਾ ਨਹੀਂ ਹੈ।
ਪਿਛਲੇ ਸਾਲਾਂ ਦੌਰਾਨ ਜਦੋਂ ਆਰ. ਟੀ. ਏ. ਦਫਤਰ ਡੀ. ਟੀ. ਓ. ਦਫਤਰ ਹੁੰਦਾ ਸੀ ਤਾਂ ਉਸ ਸਮੇਂ ਸੇਵਾ ਕੇਂਦਰ ਵੀ ਡੀ. ਟੀ. ਓ. ਸਹੂਲਤ ਕੇਂਦਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਜੋ ਸਿੱਧਾ ਡੀ. ਟੀ. ਓ. ਦੀ ਨਿਗਰਾਨੀ ਵਿਚ ਕੰਮ ਕਰਦਾ ਸੀ ਪਰ ਨਾ ਤਾਂ ਡੀ. ਟੀ. ਓ. ਦਫਤਰ ਰਿਹਾ ਤੇ ਨਾ ਹੀ ਸਹੂਲਤ ਕੇਂਦਰ ਰਿਹਾ। ਦੋਵਾਂ ਦੇ ਨਾਂ ਅਤੇ ਪਰਿਭਾਸ਼ਾ ਕੈਪਟਨ ਸਰਕਾਰ ਨੇ ਸੱਤਾ ’ਚ ਆਉਣ ਤੋਂ ਬਾਅਦ ਬਦਲ ਦਿੱਤੀ ਹੈ। ਡੀ. ਟੀ. ਓ . ਸਹੂਲਤ ਕੇਂਦਰ ਨੂੰ ਸੇਵਾ ਕੇਂਦਰ ਦਾ ਨਾਂ ਤੇ ਡੀ. ਟੀ. ਓ. ਦਫਤਰ ਨੂੰ ਆਰ. ਟੀ. ਏ ਦਫਤਰ ਦਾ ਨਾਂ ਦੇ ਦਿੱਤਾ ਗਿਆ, ਜਦੋਂ ਕਿ ਡੀ. ਟੀ. ਓ. ਸੇਵਾ ਕੇਂਦਰ ਦੇ ਸਮੇਂ-ਸਮੇਂ ’ਤੇ ਤਾਇਨਾਤ ਡੀ. ਟੀ. ਓ. ਦਫਤਰ ਦੇ ਕਰਮਚਾਰੀਆਂ ’ਤੇ ਨਜ਼ਰ ਰੱਖਦੇ ਸਨ ਪਰ ਮੌਜੂਦਾ ਸਮੇਂ ਵਿਚ ਆਰ. ਟੀ. ਏ. ਸੇਵਾ ਕੇਂਦਰ ਦੀ ਹਾਲਤ ਖਸਤਾ ਨਜ਼ਰ ਆ ਰਹੀ ਹੈ, ਜਿਸ ਬਾਰੇ ਜ਼ਿਲਾ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋਡ਼ ਹੈ।
ਆਰ. ਟੀ. ਏ. ਚਾਹੁਣ ਤਾਂ ਰੱਖ ਸਕਦੇ ਹਨ ਸਫਾਈ ਦਾ ਧਿਆਨ : ਹਾਲਾਂਕਿ ਆਰ. ਟੀ. ਏ. ਅੰਮ੍ਰਿਤਸਰ ਦਾ ਦਫਤਰ ਵਿਚ ਚੱਲ ਰਹੇ ਸੇਵਾ ਕੇਂਦਰ ਨਾਲ ਸਿੱਧਾ ਕੋਈ ਲੈਣਾ-ਦੇਣਾ ਨਹੀਂ ਹੈ ਪਰ ਸਵੱਛ ਭਾਰਤ ਅਭਿਆਨ ਦੀ ਗੱਲ ਕਰੀਏ ਤਾਂ ਆਰ. ਟੀ. ਏ. ਚਾਹੁਣ ਤਾਂ ਉਹ ਦਫਤਰ ਵਿਚ ਬਣੇ ਸੇਵਾ ਕੇਂਦਰ ਦਾ ਧਿਆਨ ਰੱਖ ਸਕਦੇ ਹਨ। ਸਵੱਛ ਭਾਰਤ ਅਭਿਆਨ ਤਹਿਤ ਡੀ. ਸੀ. ਕਮਲਦੀਪ ਸਿੰਘ ਸੰਘਾ ਵੱਲੋਂ ਸਾਰੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਦਫਤਰਾਂ ’ਚ, ਦਫਤਰਾਂ ਦੇ ਆਸ-ਪਾਸ ਸਫਾਈ ਰੱਖਣ ਤੇ ਵੱਧ ਤੋਂ ਵੱਧ ਬੂਟੇ ਲਾਉਣ ਪਰ ਇਥੇ ਆਰ. ਟੀ. ਏ. ਵੱਲੋਂ ਦਫਤਰ ’ਚ ਬੂਟੇ ਜ਼ਰੂੁਰ ਲਾਏ ਜਾ ਰਹੇ ਹਨ ਪਰ ਸਫਾਈ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ। ਹਾਲਾਂਕਿ ਆਰ. ਟੀ. ਏ. ਦਫਤਰ ਦੀ ਹੀ ਇਮਾਰਤ ਵਿਚ ਜ਼ਿਲਾ ਫੂਡ ਸਪਲਾਈ ਵਿਭਾਗ ਤੋਂ ਇਲਾਵਾ ਸੀ. ਆਈ. ਡੀ. ਦਾ ਵੀ ਦਫਤਰ ਹੈ ਪਰ ਦਫਤਰਾਂ ਦੇ ਅਧਿਕਾਰੀਆਂ ਵੱਲੋਂ ਸਵੱਛ ਭਾਰਤ ਅਭਿਆਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ।
ਜ਼ਿਲੇ ’ਚ ਬੰਦ ਕੀਤੇ ਜਾ ਚੁੱਕੇ ਹਨ 112 ਸੇਵਾ ਕੇਂਦਰ : ਸੇਵਾ ਕੇਂਦਰਾਂ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੱਲੋਂ ਮਿਲੇ ਅੰਕਡ਼ਿਆਂ ਤੋਂ ਪਤਾ ਲੱਗਦਾ ਹੈ ਕਿ ਅੰਮ੍ਰਿਤਸਰ ਜ਼ਿਲੇ ’ਚ ਪਿਛਲੇ 6 ਮਹੀਨਿਆਂ ਦੌਰਾਨ 112 ਸੇਵਾ ਕੇਂਦਰ ਬੰਦ ਕੀਤੇ ਜਾ ਚੁੱਕੇ ਹਨ, ਜਦੋਂ ਕਿ ਸਾਬਕਾ ਅਕਾਲੀ-ਭਾਜਪਾ ਗਠਜੋਡ਼ ਸਰਕਾਰ ਵੱਲੋਂ 153 ਸੇਵਾ ਕੇਂਦਰ ਜ਼ਿਲੇ ’ਚ ਖੋਲ੍ਹੇ ਗਏ ਸਨ। ਮੌਜੂਦਾ ਸਮੇਂ ਵਿਚ ਅੰਮ੍ਰਿਤਸਰ ਜ਼ਿਲੇ ’ਚ ਸਿਰਫ 41 ਸੇਵਾ ਕੇਂਦਰ ਹੀ ਚੱਲ ਰਹੇ ਹਨ। ਸੇਵਾ ਕੇਂਦਰਾਂ ਵਿਚ ਕੰਮ ਕਰਨ ਵਾਲੇ ਸਫਾਈ ਕਰਮਚਾਰੀਆਂ ਨੂੰ ਵੀ ਕੱਢਿਆ ਜਾ ਚੁੱਕਾ ਹੈ। ਇਥੋਂ ਤੱਕ ਕਿ ਆਰ. ਟੀ. ਏ. ਸੇਵਾ ਕੇਂਦਰ ਵਿਚ ਇੰਟਰਨੈੱਟ ਦੀ ਸਹੂਲਤ ਵੀ ਸੇਵਾ ਕੇਂਦਰਾਂ ਨਾਲ ਸਬੰਧਤ ਕੰਪਨੀ ਵੱਲੋਂ ਨਹੀਂ ਦਿੱਤੀ ਗਈ। ਸੇਵਾ ਕੇਂਦਰ ਵਿਚ ਕੰਮ ਕਰਨ ਵਾਲੇ ਕਰਮਚਾਰੀ ਜੁਗਾਡ਼ ਨਾਲ ਕੰਮ ਚਲਾ ਰਹੇ ਹਨ।
