ਖੰਨਾ (ਵਿਪਨ ਭਾਰਦਵਾਜ) : ਖੰਨਾ ਦੇ ਲਲਹੇੜੀ ਰੋਡ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਇਕ ਬਿਜਲੀ ਮਕੈਨਿਕ ਦੀ ਬਹਾਦਰੀ ਕਾਰਨ ਵੱਡਾ ਹਾਦਸਾ ਹੋਣੋਂ ਟਲ਼ ਗਿਆ। ਸਕੂਲ 'ਚ ਤੀਸਰੀ ਜਮਾਤ ਦਾ ਵਿਦਿਆਰਥੀ ਖੇਡਦਾ-ਖੇਡਦਾ ਖੂਹੀ 'ਚ ਡਿੱਗ ਗਿਆ। ਨੇੜੇ ਬਿਜਲੀ ਦਾ ਕੰਮ ਕਰ ਰਹੇ ਵਿਅਕਤੀ ਨੇ ਬਹਾਦੁਰੀ ਦਿਖਾਉਂਦਿਆਂ ਆਪ ਖੂਹ 'ਚ ਜਾ ਕੇ ਬੱਚੇ ਨੂੰ ਬਾਹਰ ਕੱਢਿਆ ਅਤੇ ਉਸ ਦੀ ਜਾਨ ਬਚਾਈ। ਇਸ ਦੌਰਾਨ ਉਸ ਦੇ ਵੀ ਸੱਟਾਂ ਲੱਗੀਆਂ।
ਜਾਣਕਾਰੀ ਮੁਤਾਬਕ ਲਲਹੇੜੀ ਰੋਡ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ 'ਚ 8 ਸਾਲਾ ਬੱਚਾ ਖੇਡ ਰਿਹਾ ਸੀ। ਇਸ ਦੌਰਾਨ ਉਹ ਸਕੂਲ ਦੇ ਬਾਥਰੂਮ ਨੇੜੇ ਬਣਾਈ ਗਈ ਖੂਹੀ ਦੇ ਢੱਕਣ ਉੱਪਰ ਟੱਪਣ ਲੱਗ ਗਿਆ। ਇਸ ਦੌਰਾਨ ਖੂਹੀ ਦਾ ਢੱਕਣ ਟੁੱਟ ਗਿਆ ਤੇ ਬੱਚਾ ਖੂਹੀ ਦੇ ਅੰਦਰ ਡਿੱਗ ਗਿਆ। ਇਸ ਘਟਨਾ ਨੂੰ ਨੇੜੇ ਹੀ ਕੰਮ ਕਰ ਰਹੇ ਬਿਜਲੀ ਮੈਕਨਿਕ ਨੇ ਵੇਖ ਲਿਆ ਅਤੇ ਉਸ ਵੱਲੋਂ ਖੱਪ ਪਾਏ ਜਾਣ 'ਤੇ ਸਕੂਲ ਦਾ ਸਟਾਫ਼ ਵੀ ਮੌਕੇ 'ਤੇ ਪਹੁੰਚ ਗਿਆ। ਸਾਰਿਆਂ ਵੱਲੋਂ ਰਲ਼ ਕੇ ਬੱਚੇ ਨੂੰ ਬਾਹਰ ਕੱਢਣ ਲਈ ਜੱਦੋ-ਜਹਿਦ ਸ਼ੁਰੂ ਕੀਤੀ ਗਈ। ਲੋਕਾਂ ਵੱਲੋਂ ਖੂਹੀ 'ਚ ਰੱਸੀ ਸੁੱਟੀ ਗਈ ਪਰ ਬੱਚੇ ਦੀ ਛਾਤੀ ਉੱਪਰ ਢੱਕਣ ਪਿਆ ਹੋਣ ਕਾਰਨ ਉਹ ਹਿੱਲ ਵੀ ਨਹੀ ਸੀ ਪਾ ਰਿਹਾ।
ਇਹ ਖ਼ਬਰ ਵੀ ਪੜ੍ਹੋ - ਘਰ ਦੀ ਛੱਤ 'ਤੇ ਬਿਜਲੀ ਦੀਆਂ ਤਾਰਾਂ ਲਗਾਉਂਦੇ ਸਮੇਂ ਵਾਪਰਿਆ ਦਰਦਨਾਕ ਹਾਦਸਾ, 27 ਸਾਲਾ ਨੌਜਵਾਨ ਦੀ ਮੌਤ
