ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)-ਜ਼ਿਲਾ ਬਰਨਾਲਾ 'ਚ ਸਵਾਈਨ ਫਲੂ ਤੇ ਡੇਂਗੂ ਦੀ ਬੀਮਾਰੀ ਨੇ ਪੈਰ ਪਸਾਰ ਲਏ ਹਨ। ਜ਼ਿਲੇ 'ਚ 2 ਸ਼ੱਕੀ ਸਵਾਈਨ ਫਲੂ ਦੇ ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ। ਬੀਤੇ ਦਿਨੀਂ ਪਿੰਡ ਝਲੂਰ ਦੇ ਇਕ ਆਰ. ਐੱਮ. ਪੀ. ਡਾਕਟਰ ਮਿਸ਼ਰਾ ਸਿੰਘ (55) ਜੋ ਕਿ ਸ਼ੱਕੀ ਸਵਾਈਨ ਫਲੂ ਦਾ ਮਰੀਜ਼ ਸੀ ਉਸ ਦੀ ਡੀ. ਐੱਮ. ਸੀ. ਲੁਧਿਆਣਾ 'ਚ ਮੌਤ ਹੋ ਗਈ। ਇਸੇ ਤਰ੍ਹਾਂ ਇਕ ਤਪਾ ਦੀ ਔਰਤ ਦੀ ਵੀ ਸਵਾਈਨ ਫਲੂ ਨਾਲ ਮੌਤ ਹੋ ਗਈ ਸੀ। ਡੇਂਗੂ ਦੀ ਬੀਮਾਰੀ ਨੇ ਵੀ ਜ਼ਿਲੇ ਨੂੰ ਪੂਰੀ ਤਰ੍ਹਾਂ ਨਾਲ ਜਕੜਿਆ ਹੋਇਆ ਹੈ ਤੇ ਡੇਂਗੂ ਦੇ ਵੀ ਕਈ ਮਰੀਜ਼ ਹਸਪਤਾਲ 'ਚ ਦਾਖਲ ਹਨ ਜਿਨ੍ਹਾਂ 'ਚੋਂ 6 ਮਰੀਜ਼ ਡੇਂਗੂ ਦੇ ਪਾਜ਼ੇਟਿਵ ਪਾਏ ਗਏ।
ਸਵਾਈਨ ਫਲੂ ਦੇ ਤਿੰਨ ਕਿਸਮ ਦੇ ਮਰੀਜ਼ ਹੁੰਦੇ ਹਨ : ਸਿਵਲ ਹਸਪਤਾਲ ਦੇ ਡਾਕਟਰ ਮਨਪ੍ਰੀਤ ਸਿੰਘ ਸਿੱਧੁ ਨੇ ਕਿਹਾ ਕਿ ਸਵਾਈਨ ਫਲੂ ਦੇ ਮਰੀਜ਼ਾਂ ਦੀ ਤਿੰਨ ਤਰ੍ਹਾਂ ਦੀ ਕੈਟਾਗਿਰੀ ਏ. ਬੀ. ਸੀ. ਹੁੰਦੀ ਹੈ। ਏ ਕੈਟਾਗਿਰੀ ਦੇ ਮਰੀਜ਼ਾਂ ਨੂੰ ਸਾਡੇ ਵੱਲੋਂ ਘਰ ਭੇਜ ਦਿੱਤਾ ਜਾਂਦਾ ਹੈ ਅਤੇ ਵਧੀਆ ਖੁਰਾਕ ਖਾਣ ਲਈ ਕਿਹਾ ਜਾਂਦਾ ਹੈ। ਦਵਾਈਆਂ ਵਗੈਰਾ ਦੇ ਕੇ ਉਸ ਨੂੰ ਪ੍ਰਹੇਜ਼ ਰੱਖਣ ਲਈ ਕਿਹਾ ਜਾਂਦਾ ਹੈ।
