ਜਲੰਧਰ— ਸੁਪਨਿਆਂ ਨੂੰ ਸਾਕਾਰ ਕਰਨ ਦੀ ਖਾਤਿਰ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਦਾ ਰੁਖ ਕਰਦੇ ਹਨ ਪਰ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਧੋਖਾਧੜੀ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਇਨ੍ਹਾਂ ਦੇ ਵਿਦੇਸ਼ੀ ਸੁਪਨੇ ਪਲਾਂ 'ਚ ਢੇਰ ਹੋ ਜਾਂਦੇ ਹਨ। ਧੋਖੇਬਾਜ਼ ਟਰੈਵਲ ਏਜੰਟਾਂ ਦਾ ਸ਼ਿਕਾਰ ਹੋਣ ਕਰਕੇ ਦੋਆਬਾ ਖੇਤਰ 'ਚ ਵਿਦੇਸ਼ੀ ਸੁਪਨਿਆਂ ਦੀ ਪ੍ਰਾਪਤੀ ਲੋਕਾਂ ਲਈ ਇਕ ਭਿਆਨਕ ਸੁਪਨੇ 'ਚ ਬਦਲ ਗਈ ਹੈ। ਦੱਸਣਯੋਗ ਹੈ ਕਿ ਦੋਆਬਾ ਖੇਤਰ ਨੂੰ ਪੰਜਾਬ ਦੇ ਮੁਸਾਫਰਾਂ ਦੇ ਹੱਬ ਵਜੋਂ ਜਾਣਿਆ ਜਾਂਦਾ ਹੈ ਪਰ ਪਿਛਲੇ ਚਾਰ ਸਾਲਾਂ 'ਚ ਇਥੇ ਇਮੀਗ੍ਰੇਸ਼ਨ ਫਰਾਡ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਪੰਜਾਬ ਪੁਲਸ ਨੂੰ ਇਥੇ ਧੋਖਾਧੜੀ ਅਤੇ ਇਮੀਗ੍ਰੇਸ਼ਨ ਫਰਾਡ ਦੀਆਂ ਰੋਜ਼ਾਨਾ ਤਕਰੀਬਨ 10 ਸ਼ਿਕਾਇਤਾਂ ਮਿਲ ਰਹੀਆਂ ਹਨ।
ਪੁਲਸ ਰਿਕਾਰਡ ਮੁਤਾਬਕ ਲੋਕਾਂ ਨਾਲ ਠੱਗੀ ਕਰਨ ਵਾਲੇ ਨਾਮਜ਼ਦ 3 ਹਜ਼ਾਰ ਟਰੈਵਲ ਏਜੰਟਾਂ ਖਿਲਾਫ 1257 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ ਅਤੇ ਪਿਛਲੇ ਚਾਰ ਸਾਲਾਂ 'ਚ ਗੈਰ-ਕਾਨੂੰਨੀ ਰੂਪ ਨਾਲ ਵਿਦੇਸ਼ਾਂ 'ਚ ਰਹਿੰਦੇ ਘੱਟ ਤੋਂ ਘੱਟ 10 ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਨਾਮਜ਼ਦ ਕੀਤੇ ਗਏ ਜ਼ਿਆਦਾਤਰ ਟਰੈਵਲ ਏਜੰਟਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ ਅਤੇ ਉਨ੍ਹਾਂ ਨੂੰ ਮੁਲਜ਼ਮ ਦੇ ਰੂਪ 'ਚ ਮੰਨਿਆ ਜਾ ਰਿਹਾ ਹੈ।
ਇਕੱਲੇ ਜਲੰਧਰ 'ਚ ਹੀ 533 ਮਾਮਲੇ ਹੋਏ ਦਰਜ
