ਜਲੰਧਰ (ਸੁਮਿਤ ਦੁੱਗਲ)— ਸਟੱਡੀ ਲਾਈਫ ਦੌਰਾਨ ਬੱਚੇ ਛੋਟੇ ਹੋਣ ਜਾਂ ਵੱਡੇ, ਹਰ ਕਿਸੇ ਨੂੰ ਜੂਨ-ਜੁਲਾਈ ਦੇ ਮਹੀਨਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਕਿਉਂਕਿ ਇਨ੍ਹਾਂ ਮਹੀਨਿਆਂ ਵਿਚ ਵਿਦਿਆਰਥੀਆਂ ਨੂੰ ਘੱਟੋ-ਘੱਟ ਇਕ ਮਹੀਨੇ ਅਤੇ ਕਈਆਂ ਨੂੰ ਡੇਢ ਮਹੀਨੇ ਲਈ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਹਨ। ਵਿਦਿਆਰਥੀਆਂ ਨੂੰ ਲਗਾਤਾਰ ਇੰਨੇ ਦਿਨ ਸਕੂਲ ਜਾਣ ਤੋਂ ਛੁਟਕਾਰਾ ਮਿਲਦਾ ਹੈ, ਨਾਲ ਹੀ ਸਕੂਲ ਜਾਣ ਲਈ ਸਵੇਰੇ ਛੇਤੀ ਨਹੀਂ ਉੱਠਣਾ ਪੈਂਦਾ ਅਤੇ ਬੱਚੇ ਦੇਰ ਤਕ ਨੀਂਦ ਦਾ ਆਨੰਦ ਲੈਂਦੇ ਹਨ।
ਇਹ ਦਿਨ ਵਿਦਿਆਰਥੀਆਂ ਲਈ ਪੂਰੇ ਸਾਲ ਵਿਚ ਸਭ ਤੋਂ ਜ਼ਿਆਦਾ ਪਸੰਦੀਦੇ ਹੁੰਦੇ ਹਨ ਕਿਉਂਕਿ ਇਨ੍ਹਾਂ ਦਿਨਾਂ ਵਿਚ ਉਨ੍ਹਾਂ 'ਤੇ ਜ਼ਿਆਦਾ ਪਾਬੰਦੀਆਂ ਨਹੀਂ ਹੁੰਦੀਆਂ। ਹਾਲਾਂਕਿ ਸਕੂਲਾਂ ਵਾਲੇ ਵਿਦਿਆਰਥੀਆਂ ਨੂੰ ਹੋਮਵਰਕ ਵੀ ਦਿੰਦੇ ਹਨ ਪਰ ਇਸ ਨੂੰ ਬੱਚੇ ਆਪਣੀ ਮਰਜ਼ੀ ਨਾਲ ਜਦੋਂ ਸਮਾਂ ਮਿਲੇ, ਕਰ ਸਕਦੇ ਹਨ। ਬੱਚੇ ਛੁੱਟੀਆਂ ਦਾ ਖੂਬ ਆਨੰਦ ਲੈਂਦੇ ਹਨ ਅਤੇ ਘੁੰਮਣ ਲਈ ਨਾਨਕੇ ਜਾਂ ਰਿਸ਼ਤੇਦਾਰਾਂ ਦੇ ਘਰ ਵੀ ਜਾਂਦੇ ਹਨ। ਇਹ ਸਾਰੀਆਂ ਗੱਲਾਂ ਅੱਜ ਤੋਂ ਕੁਝ ਸਾਲ ਪਹਿਲਾਂ ਤੱਕ ਹੂਬਹੂ ਇਸੇ ਢੰਗ ਨਾਲ ਵਿਦਿਆਰਥੀਆਂ 'ਤੇ ਲਾਗੂ ਹੁੰਦੀਆਂ ਸਨ ਪਰ ਸਮਾਂ ਬਦਲਿਆ ਅਤੇ ਸਮੇਂ ਦੇ ਨਾਲ-ਨਾਲ ਹੀ ਬੱਚਿਆਂ ਦਾ ਛੁੱਟੀਆਂ ਮਨਾਉਣ ਦਾ ਤਰੀਕਾ ਵੀ ਬਦਲ ਗਿਆ। ਟੈਕਨਾਲੋਜੀ ਦੇ ਇਸ ਯੁੱਗ ਵਿਚ ਜਿੱਥੇ ਸਮਾਰਟ ਫੋਨ ਆ ਗਏ ਹਨ, ਲੈਪਟਾਪ ਆ ਗਏ ਹਨ, ਇੰਟਰਨੈੱਟ ਹਰ ਘਰ ਤੱਕ ਪਹੁੰਚ ਗਿਆ ਹੈ, ਅਜਿਹੇ ਵਿਚ ਸਾਡੇ ਬੱਚੇ ਟੈਕਨਾਲੋਜੀ ਦੇ ਨਾਲ ਤਾਂ ਜੁੜ ਗਏ ਹਨ ਪਰ ਆਪਣੇ ਰਿਸ਼ਤੇਦਾਰਾਂ ਤੋਂ ਦੂਰ ਹੁੰਦੇ ਜਾ ਰਹੇ ਹਨ।
ਜੇਕਰ ਅੱਜਕਲ ਦੀ ਗੱਲ ਕਰੀਏ ਤਾਂ ਗਰਮੀਆਂ ਦੀਆਂ ਛੁੱਟੀਆਂ ਵਿਚ ਆਜ਼ਾਦ ਘੁੰਮਣ ਦੀ ਬਜਾਏ ਬੱਚੇ ਘਰਾਂ ਵਿਚ ਹੀ ਬੰਦ ਹੋ ਕੇ ਰਹਿ ਜਾਂਦੇ ਹਨ। ਇਹ ਵੀ ਕਹਿ ਸਕਦੇ ਹਾਂ ਕਿ ਅੱਜ ਦੇ ਦੌਰ ਵਿਚ ਸਮਾਰਟ ਫੋਨ ਅਤੇ ਲੈਪਟਾਪ ਨੇ ਗਰਮੀਆਂ ਦੀਆਂ ਛੁੱਟੀਆਂ ਨੂੰ ਪੂਰੀ ਤਰ੍ਹਾਂ ਹਾਈਜੈਕ ਕਰ ਲਿਆ ਹੈ। ਬੱਚੇ ਛੁੱਟੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀਜ਼ ਵਿਚ ਰੁਚੀ ਨਹੀਂ ਦਿਖਾਉਂਦੇ ਅਤੇ ਪੂਰਾ ਦਿਨ ਹੀ ਇੰਟਰਨੈੱਟ 'ਤੇ ਬਿਤਾ ਦਿੰਦੇ ਹਨ।
ਇਕ ਸਰਵੇ ਵਿਚ ਦੇਖਿਆ ਗਿਆ ਹੈ ਕਿ ਨੈੱਟਸਰਫਿੰਗ ਦੌਰਾਨ ਜ਼ਿਆਦਾਤਰ ਬੱਚੇ ਨਵੀਆਂ-ਨਵੀਆਂ ਗੇਮਾਂ ਡਾਊਨਲੋਡ ਕਰਦੇ ਹਨ ਜਾਂ ਫਿਰ ਅੱਧੇ ਦਿਨ ਤੋਂ ਜ਼ਿਆਦਾ ਸੋਸ਼ਲ ਮੀਡੀਆ ਉੱਤੇ ਹੀ ਬਿਤਾ ਦਿੰਦੇ ਹਨ। ਇਹ ਇਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ।
ਐਕਟੀਵਿਟੀਜ਼ ਲਈ ਲਾਏ ਜਾਂਦੇ ਹਨ ਸਮਰ ਕੈਂਪ
ਛੁੱਟੀਆਂ ਵਿਚ ਐਕਟੀਵਿਟੀਜ਼ ਦੀ ਬਜਾਏ ਮੋਬਾਇਲ ਜਾਂ ਲੈਪਟਾਪ 'ਤੇ ਦਿਨ ਬਿਤਾਉਣ ਵਾਲੇ ਬੱਚੇ ਨੂੰ ਅਕਟੀਵਿਟੀਜ਼ ਨਾਲ ਜੋੜਨ ਲਈ ਸਕੂਲਾਂ ਵਲੋਂ ਸਮਰ ਕੈਂਪ ਲਾਏ ਜਾਂਦੇ ਹਨ। ਜੇਕਰ ਦੇਖਿਆ ਜਾਵੇ ਤਾਂ ਇਹ ਸਮਰ ਕੈਂਪ ਕੋਈ ਜ਼ਿਆਦਾ ਅਸਰ ਬੱਚਿਆਂ ਦੀ ਜ਼ਿੰਦਗੀ ਵਿਚ ਨਹੀਂ ਦਿਖਾ ਰਹੇ ਕਿਉਂਕਿ ਟੈਕਨਾਲੋਜੀ ਦਾ ਪ੍ਰਭਾਵ ਬੱਚਿਆਂ ਦੇ ਦਿਮਾਗ 'ਤੇ ਜ਼ਿਆਦਾ ਪੈ ਰਿਹਾ ਹੈ। ਹੁਣ ਮਾਤਾ-ਪਿਤਾ ਦੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਉਹ ਇਹ ਧਿਆਨ ਰੱਖਣ ਕਿ ਉਨ੍ਹਾਂ ਦੇ ਬੱਚੇ ਟੈਕਨਾਲੋਜੀ ਦਾ ਸਹੀ ਇਸਤੇਮਾਲ ਕਰ ਰਹੇ ਹਨ ਜਾਂ ਨਹੀਂ?
