ਜਲੰਧਰ, (ਪੁਨੀਤ)- ਪੈਂਡਿੰਗ ਪਈਆਂ ਮੰਗਾਂ ਨੂੰ ਲੈ ਕੇ ਸ਼ੁਰੂ ਹੋਈ ਪੇਂਡੂ ਡਾਕ ਸੇਵਕਾਂ ਦੀ ਹੜਤਾਲ ਅੱਜ ਚੌਥੇ ਦਿਨ ਵਿਚ ਦਾਖਲ ਹੋ ਗਈ। ਮੁੱਖ ਡਾਕਘਰ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਪੇਂਡੂ ਡਾਕ ਸੇਵਕ ਯੂਨੀਅਨ ਦੇ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਮੰਨਣ ਪ੍ਰਤੀ ਕੇਂਦਰ ਸਰਕਾਰ ਗੰਭੀਰ ਨਜ਼ਰ ਨਹੀਂ ਆ ਰਹੀ, ਜਿਸ ਕਾਰਨ ਕਰਮਚਾਰੀਆਂ ਵਿਚ ਰੋਸ ਹੈ। ਕੇਂਦਰ ਵਿਰੋਧੀ ਪ੍ਰਦਰਸ਼ਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਭਾਜਪਾ ਦੁਆਰਾ ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ ਸਨ ਪਰ ਕਰਮਚਾਰੀਆਂ ਨੂੰ ਲਾਭ ਦੇਣ ਵਿਚ ਉਨ੍ਹਾਂ ਦੇ ਵਾਅਦੇ ਪੂਰੇ ਨਹੀਂ ਹੋ ਸਕੇ, ਜਿਸ ਦੇ ਸਿੱਟੇ ਵਜੋਂ ਕਰਮਚਾਰੀ ਆਰਥਿਕ ਤੰਗੀ ਉਠਾਉਣ ਨੂੰ ਮਜਬੂਰ ਹਨ।
ਉਨ੍ਹਾਂ ਕਿਹਾ ਕਿ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇ ਅਤੇ ਕਰਮਚਾਰੀਆਂ ਨੂੰ ਘੱਟ ਤੋਂ ਘੱਟ 18 ਹਜ਼ਾਰ ਰੁਪਏ ਦਿੱਤੇ ਜਾਣ। ਅੱਜ ਹੜਤਾਲ ਦੇ ਚੌਥੇ ਦਿਨ ਵਿਚ ਦਾਖਲ ਹੋਣ ਕਾਰਨ ਕੰਮਕਾਜ ਪ੍ਰਭਾਵਿਤ ਰਿਹਾ ਅਤੇ ਪੇਂਡੂ ਇਲਾਕਿਆਂ ਵਿਚ ਡਾਕ ਦੀ ਡਲਿਵਰੀ ਨਹੀਂ ਹੋ ਸਕੀ, ਜਿਸ ਕਾਰਨ ਜਨਤਾ ਨੂੰ ਪ੍ਰੇਸ਼ਾਨੀਆਂ ਉਠਾਉਣੀਆਂ ਪਈਆਂ।
ਆਦਮਪੁਰ, (ਦਿਲਬਾਗੀ, ਹੇਮਰਾਜ)-ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਵਲੋਂ ਜਨਰਲ ਪੋਸਟ ਆਫਿਸ ਦੇ ਮੇਨ ਗੇਟ 'ਤੇ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਦੌਰਾਨ ਪ੍ਰਧਾਨ ਮੱਖਣ ਸਿੰਘ ਅਤੇ ਸਕੱਤਰ ਕਰਨਜੀਤ ਸਿੰਘ ਨੇ ਕਿਹਾ ਕਿ ਯੂਨੀਅਨ ਵਲੋਂ ਸੈਂਕੜੇ ਕਰਮਚਾਰੀਆਂ ਦੇ ਸਹਿਯੋਗ ਨਾਲ 16 ਅਗਸਤ ਤੋਂ ਅਣਮਿੱਥੇ ਸਮੇਂ ਲਈ ਰੋਸ ਧਰਨੇ ਦਿੱਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਧਰਨਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਮੰਗਾਂ ਜਿਵੇਂ ਕਿ ਸੱਤਵੇਂ ਪੇ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨਾ, ਗ੍ਰੈਚੁਟੀ ਵਿਚ ਵਾਧਾ ਕਰਨਾ, 10 ਸਾਲਾਂ ਤੋਂ ਵੱਧ ਸਮੇਂ ਤੋਂ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਘੱਟ ਤੋਂ ਘੱਟ ਤਨਖਾਹ 18 ਹਜ਼ਾਰ ਪ੍ਰਤੀ ਮਹੀਨਾ ਕੀਤੀ ਜਾਵੇ, ਬ੍ਰਾਂਚ ਆਫਿਸ ਦਾ ਬਿਜਲੀ ਦਾ ਬਿੱਲ ਮਹਿਕਮਾ ਦੇਵੇ, ਸਾਰੇ ਪਰਿਵਾਰਾਂ ਦਾ ਮੈਡੀਕਲ ਦਿੱਤਾ ਜਾਵੇ, ਐੱਨ. ਓ. ਸੀ. ਜਲਦੀ ਦੁਬਾਰਾ ਲਾਗੂ ਕੀਤੀ ਜਾਵੇ, ਜੀ. ਡੀ. ਐੱਸ. ਕਰਮਚਾਰੀਆਂ ਨੂੰ 3-4 ਘੰਟੇ ਦਫਤਰ ਦੇ ਸਮੇਂ ਅਨੁਸਾਰ ਹੀ ਕੰਮ ਦਾ ਟਾਰਗੇਟ ਦਿੱਤਾ ਜਾਵੇ ਅਤੇ ਪੱਕੇ ਪੋਸਟਮੈਨ ਦੀ ਤਰ੍ਹਾਂ ਵਰਦੀ, ਬੂਟ ਆਦਿ ਮੁਲਾਜ਼ਮਾਂ ਨੂੰ ਦਿੱਤੇ ਜਾਣ।
ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਸਾਰੀਆਂ ਹੀ ਮੰਗਾਂ ਤੋਂ ਜੀ. ਡੀ. ਐੱਸ. ਕਰਮਚਾਰੀਆਂ ਨੂੰ ਵਾਂਝਾ ਰੱਖ ਰਹੀ ਹੈ। ਮੁਲਾਜ਼ਮਾਂ ਨੇ ਸਰਕਾਰ ਨੂੰ ਤਾੜਨਾ ਕੀਤੀ ਕਿ ਸਾਡੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ 3 ਲੱਖ ਦੇ ਕਰੀਬ ਜੀ. ਡੀ. ਐੱਸ. ਕਰਮਚਾਰੀਆਂ ਨੂੰ ਆਪਣੀਆਂ ਮੰਗਾਂ ਮੰਨਵਾਉਣ ਲਈ ਸਰਕਾਰ ਦੇ ਖਿਲਾਫ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਾ ਪਵੇਗਾ। ਰੋਸ ਧਰਨੇ ਦੌਰਾਨ ਪ੍ਰਧਾਨ ਮੱਖਣ ਸਿੰਘ, ਸਕੱਤਰ ਕਰਨਜੀਤ ਸਿੰਘ, ਹਰਮੇਸ਼ ਲਾਲ ਖੁਰਦਪੁਰ, ਰਾਜ ਕੁਮਾਰ, ਬਲਦੇਵ ਰਾਜ, ਸਤੀਸ਼ ਕੁਮਾਰ, ਮਨਦੀਪ ਸਿੰਘ, ਬਲਵਿੰਦਰ, ਸੁਰਿੰਦਰਪਾਲ, ਕੁਸਮ, ਕੁਲਵਿੰਦਰ ਕੌਰ, ਬਲਿਹਾਰ ਸਿੰਘ, ਪਰਮਿੰਦਰ, ਡੇਵਿਡ, ਜਸਵਿੰਦਰ ਸਿੰਘ, ਸੁਰਿੰਦਰਜੀਤ ਸਿੰਘ, ਹਰਬੰਸ ਸਿੰਘ ਅਤੇ ਹੋਰ ਹਾਜ਼ਰ ਸਨ।
ਕੇਂਦਰ 'ਚ ਅਕਾਲੀ ਮੰਤਰੀ ਨੇ ਕਿਉਂ ਨਹੀਂ ਕੀਤਾ ਵਿਰੋਧ : ਜਾਖੜ
NEXT STORY