ਲੁਧਿਆਣਾ (ਵਿੱਕੀ) : ਵੱਖ-ਵੱਖ ਨਿੱਜੀ ਸਕੂਲ ਐਸੋਸੀਏਸ਼ਨਾਂ ਵਲੋਂ ਉਨ੍ਹਾਂ ਦੇ ਸਕੂਲਾਂ ਦੇ ਪ੍ਰੀਖਿਆ ਕੇਂਦਰ ਸਰਕਾਰੀ ਸਕੂਲਾਂ 'ਚ ਬਣਾਏ ਜਾਣ ਦੇ ਫੈਸਲੇ ਦੇ ਵਿਰੋਧ ਦੇ ਬਾਵਜੂਦ ਬੇਸ਼ੱਕ ਪੀ. ਐੱਸ. ਈ. ਬੀ. ਨੇ ਆਪਣਾ ਫੈਸਲਾ ਨਹੀਂ ਬਦਲਿਆ ਪਰ ਇਸਦਾ ਖਮਿਆਜ਼ਾ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਹੋਰ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ। ਨਿੱਜੀ ਸਕੂਲਾਂ ਦੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਕੇਂਦਰ 'ਚ ਡੈਸਕ 'ਤੇ ਬਿਠਾਉਣ ਦੇ ਸੈਕਟਰੀ ਐਜੂਕੇਸ਼ਨ ਦੇ ਹੁਕਮਾਂ ਨੂੰ ਅਮਲ 'ਚ ਲਿਆਉਣ ਲਈ ਕਈ ਸਰਕਾਰੀ ਸਕੂਲਾਂ ਨੇ ਬੇਸ਼ੱਕ ਮਹਿਮਾਨ ਪ੍ਰੀਖਿਆਰਥੀਆਂ ਲਈ ਡੈਸਕਾਂ ਦਾ ਪ੍ਰਬੰਧ ਤਾਂ ਕਰ ਦਿੱਤਾ ਪਰ ਉਨ੍ਹਾਂ ਦੇ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਜ਼ਮੀਨ 'ਤੇ ਬੈਠਣਾ ਪਿਆ। ਪੀ. ਐੱਸ. ਈ. ਬੀ. ਦੀ ਬੁੱਧਵਾਰ ਤੋਂ ਸ਼ੁਰੂ ਹੋਈ 12ਵੀਂ ਦੀ ਪ੍ਰੀਖਿਆ ਦੇ ਪਹਿਲੇ ਦਿਨ ਹੀ ਉਨ੍ਹਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ, ਜਿਨ੍ਹਾਂ ਦੇ ਸਕੂਲਾਂ 'ਚ ਬੋਰਡ ਨੇ ਪ੍ਰੀਖਿਆ ਕੇਂਦਰ ਬਣਾਏ ਹਨ। ਜਾਣਕਾਰੀ ਮੁਤਾਬਕ ਬੋਰਡ ਨੇ ਕਈ ਹਾਈ ਸਕੂਲਾਂ 'ਚ ਵੀ ਸੀਨੀਅਰ ਸੈਕੰਡਰੀ ਕਲਾਸ ਦੇ ਪ੍ਰੀਖਿਆ ਕੇਂਦਰ ਬਣਾ ਦਿੱਤੇ ਹਨ। ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪ੍ਰੀਖਿਆਰਥੀਆਂ ਦੀ ਗਿਣਤੀ ਮੁਤਾਬਕ ਕਈ ਸਕੂਲ ਪ੍ਰਮੁੱਖਾਂ ਨੂੰ ਆਪਣੇ ਨਜ਼ਦੀਕੀ ਜਾਂ ਪ੍ਰਾਇਮਰੀ ਸਕੂਲਾਂ ਤੋਂ ਡੈਸਕ ਉਧਾਰ ਲੈਣੇ ਪਏ ਹਨ, ਇਨ੍ਹਾਂ ਉਧਾਰ ਲਏ ਡੈਸਕਾਂ 'ਤੇ ਪ੍ਰੀਖਿਆਰਥੀਆਂ ਨੂੰ ਪੇਪਰ ਦੇਣ ਲਈ ਬਿਠਾਇਆ ਗਿਆ ਹੈ।