ਬੀ ਕੈਟਾਗਿਰੀ ਦੇ ਮਰੀਜ਼ ਹਾਈ ਰਿਸਕ 'ਤੇ ਹੁੰਦੇ ਹਨ ਜਿਨ੍ਹਾਂ 'ਚ ਫੇਫੜਿਆਂ 'ਚ ਇਨਫੈਕਸ਼ਨ ਹੋਣਾ, ਗਰਭਵਤੀ ਇਸਤਰੀਆਂ, ਸ਼ੂਗਰ ਦੇ ਮਰੀਜ਼, ਐੱਚ. ਵੀ. ਆਈ. ਨਾਲ ਪੀੜਤ ਮਰੀਜ਼ ਹੁੰਦੇ ਹਨ। ਇਨ੍ਹਾਂ ਮਰੀਜ਼ਾਂ ਨੂੰ ਸਾਡੇ ਵੱਲੋਂ ਹਸਪਤਾਲ 'ਚ ਦਾਖ਼ਲ ਕੀਤਾ ਜਾਂਦਾ ਹੈ। ਸੀ ਕੈਟਾਗਿਰੀ ਦੇ ਮਰੀਜ਼ਾਂ ਲਈ ਸਿਵਲ ਹਸਪਤਾਲ 'ਚ ਕੋਈ ਪ੍ਰਬੰਧ ਨਹੀਂ। ਅਸੀਂ ਇਨ੍ਹਾਂ ਮਰੀਜ਼ਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਅਤੇ ਮੈਡੀਕਲ ਕਾਲਜਾਂ 'ਚ ਰੈਫਰ ਕਰ ਦਿੰਦੇ ਹਾਂ।
ਸਿਵਲ ਹਸਪਤਾਲ 'ਚ ਸਵਾਈਨ ਫਲੂ ਦੇ ਮਰੀਜ਼ਾਂ ਲਈ ਦੋ ਸਪੈਸ਼ਲ ਕਮਰੇ ਰੱਖੇ ਗਏ ਹਨ। ਜਿਨ੍ਹਾਂ 'ਚ ਸਾਫ ਸਫਾਈ ਦਾ ਪੂਰਾ ਪ੍ਰਬੰਧ ਹੈ। ਇਨ੍ਹਾਂ ਮਰੀਜ਼ਾਂ ਨੂੰ ਦੇਣ ਲਈ ਕਿੱਟਾਂ ਤੇ ਦਵਾਈਆਂ ਲਈ ਵੱਖ-ਵੱਖ ਅਲਮਾਰੀਆਂ ਰੱਖੀਆਂ ਹੋਈਆਂ ਹਨ। ਮੂੰਹ 'ਤੇ ਮਾਸਕ ਲਾਇਆ ਜਾਂਦਾ ਹੈ। ਆਕਸੀਜਨ ਦਾ ਵੀ ਸਪੈਸ਼ਲ ਪ੍ਰਬੰਧ ਰੱਖਿਆ ਗਿਆ ਹੈ। ਕਿਸੇ ਵੀ ਬਾਹਰਲੇ ਵਿਅਕਤੀ ਨੂੰ ਇਨ੍ਹਾਂ ਕਮਰਿਆਂ 'ਚ ਜਾਣ ਦੀ ਇਜਾਜ਼ਤ ਨਹੀਂ। ਇਸੇ ਤਰ੍ਹਾਂ ਨਾਲ ਡੇਂਗੂ ਦੇ ਮਰੀਜ਼ਾਂ ਲਈ ਵੀ ਇਕ ਵਾਰਡ ਵੱਖਰਾ ਰੱਖਿਆ ਗਿਆ ਹੈ। ਜਿਸ ਵਿਚ ਡੇਂਗੂ ਦੇ ਮਰੀਜ਼ ਦਾਖਲ ਹਨ। ਉਸ ਕਮਰੇ 'ਚ ਵੀ ਸਾਫ ਸਫਾਈ ਦੇ ਵਿਸ਼ੇਸ਼ ਪ੍ਰਬੰਧ ਸਨ।
ਹਸਪਤਾਲ 'ਚ ਭਾਰੀ ਦਿੱਕਤਾਂ ਆਉਣ 'ਤੇ ਮਰੀਜ਼ਾਂ ਕੀਤੀ ਨਾਅਰੇਬਾਜ਼ੀ : ਸਿਵਲ ਹਸਪਤਾਲ 'ਚ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਇਸ ਤੋਂ ਦੁਖੀ ਹੋ ਕੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ 'ਚ ਨਾਅਰੇਬਾਜ਼ੀ ਵੀ ਕੀਤੀ।
