ਜਲੰਧਰ (ਇੰਟ.)- ਵਧਦੇ ਭਾਰ ਅਤੇ ਮੋਟਾਪੇ ਨੂੰ ਕਾਬੂ ’ਚ ਰੱਖਣ ਦੇ ਨਾਲ ਨਾਲ ਗੈਰ-ਸੰਚਾਰੀ ਰੋਗਾਂ (ਨਾਨ ਕਮਿਊਨੀਕੇਬਲ ਡਿਸੀਜ਼ਿਜ਼) ਦੇ ਖਤਰੇ ਨੂੰ ਘੱਟ ਕਰਨ ਲਈ ਖੰਡ ਦੀ ਥਾਂ ’ਤੇ ਜੇ ਤੁਸੀਂ ਸ਼ੂਗਰ ਫ੍ਰੀ ਗੋਲੀਆਂ ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਨੂੰ ਚੌਕਸ ਜ਼ਰੂਰ ਰਹਿਣਾ ਚਾਹੀਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਹੈ ਕਿ ਆਈਸਟਾਕ ਬਨਾਵਟੀ ਮਿਠਾਸ ਸਰੀਰ ਦੇ ਵਧਦੇ ਭਾਰ ਅਤੇ ਮੋਟਾਪੇ ਨੂੰ ਕਾਬੂ ’ਚ ਨਹੀਂ ਰੱਖਦੀ ਹੈ ਇਸ ਲਈ ਮਿਠਾਸ ਦੇ ਇਨ੍ਹਾਂ ਬਨਾਵਟੀ ਤੇ ਕੁਦਰਤੀ ਬਦਲਾਂ ਤੋਂ ਬਚਣਾ ਚਾਹੀਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ’ਚ ਫ਼ਿਰ ਕਰਵਟ ਲਵੇਗਾ ਮੌਸਮ! ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਕੀਤੀ ਇਹ ਭਵਿੱਖਬਾਣੀ
ਅਕਸਰ ਇਸ ਬਨਾਵਟੀ ਮਿਠਾਸ ਦੀ ਵਰਤੋਂ ਡੱਬਾ-ਬੰਦ ਖਾਣ ਵਾਲੇ ਅਤੇ ਪੀਣ ਵਾਲੇ ਪਦਾਰਥਾਂ ’ਚ ਕੀਤੀ ਜਾਂਦੀ ਹੈ ਅਤੇ ਦਰਸਾਇਆ ਜਾਂਦਾ ਹੈ ਕਿ ਇਹ ਪਦਾਰਥ ਸਿਹਤ ਲਈ ਸੁਰੱਖਿਅਤ ਹਨ। ਗਾਹਕ ਵੀ ਇਨ੍ਹਾਂ ਨੂੰ ਵਧੀਆ ਸਮਝ ਕੇ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਜਿਵੇਂ ਚਾਹ, ਕਾਫੀ ਆਦਿ ’ਚ ਖੰਡ ਦੀ ਥਾਂ ’ਤੇ ਇਸ ਦੀ ਵਰਤੋਂ ਕਰਦੇ ਹਨ। ਹਾਲਾਂਕਿ ਹੁਣ ਇਸ ਨੂੰ ਸਿਹਤ ਲਈ ਠੀਕ ਨਹੀਂ ਮੰਨਿਆ ਗਿਆ ਹੈ।
ਭੋਜਨ ’ਚ ਗੈਰ-ਸ਼ੱਕਰ ਯੁਕਤ ਮਿਠਾਸ ਜ਼ਰੂਰੀ ਨਹੀਂ
ਡਬਲਿਊ. ਐੱਚ. ਓ. ਦੇ ਇਹ ਦਿਸ਼ਾ-ਨਿਰਦੇਸ਼ ਸ਼ੂਗਰ ਤੋਂ ਪੀੜਤ ਲੋਕਾਂ ਨੂੰ ਛੱਡ ਕੇ ਹਰ ਕਿਸੇ ’ਤੇ ਲਾਗੂ ਹੁੰਦੇ ਹਨ। ਨਾਲ ਹੀ ਇਹ ਨਿੱਜੀ ਦੇਖਭਾਲ ਅਤੇ ਸਵੱਛਤਾ ਨਾਲ ਜੁੜੇ ਉਤਪਾਦਾਂ ਜਿਵੇਂ ਟੁੱਥਪੇਸਟ, ਚਮੜੀ ਦੀਆਂ ਕ੍ਰੀਮਾਂ, ਦਵਾਈਆਂ, ਘੱਟ ਕੈਲੋਰੀ ਵਾਲੀ ਸ਼ੂਗਰ ਅਤੇ ਸ਼ੂਗਰ ਵਾਲੀ ਅਲਕੋਹਲ (ਸ਼ਰਾਬ) ਲਈ ਨਹੀਂ ਹਨ ਕਿਉਂਕਿ ਇਨ੍ਹਾਂ ਉਤਪਾਦਾਂ ’ਚ ਕੈਲੋਰੀ ਹੁੰਦੀ ਹੈ ਅਤੇ ਇਨ੍ਹਾਂ ਨੂੰ ਗੈਰ-ਸ਼ੱਕਰ ਯੁਕਤ ਮਿਠਾਸ ਨਹੀਂ ਮੰਨਿਆ ਜਾ ਸਕਦਾ।
