ਮੋਗਾ : ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਮੋਗਾ ਵਿਸ਼ੇਸ਼ ਸਾਰੰਗਲ ਦੀਆਂ ਹਦਾਇਤਾਂ ਤਹਿਤ ਜ਼ਿਲ੍ਹੇ 'ਚ ਪਰਾਲੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਟੀਮਾਂ ਦਿਨ-ਰਾਤ ਫੀਲਡ 'ਚ ਕੰਮ ਕਰ ਰਹੀਆਂ ਹਨ। ਮੋਗਾ 'