ਚੰਡੀਗੜ੍ਹ(ਸ਼ਰਮਾ)-ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਵਿਧਾਨਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਫੇਸਬੁਕ ਪੇਜ 'ਤੇ ਲਾਈਵ ਕਾਰਵਾਈ ਸ਼ੇਅਰ ਕਰਨ ਦੇ ਮਾਮਲੇ ਨੂੰ ਮਰਿਆਦਾ ਦਾ ਉਲੰਘਣ ਦੱਸਦਿਆਂ ਇਸ ਮਾਮਲੇ ਵਿਚ ਸਪੀਕਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਲਿਖੇ ਗਏ ਪੱਤਰ 'ਚ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿਚ ਮੁਕੰਮਲ ਹੋਏ ਬਜਟ ਸੈਸ਼ਨ ਵਿਚ ਦਿੱਤੇ ਆਪਣੇ ਲਾਈਵ ਭਾਸ਼ਣ ਦੀਆਂ 2 ਕਲਿੱਪਸ ਸ਼ੇਅਰ ਕੀਤੀਆਂ ਹਨ। ਉਕਤ ਕਲਿੱਪਸ 27 ਮਾਰਚ 2018 ਨੂੰ ਗਵਰਨਰ ਦੇ ਸੰਬੋਧਨ ਉੱਪਰ ਹੋਈ ਬਹਿਸ ਨੂੰ ਮੁਕੰਮਲ ਕਰਨ ਸਮੇਂ ਦਿੱਤੇ ਗਏ ਭਾਸ਼ਣ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਰੂਲਜ਼ ਅਨੁਸਾਰ ਵਿਧਾਨ ਸਭਾ ਦੇ ਅੰਦਰ ਹੋਈ ਕਿਸੇ ਵੀ ਪ੍ਰਸੀਡਿੰਗ ਨੂੰ ਸੋਸ਼ਲ ਮੀਡੀਆ ਉੱਪਰ ਸ਼ੇਅਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੈਂ ਤੇ ਐੱਮ. ਐੱਲ. ਏ. ਸਿਮਰਜੀਤ ਸਿੰਘ ਬੈਂਸ ਅਜਿਹੇ ਹੀ ਦੋਸ਼ਾਂ 'ਚ ਮਰਿਆਦਾ ਉਲੰਘਣ ਕਾਰਵਾਈ ਦਾ ਸਾਹਮਣਾ ਕਰ ਰਹੇ ਹਾਂ, ਭਾਵੇਂ ਕਿ ਅਸੀਂ ਸਦਨ ਦੀ ਲਾਈਵ ਪ੍ਰਸੀਡਿੰਗ ਆਪਣੇ ਫੇਸਬੁੱਕ ਪੇਜਾਂ ਉੱਪਰ ਕਦੇ ਵੀ ਸ਼ੇਅਰ ਨਹੀਂ ਕੀਤੀ। ਮੈਂ ਆਪਣੇ ਫੇਸਬੁੱਕ ਪੇਜ ਉੱਪਰ ਇਕ ਕਲਿਪ ਸ਼ੇਅਰ ਕੀਤਾ ਸੀ, ਜਦ ਪਿਛਲੇ ਸਾਲ ਰੌਲੇ-ਰੱਪੇ ਕਾਰਨ ਸੈਸ਼ਨ ਮੁਲਤਵੀ ਕੀਤਾ ਗਿਆ ਹੋਇਆ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਚੱਲ ਰਹੇ ਸੈਸ਼ਨ ਦੀ ਲਾਈਵ ਕਾਰਵਾਈ ਹੀ ਫੇਸਬੁੱਕ 'ਤੇ ਸ਼ੇਅਰ ਕੀਤੀ ਹੈ।
ਰੋਸ ਰੈਲੀ, ਆਰ.ਐੱਸ.ਐੱਸ. ਤੇ ਕੇਂਦਰ ਸਰਕਾਰ ਦਾ ਪੁਤਲਾ ਸਾੜ ਕੇ ਕੀਤਾ ਮੁਜ਼ਾਹਰਾ
NEXT STORY