ਸਿਹਤ ਸੰਗਠਨ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਖੁਰਾਕ ’ਚ ਗੈਰ-ਸ਼ੱਕਰ ਯੁਕਤ ਮਿਠਾਸ ਦੀ ਕੋਈ ਲੋੜ ਨਹੀਂ ਹੈ, ਇਸ ’ਚ ਕੋਈ ਪੋਸ਼ਣ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਲੋਕਾਂ ਨੂੰ ਆਪਣੇ ਭੋਜਨ ’ਚ ਮਿਠਾਸ ਲਈ ਇਨ੍ਹਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ। ਇਹ ਵਧੀਆ ਸਿਹਤ ਦੇ ਲਈ ਜ਼ਰੂਰੀ ਹੈ ਅਤੇ ਇਸ ਦੀ ਸ਼ੁਰੂਆਤ ਬਚਪਨ ਤੋਂ ਹੀ ਕੀਤੀ ਜਾਣੀ ਚਾਹੀਦੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਧੀ ਰਵਨੀਤ ਕੌਰ ਦੀ ਵੱਡੀ ਪ੍ਰਾਪਤੀ, CCI ਦੀ ਪਹਿਲੀ ਮਹਿਲਾ ਚੇਅਰਪਰਸਨ ਬਣੀ
ਕੀ ਕਹਿੰਦੇ ਹਨ ਡਬਲਿਊ. ਐੱਚ. ਓ. ਦੇ ਨਿਰਦੇਸ਼
ਇਸ ਬਾਰੇ ਜਰਨਲ ਨੇਚਰ ਮੈਡੀਸਿਨ ’ਚ ਵੀ ਪ੍ਰਕਾਸ਼ਿਤ ਇਕ ਅਧਿਐਨ ਨੇ ਵੀ ਪੁਸ਼ਟੀ ਕੀਤੀ ਹੈ ਕਿ ਆਮ ਤੌਰ ’ਤੇ ਵਰਤੇ ਜਾਣ ਵਾਲੇ ਬਨਾਵਟੀ ਸਵੀਟਨਰ ਨਾਲ ਦਿਲ ਦੇ ਦੌਰੇ ਦੇ ਨਾਲ-ਨਾਲ ਸਟ੍ਰੋਕ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਬਾਰੇ ਕਲੀਵਲੈਂਡ ਕਲੀਨਿਕ ਵੱਲੋਂ ਕੀਤੀ ਗਈ ਰਿਸਰਚ ’ਚ ਵੀ ਐਰੀਥ੍ਰਿਟੋਲ ਨਾਂ ਦੇ ਆਰਟੀਫੀਸ਼ੀਅਲ ਸਵੀਟਨਰ ਨੂੰ ਲੈ ਕੇ ਚੌਕਸ ਕੀਤਾ ਗਿਆ ਹੈ। ਇਸ ਬਾਰੇ ਡਬਲਿਊ. ਐੱਚ. ਓ. ’ਚ ਪੋਸ਼ਣ ਤੇ ਖੁਰਾਕ ਸੁਰੱਖਿਆ ਦੇ ਨਿਰਦੇਸ਼ਕ ਫਰਾਂਸੈੱਸਕਾ ਬ੍ਰਾਂਕਾ ਦਾ ਕਹਿਣਾ ਹੈ ਕਿ ਖੰਡ ਦੀ ਥਾਂ ਬਨਾਵਟੀ ਮਿਠਾਸ ਦੀ ਵਰਤੋਂ ਕਰਨ ਨਾਲ ਲੰਬੇ ਸਮੇਂ ’ਚ ਭਾਰ ਘੱਟ ਕਰਨ ’ਚ ਕੋਈ ਮਦਦ ਨਹੀਂ ਮਿਲਦੀ।
ਅਜਿਹੇ ’ਚ ਉਨ੍ਹਾਂ ਦਾ ਸੁਝਾਅ ਹੈ ਕਿ ਲੋਕਾਂ ਨੂੰ ਖੰਡ ਦੀ ਵਰਤੋਂ ਘੱਟ ਕਰਨ ਲਈ ਹੋਰ ਰਾਹ ਲੱਭਣੇ ਪੈਣਗੇ। ਇਸ ਲਈ ਮਿਠਾਸ ਦੇ ਕੁਦਰਤੀ ਸਰੋਤਾਂ ਜਿਵੇਂ ਫਲਾਂ ਅਤੇ ਬਿਨਾਂ ਮਿਠਾਸ ਵਾਲੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਕਰਨੀ ਪਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪੰਜਾਬ ’ਚ ਫ਼ਿਰ ਕਰਵਟ ਲਵੇਗਾ ਮੌਸਮ! ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਕੀਤੀ ਇਹ ਭਵਿੱਖਬਾਣੀ
NEXT STORY