ਪਹਾੜਾਂ ਦੀ ਸੈਰ ਬਣੀ ਸਟੇਟਸ ਸਿੰਬਲ
ਗਰਮੀਆਂ ਦੀਆਂ ਛੁੱਟੀਆਂ ਵਿਚ ਜਿੱਥੇ ਬੱਚੇ ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਕੇ ਰਹਿੰਦੇ ਸਨ, ਉਥੇ ਹੀ ਹੁਣ ਰਿਸ਼ਤੇਦਾਰਾਂ ਦੇ ਜਾਣ ਦੀ ਬਜਾਏ ਪਹਾੜਾਂ ਵਿਚ ਘੁੰਮਣ ਜਾਣ ਨੂੰ ਪਹਿਲ ਦਿੰਦੇ ਹਨ। ਜਦੋਂ ਤੋਂ ਫੇਸਬੁੱਕ, ਇੰਸਟ੍ਰਾਗ੍ਰਾਮ ਅਤੇ ਟਵਿੱਟਰ ਵਰਗੇ ਸੋਸ਼ਲ ਮੀਡੀਆ ਐਪਸ ਆਏ ਹਨ, ਉਦੋਂ ਤੋਂ ਪਹਾੜਾਂ ਦੀ ਸੈਰ ਇਕ ਸਟੇਟਸ ਸਿੰਬਲ ਬਣ ਗਈ ਹੈ ਕਿਉਂਕਿ ਹਰ ਕੋਈ ਫੇਸਬੁੱਕ ਜਾਂ ਹੋਰਨਾਂ ਐਪਸ 'ਤੇ ਫੋਟੋਆਂ ਅੱਪਲੋਡ ਕਰਕੇ ਇਹ ਦਿਖਾਉਣਾ ਚਾਹੁੰਦਾ ਹੈ ਕਿ ਉਹ ਪਹਾੜਾਂ ਵਿਚ ਘੁੰਮ ਕੇ ਆਇਆ ਹੈ। ਇਸ ਨਾਲ ਬੱਚਿਆਂ ਦਾ ਮਨੋਰੰਜਨ ਤਾਂ ਹੋ ਹੀ ਜਾਂਦਾ ਹੈ ਪਰ ਉਹ ਆਪਣੇ ਨਜ਼ਦੀਕੀ ਰਿਸ਼ਤਿਆਂ ਤੋਂ ਵੀ ਦੂਰ ਹੋ ਜਾਂਦੇ ਹਨ, ਕਿਉਂਕਿ ਦਾਦਾ-ਦਾਦੀ ਜਾਂ ਨਾਨਾ-ਨਾਨੀ ਸਾਲ ਭਰ ਇਹ ਸੁਣ ਕੇ ਲੰਘਾ ਦਿੰਦੇ ਹਨ ਕਿ ਬੱਚਿਆਂ ਦਾ ਸਕੂਲ ਲੱਗਦਾ ਹੈ, ਛੁੱਟੀਆਂ ਵਿਚ ਆਉਣਗੇ। ਹੁਣ ਉਨ੍ਹਾਂ ਨੂੰ ਛੁੱਟੀਆਂ ਦੌਰਾਨ ਇਹ ਸੁਣਨ ਨੂੰ ਮਿਲਦਾ ਹੈ ਕਿ ਘੁੰਮਣ-ਫਿਰਨ ਵਿਚ ਹੀ ਛੁੱਟੀਆਂ ਖਤਮ ਹੋ ਗਈਆਂ ਅਤੇ ਉਹ ਅਗਲੀਆਂ ਛੁੱਟੀਆਂ ਵਿਚ ਆਉਣਗੇ। ਮਾਤਾ-ਪਿਤਾ ਨੂੰ ਇਨ੍ਹਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ।
ਜਾਣੋ ਵੇਰਕਾ ਮਿਲਕ ਪਲਾਂਟ 'ਤੇ ਵਿਜੀਲੈਂਸ ਦੇ ਛਾਪੇ ਬਾਰੇ ਕੀ ਬੋਲੇ ਸਿਮਰਜੀਤ ਬੈਂਸ (ਵੀਡੀਓ)
NEXT STORY