ਇਸ ਤੋਂ ਬਾਅਦ ਬਿਜਲੀ ਮਕੈਨਿਕ ਬਲਵਿੰਦਰ ਸਿੰਘ ਬੱਚੇ ਨੂੰ ਬਾਹਰ ਕੱਢਣ ਲਈ ਲੱਕ ਨਾਲ ਰੱਸੀ ਬੰਨ੍ਹ ਕੇ ਆਪ ਖੂਹੀ 'ਚ ਉਤਰਿਆ। ਜਦ ਉਹ ਬੱਚੇ ਨੂੰ ਗੋਦੀ 'ਚ ਚੁੱਕ ਕੇ ਬਾਹਰ ਆ ਰਿਹਾ ਸੀ ਤਾਂ ਖੂਹੀ ਦੇ ਮੂੰਹ ਨੇੜੇ ਪਹੁੰਚ ਕੇ ਰੱਸੀ ਟੁੱਟ ਗਈ ਅਤੇ ਉਹ ਬੱਚੇ ਸਮੇਤ ਖੂਹੀ 'ਚ ਜਾ ਡਿੱਗਿਆ। ਇਸ ਨਾਲ ਉਸ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਪਰ ਫਿਰ ਵੀ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਲੋਕਾਂ ਦੀ ਸਹਾਇਤਾ ਨਾਲ ਦੁਬਾਰਾ ਰੱਸੀ ਦੇ ਸਹਾਰੇ ਬੱਚੇ ਨੂੰ ਲੈ ਕੇ ਬਾਹਰ ਨਿਕਲਿਆ। ਖੂਹੀ 'ਚੋਂ ਨਿਕਲਣ ਤੋਂ ਬਾਅਦ ਬੱਚਾ ਬੁਰੀ ਤਰ੍ਹਾਂ ਖੂਨ ਨਾਲ ਭਰਿਆ ਹੋਇਆ ਸੀ ਤੇ ਮਕੈਨਿਕ ਵੀ ਫੱਟੜ ਸੀ। ਦੋਵਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਬੱਚੇ ਦੇ ਸਿਰ 'ਤੇ ਟਾਂਕੇ ਲੱਗੇ ਹਨ।
ਬੱਚੇ ਦੇ ਪਿਤਾ ਦਲਜੀਤ ਸਿੰਘ ਅਤੇ ਮਾਤਾ ਸੁਰਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਉਨ੍ਹਾਂ ਦਾ ਬੱਚਾ ਡਿੱਗ ਕੇ ਜ਼ਖ਼ਮੀ ਹੋ ਗਿਆ ਹੈ। ਬੱਚਾ ਸਕੂਲ 'ਚ ਪੁੱਟੀ ਗਈ ਖੂਹੀ 'ਚ ਡਿੱਗ ਗਿਆ ਸੀ, ਖੂਹੀ ਡੂੰਘੀ ਹੋਣ ਕਾਰਨ ਬੱਚੇ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਿਆ ਹੈ। ਉਨ੍ਹਾਂ ਨੇ ਸਕੂਲ ਵੱਲੋਂ ਵਰਤੀ ਲਾਪਰਵਾਹੀ ਲਈ ਕਾਰਵਾਈ ਦੀ ਮੰਗ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਕਰ ਕੇ ਦਿਓ ਆਪਣੀ ਰਾਏ।
ਪੰਜਾਬ ’ਚ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਬੋਲੇ ਮੰਤਰੀ ਹਰਜੋਤ ਬੈਂਸ, ਕਹੀ ਇਹ ਗੱਲ
NEXT STORY