ਦਫਤਰ ਦੇ ਭ੍ਰਿਸ਼ਟ ਕਰਮਚਾਰੀ ਵੀ ਚਰਚਾ ’ਚ : ਆਰ. ਟੀ. ਏ. ਸੇਵਾ ਕੇਂਦਰ ਵਿਚ ਤਾਂ ਗੰਦਗੀ ਦਾ ਆਲਮ ਹੈ ਹੀ, ਉਥੇ ਹੀ ਆਰ. ਟੀ. ਏ. ਦਫਤਰ ’ਚ ਵੀ ਕੁਝ ਸਰਕਾਰੀ ਕਰਮਚਾਰੀਆਂ ਹਨ, ਜਿਨ੍ਹਾਂ ’ਚ ਭ੍ਰਿਸ਼ਟਾਚਾਰ ਦੀ ਗੰਦਗੀ ਹੈ। ਅਜਿਹੇ ਕਰਮਚਾਰੀ ਇਸ ਸਮੇਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉੱਚੀ ਪਹੁੰਚ ਤੇ ਆਗੂਆਂ ਦੀ ਛਤਰ-ਛਾਇਆ ਕਾਰਨ ਕੁਝ ਕਰਮਚਾਰੀ ਵਿਭਾਗ ਦੀਅਾਂ ਅਜਿਹੀਅਾਂ ਸੀਟਾਂ ’ਤੇ ਤਾਇਨਾਤ ਹਨ, ਜਿਥੇ ਉਹ ਕਾਨੂੰਨੀ ਤੌਰ ’ਤੇ ਕੰਮ ਵੀ ਨਹੀਂ ਕਰ ਸਕਦੇ। ਹਾਲ ਹੀ ’ਚ ਹੁਸ਼ਿਆਰਪੁਰ ਜ਼ਿਲੇ ’ਚ ਹੋਏ ਡਰਾਈਵਿੰਗ ਲਾਇਸੈਂਸ ਘਪਲੇ ਦੇ ਤਾਰ ਅੰਮ੍ਰਿਤਸਰ ਆਰ. ਟੀ. ਏ. ਦਫਤਰ ਦੇ ਇਕ ਕਰਮਚਾਰੀ ਨਾਲ ਜੁਡ਼ਦੇ ਨਜ਼ਰ ਆ ਰਹੇ ਹਨ। ਇਸ ਸਬੰਧੀ ਡੀ. ਜੀ. ਪੀ. ਵਿਜੀਲੈਂਸ ਸਮੇਤ ਐੱਸ. ਐੱਸ. ਪੀ. ਵਿਜੀਲੈਂਸ ਨੂੰ ਵੀ ਸ਼ਿਕਾਇਤ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਅਜਿਹੇ ਕਰਮਚਾਰੀਆਂ ’ਤੇ ਕਾਰਵਾਈ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਤੋਂ ਇਲਾਵਾ 2 ਹੋਰ ਕਰਮਚਾਰੀ ਵੀ ਵਿਜੀਲੈਂਸ ਵਿਭਾਗ ਦੇ ਰਾਡਾਰ ’ਤੇ ਹਨ, ਜਿਨ੍ਹਾਂ ਬਾਰੇ ਆਉਣ ਵਾਲੇ ਦਿਨਾਂ ਵਿਚ ਵੱਡੇ ਖੁਲਾਸੇ ਹੋ ਸਕਦੇ ਹਨ।
ਕੈਬਨਿਟ ਮੰਤਰੀ ਦੇ ਹੁਕਮਾਂ ਤੋਂ ਬਾਅਦ PPCB ਦੇ 44 ਇੰਜੀਨੀਅਰਾਂ ਦੇ ਹੋਏ ਤਬਾਦਲੇ
NEXT STORY