ਰੂਪਨਗਰ, (ਕੈਲਾਸ਼)- ਦਸਮੇਸ਼ ਕਾਲੋਨੀ ਦੇ ਨਿਵਾਸੀਆਂ ਨੂੰ ਮੀਂਹ ਦੇ ਪਾਣੀ ਦੀ ਨਿਕਾਸੀ ਤੇ ਸੀਵਰੇਜ ਦੇ ਓਵਰਫਲੋਅ ਹੋਣ ਦੀ ਸਮੱਸਿਆ ਕਾਰਨ ਨਰਕਮਈ ਜ਼ਿੰਦਗੀ ਜਿਊਣੀ ਪੈ ਰਹੀ ਹੈ। ਕਾਲੋਨੀ ਨਿਵਾਸੀਆਂ ਹਰੀਸ਼ ਕੁਮਾਰ ਸੈਣੀ, ਦਲੀਪ ਸਿੰਘ, ਅਸ਼ੋਕ ਕੁਮਾਰ ਬੁੱਧੀਰਾਜਾ, ਰਜਿੰਦਰ ਸਿੰਘ, ਬਲਵੀਰ ਸਿੰਘ, ਰਾਜ ਰਾਣੀ ਤੇ ਕਮਲੇਸ਼ ਕੌਰ ਨੇ ਦੱਸਿਆ ਕਿ ਡੇਢ ਸਾਲ ਤੋਂ ਉਕਤ ਸਮੱਸਿਆ ਝੱਲ ਰਹੇ ਹਨ। ਮਲਹੋਤਰਾ ਕਾਲੋਨੀ ਦੇ ਮੁੱਖ ਮਾਰਗ ਦਾ ਨਿਰਮਾਣ ਕਰਦੇ ਸਮੇਂ ਜਦੋਂ ਉਸ ਨੂੰ ਉੱਚਾ ਕੀਤਾ ਗਿਆ ਤਾਂ ਦਸਮੇਸ਼ ਕਾਲੋਨੀ ਦੀਆਂ ਗਲੀਆਂ ਦਾ ਲੈਵਲ ਕਾਫੀ ਨੀਵਾਂ ਹੋ ਗਿਆ, ਜਿਸ ਕਾਰਨ ਮੀਂਹ ਦੇ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋਣ ਲੱਗੀ। ਇਥੋਂ ਤੱਕ ਕਿ ਮੀਂਹ ਸਮੇਂ ਸੀਵਰੇਜ ਓਵਰਫਲੋਅ ਹੋਣ ਕਾਰਨ ਪਾਣੀ ਘਰਾਂ 'ਚ ਵੀ ਦਾਖਲ ਹੋ ਗਿਆ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਨਿਕਾਸੀ ਲਈ ਇਕ ਨਾਲੇ ਦਾ ਨਿਰਮਾਣ ਵੀ ਸ਼ੁਰੂ ਕਰਵਾਇਆ ਗਿਆ ਪਰ ਪੰਜ ਮਹੀਨੇ ਬੀਤ ਜਾਣ 'ਤੇ ਵੀ ਉਕਤ ਨਿਰਮਾਣ ਪੂਰਾ ਨਹੀਂ ਹੋ ਸਕਿਆ। ਬੀਤੀ ਰਾਤ ਪਏ ਮੀਂਹ ਕਾਰਨ ਗਲੀਆਂ 'ਚ ਫਿਰ ਤੋਂ ਪਾਣੀ ਰੁਕ ਗਿਆ, ਜਿਸ ਕਾਰਨ ਲੋਕਾਂ ਦਾ ਆਉਣਾ-ਜਾਣਾ ਵੀ ਮੁਸ਼ਕਿਲ ਹੋ ਗਿਆ। ਉਹ ਮੌਜੂਦਾ ਡਿਪਟੀ ਕਮਿਸ਼ਨਰ ਗੁਰਨੀਤ ਤੇਜ ਨੂੰ ਵੀ ਉਕਤ ਜਾਣਕਾਰੀ ਦੇ ਚੁੱਕੇ ਹਨ, ਜਿਨ੍ਹਾਂ ਨੇ ਨਗਰ ਕੌਂਸਲ ਦੇ ਈ. ਓ. ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ਹਨ ਪਰ ਕੁਝ ਨਹੀਂ ਹੋਇਆ। ਉਨ੍ਹਾਂ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ, ਨਹੀਂ ਤਾਂ ਮੁਹੱਲਾ ਵਾਸੀ ਮਜਬੂਰਨ ਸੜਕਾਂ 'ਤੇ ਉਤਰਨਗੇ।
ਦੇਹ ਵਪਾਰ ਦੇ ਅੱਡਿਆਂ ਦਾ ਪਰਦਾਫਾਸ਼, 21 ਨਾਮਜ਼ਦ
NEXT STORY