ਸਾਨੂੰ ਲੈਬਾਰਟਰੀ 'ਚ ਟੈਸਟਾਂ ਦੀ ਰਿਪੋਰਟ ਲੈਣ ਲਈ ਦੋ ਦਿਨ ਦਾ ਕਰਨਾ ਪੈਂਦਾ ਹੈ ਇੰਤਜ਼ਾਰ : ਅੱਜ ਸਿਵਲ ਹਸਪਤਾਲ ਦਾ ਦੌਰਾ ਕੀਤਾ ਤਾਂ ਲੈਬਾਰਟਰੀ ਅੱਗੇ ਕਈ ਮਰੀਜ਼ ਆਪਣਾ ਟੈਸਟ ਕਰਵਾਉਣ ਲਈ ਖੜ੍ਹੇ ਸਨ ਅਤੇ ਬੀਮਾਰ ਮਰੀਜ਼ ਜਗ੍ਹਾ ਨਾ ਹੋਣ ਕਾਰਨ ਮਜਬੂਰੀਵੱਸ ਅੱਤ ਦੀ ਗਰਮੀ 'ਚ ਤਪਦੇ ਫਰਸ਼ 'ਤੇ ਹੇਠਾਂ ਹੀ ਬੈਠੇ ਸਨ। ਲੈਬਾਰਟਰੀ 'ਚ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਸੀ। ਲੈਬਾਰਟਰੀ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਹੈ। 1 ਵਜੇ ਤੋਂ ਬਾਅਦ ਮਰੀਜ਼ਾਂ ਦੇ ਸੈਂਪਲ ਨਹੀਂ ਲਏ ਜਾਂਦੇ। ਇਸ ਦੌਰਾਨ 10.30 ਵਜੇ ਤੋਂ ਲੈ ਕੇ 11.30 ਵਜੇ ਤੱਕ ਇਕ ਘੰਟੇ ਦਾ ਬਰੇਕ ਰਹਿੰਦਾ ਹੈ ਤੇ ਕੋਈ ਵੀ ਕਰਮਚਾਰੀ ਇਸ ਦੌਰਾਨ ਸੈਂਪਲ ਨਹੀਂ ਲੈਂਦਾ ਜਿਸ ਕਾਰਨ ਮਰੀਜ਼ਾਂ ਨੂੰ ਬਾਹਰੋਂ ਮਹਿੰਗੇ ਭਾਅ 'ਚ ਆਪਣੇ ਟੈਸਟ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ।
ਲੈਬਾਰਟਰੀ ਅੱਗੇ ਗੱਲਬਾਤ ਕਰਦਿਆਂ ਜਗਦੇਵ ਸਿੰਘ ਵਾਸੀ ਕੈਰੇ ਨੇ ਕਿਹਾ ਕਿ ਮੈਂ 10 ਵਜੇ ਤੋਂ ਬੱਚਿਆਂ ਦੇ ਟੈਸਟ ਕਰਵਾਉਣ ਲਈ ਆਇਆ ਹੋਇਆਂ ਹਾਂ। ਦੋ ਘੰਟੇ ਬੀਤ ਚੁੱਕੇ ਹਨ ਪਰ ਅਜੇ ਤੱਕ ਟੈਸਟ ਨਹੀਂ ਹੋਏ। ਇਸੇ ਤਰ੍ਹਾਂ ਨਾਲ ਤਾਜੋਕੇ ਵਾਸੀ ਗੁਰਭਿੰਦਰ ਕੌਰ ਨੇ ਕਿਹਾ ਕਿ ਮੈਂ ਸਵੇਰੇ 8.30 ਵਜੇ ਤੋਂ ਟੈਸਟ ਕਰਵਾਉਣ ਲਈ ਲੈਬਾਰਟਰੀ 'ਚ ਆਈ ਹੋਈ ਹਾਂ। 