ਮਾਨਸਾ (ਸੰਦੀਪ ਮਿੱਤਲ)- ਝੋਨੇ ਦੀ ਖਰੀਦ 'ਚ ਆਈ ਖੜੋਤ ਤੋੜਨ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਠੂਠਿਆਂਵਾਲੀ ਕੋਲ ਬਠਿੰਡਾ ਪਟਿਆਲਾ ਰੋਡ ਤੇ ਧਰਨਾ ਦੇ ਕੇ ਆਵਾਜਾਈ ਠੱਪ ਕਰਦਿਆਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਬੋਲਦਿਆਂ ਜ਼ਿਲਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਮੰਡੀਆਂ 'ਚ ਕਿਸਾਨ ਕਈ ਕਈ ਹਫਤਿਆਂ ਤੋਂ ਰੁਲ ਰਹੇ ਹਨ ਪਰ ਸਰਕਾਰ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਕਿਸਾਨ ਆਗੂ ਨੇ ਕਿਹਾ ਕਿ ਭਾਵੇਂ ਸਰਕਾਰੀ ਸ਼ਰਤਾਂ ਮੁਤਾਬਿਕ ਝੋਨੇ ਦੀ ਸਿੱਲ 17% ਖਰੀਦ ਲਈ ਸਹੀ ਮੰਨੀ ਗਈ ਹੈ ਪਰ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਪੈ ਰਹੀ ਧੁੰਦ ਕਾਰਨ ਸਿੱਲ ਦੀ ਮਾਤਰਾ ਵੱਧ ਗਈ ਹੈ ਜੋ ਹੁਣ ਕਿਸੇ ਵੀ ਕੀਮਤ ਤੇ ਘਟ ਨਹੀਂ ਸਕਦੀ। ਧੁੰਦ ਪੈਣ ਕਾਰਨ ਅਤੇ ਧੁੱਪ ਨਾ ਨਿਕਲਣ ਕਾਰਨ ਕਿਸਾਨ ਝੋਨਾ ਸੁਕਾ ਵੀ ਨਹੀਂ ਸਕਦੇ। ਉਨ੍ਹਾਂ ਮੰਗ ਕੀਤੀ ਕਿ ਝੋਨੇ ਦੀ ਖਰੀਦ ਕਰਨ ਸਮੇਂ ਸਿੱਲ ਦੀ ਮਾਤਰਾ 25% ਕੀਤੀ ਜਾਵੇ ਤਾਂ ਜੋ ਕਈ ਕਈ ਦਿਨਾਂ ਤੋਂ ਮੰਡੀਆਂ 'ਚ ਰੁੱਲ ਰਹੇ ਕਿਸਾਨਾਂ ਦਾ ਖੈੜਾ ਛੁੱਟ ਸਕੇ। ਉਨ੍ਹਾਂ ਕਿਹਾ ਜਿਲੇ ਦੀਆਂ ਸਾਰੀਆਂ ਮੰਡੀਆਂ ਝੋਨੇ ਨਾਲ ਨੱਕੋ ਨੱਕ ਭਰੀਆਂ ਪਈਆਂ ਹਨ, ਜਿਸਨੂੰ ਖਰੀਦਣ ਤੇ ਖਰੀਦ ਏਜੰਸੀਆਂ ਨੱਕ ਵੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਨੇ ਮਈ ਮਹੀਨੇ ਝੋਨਾ ਲਾਉਣ ਦੀ ਬਜਾਏ ਇੱਕ ਮਹੀਨਾ ਲੇਟ 15 ਜੂਨ ਤੋਂ ਬਾਅਦ ਲਾਉਣ ਦੀ ਹਦਾਇਤ ਕੀਤੀ ਸੀ ਤਾਂ ਹੁਣ ਇੱਕ ਮਹੀਨਾ ਲੇਟ ਬੀਜੇ ਝੋਨੇ ਦੀ ਵਢਾਈ ਵੇਲੇ ਧੁੰਦਾਂ ਪੈਣ ਕਾਰਨ ਹੁੰਦੇ ਨੁਕਸਾਨ ਦੀ ਸਰਕਾਰ ਜਿੰਮੇਵਾਰੀ ਲਵੇ।
ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀ ਵੱਡੀ ਸਮੱਸਿਆ ਨੂੰ ਅਣਗੌਲਿਆ ਕੀਤਾ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਸਵਾ ਘੰਟੇ ਚੱਲੇ ਜਾਮ ਦੌਰਾਨ ਮਾਨਸਾ ਦੇ ਐਸ.ਡੀ.ਐਮ. ਲਤੀਫ ਅਹਿਮਦ ਮੌਕੇ ਤੇ ਪਹੁੰਚੇ ਅਤੇ ਭਰੋਸਾ ਦਿੱਤਾ ਕਿ ਅੱਜ ਹੀ ਸਾਰੀਆਂ ਮੰਡੀਆਂ ਦਾ ਦੌਰਾ ਕਰਨਗੇ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਗੇ। ਜਾਮ ਦੇ ਦੌਰਾਨ ਪਿੰਡ ਠੂਠਿਆਂਵਾਲੀ, ਭੈਣੀਬਾਘਾ, ਤਾਮਕੋਟ, ਬੁਰਜ ਹਰੀ, ਬੁਰਜ ਰਾਠੀ, ਖੋਖਰ ਖੁਰਦ, ਭਾਈ ਦੇਸਾ, ਖੜਕ ਸਿੰਘ ਵਾਲਾ ਦੇ ਕਿਸਾਨ ਹਾਜਰ ਸਨ। ਇਸ ਮੌਕੇ ਜਗਦੇਵ ਸਿੰਘ ਭੈਣੀਬਾਘਾ, ਹਰਿੰਦਰ ਸਿੰਘ ਟੋਨੀ ਭੈਣੀਬਾਘਾ, ਬਲਵੀਰ ਸਿੰਘ ਭਾਈ ਦੇਸਾ ਅਤੇ ਲਾਭ ਸਿੰਘ ਖੋਖਰ ਆਦਿ ਨੇ ਵੀ ਸੰਬੋਧਨ ਕੀਤਾ।
ਰਾਸ਼ਟਰੀ ਸਿੱਖ ਸੰਗਤ ਦੀ ਹੋਈ ਬੈਠਕ, ਸ੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਰਾਹੀਂ ਦਿੱਤਾ ਸਪਸ਼ਟੀਕਰਨ
NEXT STORY