ਆਈ. ਪੀ. ਐੱਸ. ਐਕਟ, ਇਮੀਗ੍ਰੇਸ਼ਨ ਐਕਟ ਅਤੇ ਮਨੁੱਖੀ ਤਸਕਰੀ ਦੇ ਐਕਟ ਅਧੀਨ ਜਲੰਧਰ 'ਚ 1 ਜਨਵਰੀ 2015 ਤੋਂ ਲੈ ਕੇ 31 ਦਸਬੰਰ 2018 ਦਰਮਿਆਨ 533 ਮਾਮਲੇ ਦਰਜ ਕੀਤੇ ਗਏ। ਇਸੇ ਤਰ੍ਹਾਂ ਹੁਸ਼ਿਆਰਪੁਰ 'ਚ 348 ਅਤੇ ਕਪੂਰਥਲਾ ਸਮੇਤ ਐੱਸ. ਬੀ. ਐੱਸ. ਨਗਰ 'ਚ 188 ਮਾਮਲੇ ਦਰਜ ਕੀਤੇ ਗਏ ਹਨ। ਪੁਲਸ ਰਿਕਾਰਡ ਮੁਤਾਬਕ ਟਰੈਵਲ ਏਜੰਟਾਂ ਵੱਲੋਂ ਲੋਕਾਂ ਨੂੰ ਦੁਬਈ, ਮਲੇਸ਼ੀਆ, ਬਹਿਰੀਨ, ਆਰਮੇਨੀਆ, ਸਊਦੀ ਅਰਬ, ਕੈਨੇਡਾ ਅਤੇ ਅਮਰੀਕਾ ਭੇਜੇ ਜਾਣ ਦੇ ਬਹਾਨੇ ਠੱਗਿਆ ਜਾ ਰਿਹਾ ਹੈ।
ਕਪੂਰਥਲਾ ਦੇ ਰਹਿਣ ਵਾਲੇ ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਹ ਕੈਨੇਡਾ ਜਾਣਾ ਚਾਹੁੰਦੇ ਸਨ ਪਰ ਅਗਸਤ 2018 'ਚ ਬੈਂਗਲੁਰੂ 'ਚ ਇਕ ਏਜੰਟ ਵੱਲੋਂ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਟਰੈਵਲ ਏਜੰਟਾਂ ਨੂੰ ਮੁਫਤ ਪਾਸ ਦਿੱਤੇ ਜਾ ਰਹੇ ਹਨ ਕਿਉਂਕਿ ਉਨ੍ਹਾਂ ਦੇ ਸਪੰਰਕ ਵੱਡੇ ਪੱਧਰ 'ਤੇ ਰਹਿਣ ਵਾਲੇ ਅਹੁਦੇਦਾਰਾਂ ਨਾਲ ਹਨ।
ਪੜ੍ਹੇ ਲਿਖੇ ਘੱਟ ਹੋਣ ਕਰਕੇ ਪੇਂਡੂ ਖੇਤਰ ਦੇ ਜ਼ਿਆਦਾਤਰ ਲੋਕ ਟਰੈਵਲ ਏਜੰਟਾਂ ਦੇ ਨਿਸ਼ਾਨੇ 'ਤੇ
ਪੁਲਸ ਰਿਕਾਰਡ ਮੁਤਾਬਕ ਸ਼ਹਿਰੀ ਖੇਤਰਾਂ ਦੀ ਤੁਲਨਾ 'ਚ ਪੇਂਡੂ ਖੇਤਰ ਦੇ ਜ਼ਿਆਦਾਤਰ ਲੋਕ ਧੋਖੇਬਾਜ਼ ਟਰੈਵਲ ਏਜੰਟਾਂ ਦੇ ਸ਼ਿਕਾਰ ਹੋਏ ਹਨ। ਕਪੂਰਥਲਾ ਦਾ ਰਹਿਣ ਵਾਲਾ 21 ਸਾਲਾ ਨੌਜਵਾਨ ਪਿਛਲੇ 6 ਮਹੀਨਿਆਂ ਤੋਂ ਅਮਰੀਕਾ ਦੀ ਸਰਹੱਦ ਦੇ ਕੋਲ ਅਪ੍ਰਵਾਸੀ ਬੰਦੀ ਕੇਂਦਰ 'ਚ ਹੈ। ਹਾਲਾਂਕਿ ਉਸ ਨੂੰ ਭੇਜਣ ਵਾਲੇ ਦੋ ਜ਼ਿੰਮੇਵਾਰ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਅਜੇ ਬਾਕੀ ਹੈ। ਜ਼ਿਕਰਯੋਗ ਹੈ ਕਿ ਅਰਮੀਨੀਆ 'ਚ ਫਸੇ ਦੋਆਬੇ ਖੇਤਰ ਦੇ 4 ਪੰਜਾਬੀ ਨੌਜਵਾਨ ਫਸੇ ਰਹੇ। ਕੇਂਦਰ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦੇ ਸਦਕਾ ਹੀ ਉਨ੍ਹਾਂ ਵਤਨ ਲਿਆਂਦਾ ਗਿਆ। ਇਸੇ ਤਰ੍ਹਾਂ ਮੋਸੂਲ 'ਚ ਅੱਤਵਾਦੀਆਂ ਵੱਲੋਂ ਮਾਰੇ ਗਏ ਸੂਬੇ ਦੇ 27 ਨੌਜਵਾਨ ਦੀਆਂ ਲਾਸ਼ਾਂ ਵੀ ਇਨ੍ਹਾਂ ਦੇ ਯਤਨਾਂ ਸਦਕਾ ਵੀ ਵਾਪਸ ਲਿਆਂਦੀਆਂ ਗਈਆਂ ਸਨ। ਇਨ੍ਹਾਂ 'ਚੋਂ 13 ਲੋਕ ਦੋਆਬਾ ਦੇ ਪੇਂਡੂ ਇਲਾਕਿਆਂ 'ਚੋਂ ਸਨ, ਜਿਨ੍ਹਾਂ 'ਤੇ ਗੈਰ-ਕਾਨੂੰਨੀ ਰੂਪ ਨਾਲ ਜਾਣ ਦਾ ਦੋਸ਼ ਲੱਗਾ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਲੋਕਾਂ 'ਚ ਜਾਗਰੂਕਤਾ ਦੀ ਕਮੀ ਦੇ ਕਾਰਨ ਇਮੀਗ੍ਰੇਸ਼ਨ ਫਰਾਡ ਦੇ ਕੇਸਾਂ 'ਚ ਵਾਧਾ ਹੋ ਰਿਹਾ ਹੈ।
ਪੰਜਾਬ ਟਰੈਵਲ ਪ੍ਰੋਫੈਸ਼ਨਲਸ ਰੇਗੂਲੇਸ਼ਨ ਨਿਯਮਾਂ ਮੁਤਾਬਕ ਸਰਕਾਰ ਦੇ ਨਾਲ ਟਰੈਵਲ ਏਜੰਟਾਂ ਨੂੰ ਰਜਿਸਟਰਡ ਕਰਨਾ ਜ਼ਰੂਰੀ ਹੁੰਦਾ ਹੈ। ਜਲੰਧਰ 'ਚ ਸਿਰਫ 250 ਟਰੈਵਲ ਏਜੰਟ ਅਤੇ ਇਮੀਗ੍ਰੇਸ਼ਨ ਸਲਾਹਕਾਰ ਰਜਿਸਟਰਡ ਹਨ। ਕਪੂਰਥਲਾ 'ਚ 172, ਹੁਸ਼ਿਆਰਪੁਰ 'ਚ 120 ਅਤੇ ਐੈੱਸ. ਬੀ. ਐੱਸ. ਨਗਰ 'ਚ ਸਿਰਫ 66 ਏਜੰਟ ਹਨ, ਜਿਨ੍ਹਾਂ ਦਾ ਬਿਓਰਾ ਜ਼ਿਲਾ ਪ੍ਰਸ਼ਾਸਨ ਦੀ ਵੈੱਬਸਾਈਟ 'ਤੇ ਮੌਜੂਦ ਹੈ। ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਆਮਤੌਰ 'ਤੇ ਏਜੰਟ ਪਿੰਡਾਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਜੋ ਜ਼ਿਆਦਾਤਰ ਅਨਪੜ ਹੁੰਦੇ ਹਨ। ਇਸ ਮੁੱਦੇ ਨਾਲ ਨਜਿੱਠਣ ਲਈ ਲੋਕਾਂ ਨੂੰ ਪ੍ਰੋਗਰਾਮਾਂ ਤਹਿਤ ਜਾਗਰੂਕ ਕੀਤਾ ਜਾ ਰਿਹਾ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ ਲੋਕ ਇਹ ਨਹੀਂ ਦੇਖਦੇ ਹਨ ਕਿ ਸਥਾਨਕ ਪ੍ਰਸ਼ਾਸਨ ਦੇ ਕੋਲ ਏਜੰਟ ਰਜਿਸਟਡਰ ਹੈ ਜਾਂ ਨਹੀਂ ਅਤੇ ਟਰੈਵਲ ਏਜੰਟ ਵਿਦੇਸ਼ੀ ਸੁਪਨਿਆਂ ਦਾ ਲਾਲਚ ਦੇ ਕੇ ਲੋਕਾਂ ਨੂੰ ਠੱਗ ਲੈਂਦੇ ਹਨ। ਉਥੇ ਹੀ ਜਲੰਧਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਕਪੂਰਥਲਾ ਦੇ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਕਈ ਦੋਸ਼ੀ ਏਜੰਟਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਰਹਿੰਦੇ ਦੋਸ਼ੀਆਂ ਦੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਭਾਜਪਾ ਯੁਵਾ ਮੋਰਚਾ ਵਲੋਂ ਮੋਦੀ ਦੇ ਹੱਕ 'ਚ ਕੱਢੀ ਗਈ ਮੋਟਰਸਾਈਕਲ ਰੈਲੀ (ਵੀਡੀਓ)
NEXT STORY