'ਇਨਸਾਫ ਮੋਰਚਾ ਬਰਗਾੜੀ' 39ਵੇਂ ਦਿਨ ਵੀ ਰਿਹਾ ਜਾਰੀ
ਬਰਗਾੜੀ(ਜ. ਬ.)—'ਇਨਸਾਫ ਮੋਰਚਾ ਬਰਗਾੜੀ' ਦੇ 39ਵੇਂ ਦਿਨ ਭਾਈ ਧਿਆਨ ਸਿੰਘ ਮੰਡ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਨਸਾਫ ਨਾ ਮਿਲਣ ਤੱਕ ਮੋਰਚਾ ਜਾਰੀ ਰਹੇਗਾ। ਅੱਜ ਜਥੇ ਸਮੇਤ ਮੋਰਚੇ 'ਚ ਸ਼ਾਮਲ ਹੋਏ ਗੁਰਦੁਆਰਾ ਬੋਬਣ ਢੱਕੀ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਖਾਲਸਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦਾ ਇਨਸਾਫ 24 ਘੰਟਿਆਂ 'ਚ ਮਿਲਣਾ ਚਾਹੀਦਾ ਸੀ ਪਰ ਅਫਸੋਸ ਕਿ ਸਿੱਖਾਂ ਦੀਆਂ ਵੋਟਾਂ ਨਾਲ ਬਣੀਆਂ ਸਰਕਾਰਾਂ ਨੇ ਇਨਸਾਫ ਦੇਣ ਵਿਚ ਕੋਈ ਦਿਲਚਸਪੀ ਹੀ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਗੁਰੂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦੇਣ ਵਿਚ, ਜੋ ਦੇਰੀ ਹੋਈ ਹੈ, ਉਹ ਨਹੀਂ ਸੀ ਹੋਣੀ ਚਾਹੀਦੀ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕੱਲੇ ਸਿੱਖਾਂ ਦੇ ਹੀ ਨਹੀਂ, ਬਲਕਿ ਸਾਰੀ ਮਨੁੱਖਤਾ ਦੇ ਗੁਰੂ ਹਨ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੰਘ ਸਾਹਿਬ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਦਾ ਇਨਸਾਫ ਲੈਣ ਲਈ ਮੋਰਚਾ ਹੀ ਨਹੀਂ ਸੰਭਾਲਿਆ, ਸਗੋਂ ਕੌਮ ਨੂੰ ਇਕ ਕੇਸਰੀ ਝੰਡੇ ਹੇਠ ਇਕੱਠਾ ਕਰਨ ਦਾ ਆਪਣਾ ਕੌਮੀ ਫਰਜ਼ ਪੂਰਾ ਕੀਤਾ ਹੈ। ਗੁਰੂ ਨੂੰ ਰੋਲਣ ਦਾ ਭਰਮ ਪਾਲਣ ਵਾਲੇ ਖੁਦ ਰੁਲ ਗਏ, ਇਹ ਅਕਾਲ ਪੁਰਖ ਦਾ ਇਨਸਾਫ ਹੈ। ਬਾਬਾ ਖਾਲਸਾ ਨੇ ਕਿਹਾ ਕਿ ਖਾਲਸੇ ਦੀ ਹਮੇਸ਼ਾ ਚੜ੍ਹਦੀ ਕਲਾ ਹੀ ਰਹਿਣੀ ਹੈ ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ ਹੈ। ਸਟੇਜ ਦੀ ਜ਼ਿੰਮੇਵਾਰੀ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਗਦੀਪ ਸਿੰਘ ਭੁੱਲਰ ਜ਼ੀਰਾ ਅਤੇ ਜਸਵਿੰਦਰ ਸਿੰਘ ਸਾਹੋਕੇ ਨੇ ਨਿਭਾਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਯੂਨਾਈਟਿਡ ਅਕਾਲੀ ਦਲ ਦੇ ਭਾਈ ਗੁਰਦੀਪ ਸਿੰਘ ਬਠਿੰਡਾ, ਅਕਾਲੀ ਦਲ 1920 ਦੇ ਬੂਟਾ ਸਿੰਘ ਰਣਸ਼ੀਂਹ ਕੇ, ਪ੍ਰੋ. ਮਹਿੰਦਰਪਾਲ ਸਿੰਘ, ਅਕਾਲੀ ਦਲ ਸੁਤੰਤਰ ਦੇ ਪਰਮਜੀਤ ਸਿੰਘ ਸਹੌਲੀ, ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ ਗਰੁੱਪ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ, ਬੋਹੜ ਸਿੰਘ ਰੁਪਈਆਂਵਾਲਾ ਜ਼ਿਲਾ ਪ੍ਰਧਾਨ ਫਰੀਦਕੋਟ, ਗੁਰਾਂਦਿੱਤਾ ਸਿੰਘ ਫਰੀਦਕੋਟ, ਇੰਦਰਜੀਤ ਸਿੰਘ ਘਣੀਆ, ਗੁਰਜਿੰਦਰ ਸਿੰਘ ਸਿੱਖ ਯੂਥ ਫੈੱਡਰੇਸਨ, ਬਲਜਿੰਦਰ ਸਿੰਘ ਬਾੜਾ ਭਾਈਕਾ, ਰਣਜੀਤ ਸਿੰਘ ਡੋਡ, ਗੁਰਸੇਵਕ ਸਿੰਘ ਜਵਾਹਰ ਕੇ, ਬਾਬਾ ਹਰਵਿੰਦਰ ਸਿੰਘ ਦਮਦਮੀ ਟਕਸਾਲ ਸਰਮਸਤਪੁਰ (ਜਲੰਧਰ), ਬਾਬਾ ਨਰਿੰਦਰ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜ਼ੂਰ ਸਾਹਿਬ, ਕੁਲਵੰਤ ਸਿੰਘ ਨਾਨਕਸਰ ਤਖਤੂਪੁਰਾ, ਜਥੇ. ਜਲੌਰ ਸਿੰਘ ਤਖਤ ਮਲਾਣਾ, ਭਾਈ ਬਲਜੀਤ ਸਿੰਘ ਚੰਦੂ ਮਾਜਰਾ, ਮੇਜਰ ਸਿੰਘ ਦਮਦਮੀ ਟਕਸਾਲ, ਬਾਬਾ ਧਰਮਵੀਰ ਸਿੰਘ ਘਰਾਂਗਣੇ ਵਾਲੇ, ਬਾਬਾ ਕੁਲਵੰਤ ਸਿੰਘ ਕਾਰ ਸੇਵਾ ਵਾਲੇ ਗੰਗਸਰ ਜੈਤੋ, ਬੀਬੀ ਇੰਦਰਜੀਤ ਕੌਰ ਖਾਲਸਾ, ਮੋਹਨ ਦਾਸ ਬਰਗਾੜੀ ਉਦਾਸੀ ਸੰਪਰਦਾ, ਜਗਮੀਤ ਸਿੰਘ ਬਰਾੜ, ਬਾਬਾ ਜਗਦੇਵ ਮੁਨੀ ਖਾਈ, ਮਾਤਾ ਗੁਰਦੇਵ ਕੌਰ ਯੂ. ਕੇ., ਅਮਰ ਸਿੰਘ ਬਰਗਾੜੀ ਆਦਿ ਸਮੇਤ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਮੋਰਚੇ 'ਚ ਸ਼ਮੂਲੀਅਤ ਕੀਤੀ। ਲੰਗਰ ਦੀ ਸੇਵਾ ਪਿੰਡ ਰਾਮੇਆਣਾ, ਬਾਬਾ ਬਲਕਾਰ ਸਿੰਘ ਭਾਗੋਕੇ ਜ਼ੀਰਾ, ਗੋਦਾਰਾ, ਬਹਿਬਲ, ਜੈਤੋ, ਤਰਨਤਾਰਨ ਆਦਿ ਪਿੰਡਾਂ ਦੀ ਸੰਗਤ ਵੱਲੋਂ ਕੀਤੀ ਗਈ।
ਨਸ਼ੇ ਵਾਲੇ ਟੀਕਿਅਾਂ ਤੇ ਸ਼ੀਸ਼ੀਆਂ ਸਮੇਤ ਵੱਖ-ਵੱਖ ਥਾਵਾਂ ਤੋਂ 2 ਗ੍ਰਿਫਤਾਰ
NEXT STORY