ਬਰਾਂਡੇ ਅਤੇ ਮੈਦਾਨ 'ਚ ਲੱਗੀਆਂ ਕਲਾਸਾਂ
ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਡੈਸਕਾਂ ਦੀ ਘਾਟ ਦੀ ਗੱਲ ਕਿਸੇ ਤੋਂ ਲੁਕੀ ਨਹੀਂ ਪਰ ਸੈਕਟਰੀ ਐਜੂਕੇਸ਼ਨ ਦੇ ਹੁਕਮਾਂ ਦਾ ਪਾਲਣ ਕਰਦੇ ਹੋਏ ਸਕੂਲ ਪ੍ਰਮੁੱਖਾਂ ਨੇ ਆਪਣੇ ਨਜ਼ਦੀਕੀ ਸਰਕਾਰੀ ਪ੍ਰਾਇਮਰੀ ਸਕੂਲਾਂ ਤੋਂ ਪ੍ਰੀਖਿਆਵਾਂ ਲਈ ਡੈਸਕ ਉਧਾਰ ਮੰਗ ਲਏ। ਇਸ ਦੇ ਕਾਰਨ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਜ਼ਮੀਨ 'ਤੇ ਬੈਠ ਕੇ ਪੜ੍ਹਾਈ ਕਰਨੀ ਪੈ ਰਹੀ ਹੈ। ਇਹੀ ਨਹੀਂ ਕਈ ਇਸ ਤਰ੍ਹਾਂ ਦੇ ਸਕੂਲਾਂ 'ਚ ਪ੍ਰੀਖਿਆ ਕੇਂਦਰ ਬਣੇ ਹਨ, ਜਿੱਥੇ ਪਹਿਲਾਂ ਤੋਂ ਹੀ ਕਮਰਿਆਂ ਦੀ ਘਾਟ ਹੈ ਪਰ ਬੋਰਡ ਪ੍ਰੀਖਿਆਵਾਂ ਲਈ ਸਕੂਲ 'ਚ ਪਹਿਲਾਂ ਤੋਂ ਪੜ੍ਹ ਰਹੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਕਲਾਸਾਂ ਤੋਂ ਬਾਹਰ ਕੱਢ ਕੇ ਉਨ੍ਹਾਂ ਦੀ ਪੜ੍ਹਾਈ ਖੁੱਲ੍ਹੇ ਗਰਾਊਂਡ ਜਾਂ ਬਰਾਂਡੇ 'ਚ ਕਰਵਾਈ ਜਾ ਰਹੀ ਹੈ ਤੇ ਕਲਾਸਾਂ 'ਚ ਪ੍ਰੀਖਿਆਰਥੀਆਂ ਨੂੰ ਬਿਠਾਇਆ ਗਿਆ ਹੈ।
ਅੱਪਗ੍ਰੇਡ ਕੀਤੇ ਸਕੂਲਾਂ 'ਚ ਬਣਾਏ ਸੈਂਟਰ ਪਰ ਨਹੀਂ ਦਿੱਤੀ ਸਹੂਲਤ
ਕਈ ਸਕੂਲ ਇਸ ਤਰ੍ਹਾਂ ਦੇ ਹਨ, ਜੋ ਸਰਕਾਰ ਨੇ ਪਿਛਲੇ ਹੀ ਸਾਲ ਅੱਪਗ੍ਰੇਡ ਕੀਤੇ ਹਨ, ਜਿੱਥੇ ਹੁਣ ਤੱਕ ਪੂਰੀਆਂ ਸਹੂਲਤਾਵਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ ਹਨ ਕਿ ਬੋਰਡ ਨੇ ਇਥੇ ਵੀ ਪ੍ਰੀਖਿਆ ਕੇਂਦਰ ਬਣਾ ਦਿੱਤੇ। ਆਪਣੇ ਸਕੂਲ ਨੂੰ ਪ੍ਰੀਖਿਆ ਕੇਂਦਰ ਬਣਨ ਦੇ ਆਏ ਹੁਕਮਾਂ 'ਤੇ ਸਕੂਲ ਪ੍ਰਮੁੱਖਾਂ ਨੂੰ ਜਲਦਬਾਜ਼ੀ 'ਚ ਹੀ ਡੈਸਕਾਂ ਦਾ ਇੰਤਜ਼ਾਮ ਕਰਨਾ ਪਿਆ।
