ਹਰਿਆਣਾ, (ਆਨੰਦ, ਨਲੋਆ, ਰੱਤੀ)- ਕਸਬਾ ਹਰਿਆਣਾ ਵਿਖੇ ਠੇਕਾ ਆਧਾਰਿਤ ਸਫ਼ਾਈ ਕਰਮਚਾਰੀਆਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹ ਦੀ ਅਦਾਇਗੀ ਨਾ ਹੋਣ ਅਤੇ ਹੋਰ ਮੰਗਾਂ ਨੂੰ ਲਾਗੂ ਨਾ ਕਰਨ ਕਰ ਕੇ ਉਨ੍ਹਾਂ ਅੱਜ ਹੜਤਾਲ 'ਤੇ ਜਾਣ ਦਾ ਐਲਾਨ ਕਰ ਦਿੱਤਾ ਅਤੇ ਨਾਅਰੇਬਾਜ਼ੀ ਵੀ ਕੀਤੀ। ਇਸ ਤੋਂ ਬਾਅਦ ਸਫ਼ਾਈ ਕਰਮਚਾਰੀ ਯੂਨੀਅਨ ਇਕਾਈ ਹਰਿਆਣਾ ਦੇ ਪ੍ਰਧਾਨ ਰਮਨ ਕੁਮਾਰ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ-ਪੱਤਰ ਵੀ ਦਿੱਤਾ ਗਿਆ। ਹੜਤਾਲ ਕਾਰਨ ਸ਼ਹਿਰ ਦੀ ਸਫ਼ਾਈ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ ਅਤੇ ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ ਲੱਗੇ ਹੋਏ ਹਨ।
ਕੀ ਹਨ ਮੰਗਾਂ : ਪਿਛਲੇ ਢਾਈ ਸਾਲਾਂ ਦਾ ਠੇਕਾ ਆਧਾਰਿਤ ਕਰਮਚਾਰੀਆਂ ਦਾ ਈ. ਪੀ. ਐੱਫ. ਉਨ੍ਹਾਂ ਦੇ ਖਾਤਿਆਂ 'ਚ ਜਮ੍ਹਾ ਕਰਵਾਇਆ ਜਾਵੇ। ਹਰ ਕਰਮਚਾਰੀ ਨੂੰ ਸਰਕਾਰ ਦੀਆਂ ਸ਼ਰਤਾਂ ਅਨੁਸਾਰ 10 ਲੱਖ ਦੀ ਬੀਮਾ ਪਾਲਿਸੀ ਦਾ ਲਾਭ ਦਿੱਤਾ ਜਾਵੇ। ਹਰ ਸਾਲ ਮੈਡੀਕਲ ਦਾ ਨਿਰੀਖਣ ਕਰਵਾਇਆ ਜਾਵੇ। ਨਿਯਮਾਵਲੀ ਅਨੁਸਾਰ ਸੇਫਟੀ ਕਿੱਟ ਦਿੱਤੀ ਜਾਵੇ। ਸਾਫ਼-ਸਫ਼ਾਈ ਲਈ ਸਾਮਾਨ, ਰੇਹੜੀਆਂ ਆਦਿ ਮੁਹੱਈਆ ਕਰਵਾਈਆਂ ਜਾਣ। 1 ਮਾਰਚ, 2017 ਤੋਂ ਵਧੇ ਹੋਏ ਰੇਟਾਂ ਅਨੁਸਾਰ ਤਨਖਾਹ ਦੀ ਅਦਾਇਗੀ ਕੀਤੀ ਜਾਵੇ। ਠੇਕਾ ਆਧਾਰਿਤ ਕਰਮਚਾਰੀਆਂ ਨੂੰ ਸਰਕਾਰ ਦੇ ਨਿਯਮਾਂ ਮੁਤਾਬਕ ਪੱਕਾ ਕੀਤਾ ਜਾਵੇ।
ਪੰਜਾਬ ਸਫ਼ਾਈ ਕਰਮਚਾਰੀ ਫੈੱਡਰੇਸ਼ਨ ਇਕਾਈ ਦੇ ਪ੍ਰਧਾਨ ਰਮਨ ਕੁਮਾਰ, ਉਪ ਪ੍ਰਧਾਨ ਵਿਜੇ ਕੁਮਾਰ, ਜਨਰਲ ਸਕੱਤਰ ਸੁਨੀਲ ਕੁਮਾਰ ਅਤੇ ਲਖਵੀਰ ਭੱਟੀ ਨੇ ਦੱਸਿਆ ਕਿ ਠੇਕਾ ਆਧਾਰਿਤ 35 ਕਰਮਚਾਰੀ ਸਾਫ਼-ਸਫ਼ਾਈ ਲਈ ਨਿਯੁਕਤ ਕੀਤੇ ਹੋਏ ਹਨ, ਜਿਨ੍ਹਾਂ ਨੂੰ ਠੇਕੇਦਾਰ ਵੱਲੋਂ 2 ਮਹੀਨਿਆਂ ਤੋਂ ਤਨਖਾਹ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਮਜਬੂਰੀ ਕਾਰਨ ਹੜਤਾਲ ਦਾ ਸਹਾਰਾ ਲੈਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ 17 ਜੁਲਾਈ ਤੱਕ ਤਨਖਾਹ ਦੀ ਅਦਾਇਗੀ ਨਾ ਕੀਤੀ ਗਈ ਤਾਂ ਫਿਰ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕਰਨਾ ਸਾਡੀ ਮਜਬੂਰੀ ਹੋ ਜਾਵੇਗੀ। ਨਗਰ ਕੌਂਸਲ ਦੇ ਉਪ ਪ੍ਰਧਾਨ ਸ਼ਸ਼ੀ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਦਾ ਅਹੁਦਾ ਖਾਲੀ ਹੋਣ ਕਾਰਨ ਤਨਖਾਹ ਦੀ ਅਦਾਇਗੀ ਰੁਕੀ ਹੋਈ ਹੈ, ਜਿਸ ਕਾਰਨ ਇਹ ਸਮੱਸਿਆ ਪੇਸ਼ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।
ਨਸ਼ੀਲੀਆਂ ਦਵਾਈਆਂ ਸਮੇਤ ਮਾਂ-ਧੀ ਗ੍ਰਿਫਤਾਰ
NEXT STORY