4 ਘੰਟੇ ਹੋ ਚੁੱਕੇ ਹਨ ਅਜੇ ਤੱਕ ਮੇਰੀ ਵਾਰੀ ਨਹੀਂ ਆਈ। ਇਸੇ ਤਰ੍ਹਾਂ ਨਾਲ ਹੀ ਅਮਨਦੀਪ ਕੌਰ ਤੇ ਬਲਵੀਰ ਕੌਰ ਨੇ ਵੀ ਆਪਣਾ ਇਹ ਹੀ ਦੁੱਖੜਾ ਰੋਇਆ।
ਫਰਵਾਹੀ ਵਾਸੀ ਹਰਬੰਸ ਕੌਰ ਨੇ ਕਿਹਾ ਕਿ ਮੈਂ ਬੀਤੇ ਦਿਨੀਂ ਲੈਬਾਰਟਰੀ 'ਚ ਟੈਸਟ ਕਰਵਾਏ ਸਨ ਕੱਲ ਰਿਪੋਰਟ ਨਹੀਂ ਦਿੱਤੀ ਗਈ, ਅੱਜ ਵੀ ਅਜੇ ਤੱਕ ਰਿਪੋਰਟ ਨਹੀਂ ਦਿੱਤੀ ਗਈ। ਦੋ ਦਿਨ ਤਾਂ ਸਾਨੂੰ ਟੈਸਟ ਦੀ ਰਿਪੋਰਟ ਲੈਣ ਲਈ ਹੀ ਧੱਕੇ ਖਾਣੇ ਪੈਂਦੇ ਹਨ।
ਨਾ ਹਸਪਤਾਲ 'ਚ ਦਵਾਈਆਂ ਨਾ ਰੈੱਡ ਕਰਾਸ ਦੀ ਦੁਕਾਨ 'ਤੇ : ਜਨ ਔਸ਼ਧੀ ਰੈੱਡ ਕਰਾਸ ਦੀ ਦੁਕਾਨ 'ਤੇ ਵੱਡੀ ਗਿਣਤੀ 'ਚ ਮਰੀਜ਼ ਦਵਾਈਆਂ ਲੈਣ ਲਈ ਆ ਰਹੇ ਸਨ ਕਿ ਰੈੱਡ ਕਰਾਸ ਦੀ ਦੁਕਾਨ 'ਤੇ ਦਵਾਈਆਂ ਘੱਟ ਰੇਟ 'ਤੇ ਮਿਲ ਜਾਣਗੀਆਂ। ਪਰ ਜੇਕਰ ਡਾਕਟਰ ਨੇ ਚਾਰ-ਪੰਜ ਦਵਾਈਆਂ ਲਿਖੀਆਂ ਹਨ ਤਾਂ ਰੈੱਡ ਕਰਾਸ ਦੀ ਦੁਕਾਨ ਤੋਂ ਇਕ-ਦੋ ਦਵਾਈਆਂ ਹੀ ਮਿਲਦੀਆਂ ਹਨ, ਬਾਕੀ ਦਵਾਈਆਂ ਮਹਿੰਗੇ ਭਾਅ 'ਚ ਪ੍ਰਾਈਵੇਟ ਦੁਕਾਨਾਂ ਤੋਂ ਖਰੀਦਣੀਆਂ ਪੈਂਦੀਆਂ ਹਨ।
ਸੁਨੀਲ ਕੁਮਾਰ ਵਾਸੀ ਬਰਨਾਲਾ ਨੇ ਕਿਹਾ ਕਿ ਮੈਂ ਅੱਜ ਹਸਪਤਾਲ 'ਚ ਡਾਕਟਰ ਤੋਂ ਚੈੱਕਅਪ ਕਰਵਾਉਣ ਲਈ ਆਇਆ ਸੀ। ਡਾਕਟਰ ਨੇ ਮੈਨੂੰ ਪੰਜ ਦਵਾਈਆਂ ਲਿਖ ਕੇ ਦਿੱਤੀਆਂ ਜਿਸ ਵਿਚ ਰੈੱਡ ਕਰਾਸ ਦੀ ਦੁਕਾਨ 'ਚ ਸਿਰਫ਼ ਇਕ ਦਵਾਈ ਹੈ। ਬਾਕੀ ਦਵਾਈ ਮੈਨੂੰ ਹੁਣ ਬਾਹਰੋਂ ਮਹਿੰਗੇ ਭਾਅ 'ਚ ਖਰੀਦਣੀ ਪਵੇਗੀ।