ਪ੍ਰੀਖਿਆਰਥੀ ਕਲਾਸਾਂ 'ਚ ਤੇ ਵਿਦਿਆਰਥੀ ਮੈਦਾਨ 'ਚ
ਇੰਨਾ ਹੀ ਨਹੀਂ ਸਰਕਾਰੀ ਹਾਈ ਸਕੂਲ ਹੈਬੋਵਾਲ ਕਲਾਂ 'ਚ ਵੀ ਬੋਰਡ ਵਲੋਂ ਓਪਨ ਤੇ ਰੈਗੂਲਰ ਵਿਦਿਆਰਥੀਆਂ ਦੇ ਦੋ ਪ੍ਰੀਖਿਆ ਕੇਂਦਰ ਬਣਾਏ ਗਏ ਹਨ, ਜਿਨ੍ਹਾਂ 'ਚ 376 ਪ੍ਰੀਖਿਆਰਥੀ ਅਪੀਅਰ ਹੋਏ ਹਨ। ਗੱਲ ਜੇਕਰ ਸਕੂਲ ਦੀ ਕਰੀਏ ਤਾਂ ਇਥੇ 13 ਕਲਾਸ ਰੂਮਾਂ 'ਚ 525 ਵਿਦਿਆਰਥੀ ਪੜ੍ਹ ਰਹੇ ਹਨ ਪਰ ਡੈਸਕਾਂ ਦੀ ਘਾਟ ਕਾਰਨ ਸਕੂਲ ਵੱਲੋਂ ਨਜ਼ਦੀਕੀ ਪ੍ਰਾਇਮਰੀ ਸਕੂਲ ਤੋਂ 100 ਦੇ ਲਗਭਗ ਡੈਸਕ ਉਧਾਰ ਲੈ ਕੇ ਕਲਾਸਾਂ 'ਚ ਲਾਏ ਗਏ ਹਨ, ਜਦੋਂਕਿ ਪ੍ਰੀਖਿਆ ਕੇਂਦਰ ਬਣਨ ਕਾਰਨ ਸਕੂਲ ਦੀਆਂ ਕਲਾਸਾਂ ਅੱਜ ਪਹਿਲੇ ਦਿਨ ਗਰਾਊਂਡ ਤੇ ਬਰਾਂਡੇ 'ਚ ਲਾਈਆਂ ਗਈਆਂ।
ਕਈ ਪ੍ਰੀਖਿਆ ਕੇਂਦਰਾਂ ਦਾ ਰਿਹਾ ਇਹੀ ਹਾਲ
ਇਸ ਤਰ੍ਹਾਂ ਹੀ ਹਾਲ ਅੱਜ ਲੁਧਿਆਣਾ ਦੇ ਸਰਕਾਰੀ ਸਕੂਲਾਂ 'ਚ ਬਣੇ ਕਈ ਪ੍ਰੀਖਿਆ ਕੇਂਦਰਾਂ ਦਾ ਰਿਹਾ, ਜਿੱਥੇ ਸਕੂਲ ਪ੍ਰਮੁੱਖਾਂ ਨੇ ਉੱਚ-ਅਧਿਕਾਰੀਆਂ ਦੇ ਹੁਕਮਾਂ ਦਾ ਪਾਲਣ ਕਰਦੇ ਹੋਏ ਬੇਸ਼ੱਕ ਨਿੱਜੀ ਸਕੂਲਾਂ ਤੋਂ ਆਏ ਪ੍ਰੀਖਿਆਰਥੀਆਂ ਲਈ ਤਾਂ ਡੈਸਕਾਂ ਦਾ ਇੰਤਜ਼ਾਮ ਕਰ ਦਿੱਤਾ ਪਰ ਆਪਣੇ ਵਿਦਿਆਰਥੀਆਂ ਨੂੰ ਇਸ ਸਹੂਲਤਾਂ ਤੋਂ ਵਾਂਝਾ ਰੱਖਿਆ ਗਿਆ। ਸਕੂਲ ਅਧਿਆਪਕਾਂ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਬੋਰਡ ਨੇ ਜੇਕਰ ਵਿਵਸਥਾ ਕਰਨੀ ਹੀ ਸੀ ਤਾਂ ਪਹਿਲਾਂ ਤੋਂ ਹੀ ਸਕੂਲਾਂ 'ਚ ਫੰਡ ਭੇਜਦਾ, ਤਾਂ ਕਿ ਸਕੂਲ ਪ੍ਰੀਖਿਆਰਥੀਆਂ ਲਈ ਨਵੇਂ ਡੈਸਕ ਖਰੀਦ ਸਕਦੇ।
ਕਮਰਿਆਂ ਦੀ ਘਾਟ, ਬਰਾਂਡੇ 'ਚ ਡੈਸਕਾਂ 'ਤੇ ਲਈ ਪ੍ਰੀਖਿਆ
'ਜਗ ਬਾਣੀ' ਟੀਮ ਨੇ ਜਦ ਅੱਜ ਸਰਕਾਰੀ ਹਾਈ ਸਕੂਲ ਭਾਮੀਆਂ ਕਲਾਂ ਦਾ ਦੌਰਾ ਕੀਤਾ ਤਾਂ ਦੇਖਿਆ ਗਿਆ ਕਿ ਕਈ ਵਿਦਿਆਰਥੀ ਬਾਹਰ ਬਰਾਂਡੇ 'ਚ ਬੈਠ ਕੇ 12ਵੀਂ ਬੋਰਡ ਪ੍ਰੀਖਿਆ ਦੇ ਰਹੇ ਹਨ। ਪੁੱਛਣ 'ਤੇ ਪਤਾ ਲੱਗਾ ਕਿ ਸਕੂਲ 'ਚ ਪ੍ਰਾਈਵੇਟ ਸਕੂਲਾਂ ਦੇ 117 ਵਿਦਿਆਰਥੀਆਂ ਦਾ ਪ੍ਰੀਖਿਆ ਕੇਂਦਰ ਬਣਾਇਆ ਗਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਕਤ ਸਕੂਲ ਹੁਣ ਪਿਛਲੇ ਸਾਲ ਹੀ ਮਿਡਲ ਤੋਂ ਹਾਈ ਤੱਕ ਅੱਪਗ੍ਰੇਡ ਹੋਇਆ ਹੈ ਤੇ ਇਥੇ ਹੁਣ ਤੱਕ ਸਰਕਾਰ ਨੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਹਨ ਕਿ ਬੋਰਡ ਨੇ ਪ੍ਰੀਖਿਆ ਕੇਂਦਰ ਬਣਾ ਦਿੱਤਾ। ਸਕੂਲ 'ਚ 6 ਕਲਾਸ ਰੂਮ ਹਨ, ਜਿਨ੍ਹਾਂ 'ਚ 269 ਵਿਦਿਆਰਥੀ ਪੜ੍ਹਦੇ ਹਨ। ਸਕੂਲ ਪ੍ਰਮੁੱਖ ਅਮਰਜੀਤ ਕੌਰ ਨੇ ਦੱਸਿਆ ਕਿ ਸਕੂਲ ਕੋਲ ਪਹਿਲਾਂ ਤੋਂ ਹੀ ਡੈਸਕਾਂ ਦੀ ਘਾਟ ਹੈ। ਇਸ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਭਾਮੀਆਂ ਕਲਾਂ ਤੋਂ 70 ਦੇ ਲਗਭਗ ਡੈਸਕ 12ਵੀਂ ਦੇ ਪ੍ਰੀਖਿਆਰਥੀਆਂ ਨੂੰ ਬਿਠਾਉਣ ਲਈ ਉਧਾਰ ਲਏ ਗਏ ਹਨ। ਉਥੇ ਟੀਮ ਨੇ ਜਦ ਸਰਕਾਰੀ ਪ੍ਰਾਇਮਰੀ ਸਕੂਲ ਭਾਮੀਆਂ ਕਲਾਂ 'ਚ ਵਿਜ਼ਿਟ ਕੀਤੀ ਤਾਂ ਉਥੇ ਬੱਚੇ ਜ਼ਮੀਨ 'ਤੇ ਬੈਠ ਕੇ ਪੜ੍ਹਾਈ ਕਰਦੇ ਦਿਖਾਈ ਦਿੱਤੇ।
ਐੱਮ.ਆਰ. ਐੱਫ ਸ਼ੋਅਰੂਮ ਦਾ ਸ਼ਟਰ ਤੋੜ ਕੇ ਲੱਖਾਂ ਦੇ ਟਾਇਰ ਚੋਰੀ
NEXT STORY