ਡਾਕਟਰ ਸਾਲਟ ਨਹੀਂ ਦਵਾਈਆਂ ਦੇ ਨਾਂ ਲਿਖ ਰਹੇ ਨੇ ਇਸ ਲਈ ਆ ਰਹੀ ਹੈ ਮੁਸ਼ਕਿਲ : ਜਨ ਔਸ਼ਧੀ ਕੇਂਦਰ ਦੇ ਕਰਮਚਾਰੀ ਬਲਵਿੰਦਰ ਕੁਮਾਰ ਨੇ ਕਿਹਾ ਕਿ ਡਾਕਟਰ ਸਾਲਟ ਨਹੀਂ ਲਿਖ ਰਹੇ, ਦਵਾਈਆਂ ਦੇ ਨਾਂ ਲਿਖ ਰਹੇ ਹਨ ਇਸ ਲਈ ਅਸੀਂ ਮਰੀਜ਼ਾਂ ਨੂੰ ਪੂਰੀਆਂ ਦਵਾਈਆਂ ਨਹੀਂ ਦੇ ਸਕਦੇ, ਜੇਕਰ ਡਾਕਟਰ ਦਵਾਈਆਂ ਦੇ ਸਾਲਟ ਲਿਖਣ ਤਾਂ ਸਾਡੇ ਵੱਲੋਂ ਜ਼ਿਆਦਾਤਰ ਦਵਾਈਆਂ ਮਰੀਜ਼ਾਂ ਨੂੰ ਦੇ ਦਿੱਤੀਆਂ ਜਾਣਗੀਆਂ। ਹੁਣ ਤਾਂ ਇਸ ਦੁਕਾਨ ਦੀ ਸੇਲ ਵੀ ਬਹੁਤ ਘੱਟ ਗਈ ਹੈ ਸਿਰਫ 8000 ਦੀ ਹੀ ਰੋਜ਼ਾਨਾ ਸੇਲ ਹੁੰਦੀ ਹੈ। ਜਦੋਂਕਿ ਸਿਵਲ ਹਸਪਤਾਲ 'ਚ 1500 ਮਰੀਜ਼ ਆਪਣਾ ਚੈੱਕਅਪ ਕਰਵਾਉਣ ਲਈ ਹਸਪਤਾਲ 'ਚ ਆਉਂਦੇ ਹਨ। ਇਸ ਮੁਤਾਬਕ ਦਵਾਈਆਂ ਦੀ ਸੇਲ ਕਿਤੇ ਜ਼ਿਆਦਾ ਹੋਣੀ ਚਾਹੀਦੀ ਹੈ।
ਡਾਕਟਰਾਂ ਨੂੰ ਦਵਾਈਆਂ ਦੇ ਸਾਲਟ ਲਿਖਣ ਲਈ ਦਿੱਤੇ ਜਾਣਗੇ ਨਿਰਦੇ : ਅੱਜ ਸਿਵਲ ਹਸਪਤਾਲ ਦਾ ਦੌਰਾ ਕਰਨ ਲਈ ਰੈੱਡ ਕਰਾਸ ਦੀ ਚੇਅਰਪਰਸਨ ਗਗਨ ਕੁੰਦਰਾ ਆਏ ਹੋਏ ਸਨ। ਜਦੋਂ ਇਸ ਸਬੰਧੀ ਰੈੱਡ ਕਰਾਸ ਦੀ ਚੇਅਰਪਰਸਨ ਗਗਨ ਕੁੰਦਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡਾਕਟਰਾਂ ਨੂੰ ਨਿਰਦੇਸ਼ ਦਿੱਤੇ ਜਾਣਗੇ ਕਿ ਉਹ ਦਵਾਈਆਂ ਦੇ ਸਾਲਟ ਹੀ ਲਿਖਣ। ਮੌਕੇ 'ਤੇ ਉਨ੍ਹਾਂ ਨੇ ਜਨ ਔਸ਼ਧੀ ਦੇ ਕਰਮਚਾਰੀਆਂ ਨੂੰ ਵੀ ਬੁਲਾਇਆ। ਕਰਮਚਾਰੀਆਂ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਦਵਾਈਆਂ ਦੇ ਨਾਂ ਲਿਖੇ ਜਾ ਰਹੇ ਹਨ, ਸਾਲਟ ਨਹੀਂ ਲਿਖੇ ਜਾ ਰਹੇ ਤਾਂ ਮੌਕੇ 'ਤੇ ਮੌਜੂਦ ਡਾਕਟਰਾਂ ਨੇ ਕਿਹਾ ਕਿ ਜਨ ਔਸ਼ਧੀ ਦੇ ਕਰਮਚਾਰੀ ਸਾਨੂੰ ਜਨ ਔਸ਼ਧੀ 'ਚ ਪਏ ਸਾਲਟਾਂ ਦੀ ਡੀਟੇਲ ਦੇ ਦੇਣ। ਅਸੀਂ ਉਹ ਸਾਲਟ ਮਰੀਜ਼ਾਂ ਨੂੰ ਲਿਖ ਦਿਆਂਗੇ ਕਿਉਂਕਿ ਜੇਕਰ ਅਸੀਂ ਸਾਲਟ ਲਿਖ ਦਿੰਦੇ ਹਾਂ ਉਹ ਸਾਲਟ ਜਨ ਔਸ਼ਧੀ ਕੇਂਦਰ 'ਚ ਨਾ ਹੋਣ ਤਾਂ ਬਾਹਰੋਂ ਘਟੀਆ ਕੰਪਨੀ ਦੀਆਂ ਦਵਾਈਆਂ ਮਰੀਜ਼ਾਂ ਨੂੰ ਦੇ ਦਿੱਤੀਆਂ ਜਾਂਦੀਆਂ ਹਨ। ਇਸ ਲਈ ਅਸੀਂ ਦਵਾਈਆਂ ਦੇ ਨਾਂ ਲਿਖਦੇ ਹਾਂ।
ਹਸਪਤਾਲ 'ਚ ਹੁੰਦੇ ਨੇ ਹਰ ਮਹੀਨੇ 45000 ਮਰੀਜ਼ਾਂ ਦੇ ਟੈਸਟ : ਐੱਸ. ਐੱਮ. ਓ. : ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਜਸਵੀਰ ਸਿੰਘ ਔਲਖ ਨੇ ਕਿਹਾ ਕਿ ਸਿਵਲ ਹਸਪਤਾਲ ਬਰਨਾਲਾ 'ਚ ਮਹੀਨੇ ਦੇ 45000 ਮਰੀਜ਼ਾਂ ਦੇ ਟੈਸਟ ਹੁੰਦੇ ਹਨ। ਜੋ ਪੰਜਾਬ 'ਚ ਸ਼ਾਇਦ ਕਿਤੇ ਵੀ ਨਾ ਹੁੰਦੇ ਹੋਣ। ਰਹੀ ਇਕ ਘੰਟੇ ਬਰੇਕ ਦੀ ਗੱਲ, ਇਸ ਦੌਰਾਨ ਜੋ ਪਹਿਲਾਂ ਸੈਂਪਲ ਲਏ ਗਏ ਹੁੰਦੇ ਹਨ ਉਨ੍ਹਾਂ ਸੈਂਪਲਾਂ ਨੂੰ ਮਸ਼ੀਨਾਂ 'ਚ ਪਾ ਕੇ ਉਸ ਦੀ ਰਿਪੋਰਟ ਕੱਢਣੀ ਹੁੰਦੀ ਹੈ। ਇਸੇ ਕਾਰਨ ਹੀ ਕੁਝ ਬਰੇਕ ਲਿਆ ਜਾਂਦਾ ਹੈ।
ਛੇਹਰਟਾ 'ਚ ਗੁੰਡਾਗਰਦੀ ਦਾ ਨੰਗਾ ਨਾਚ
NEXT STORY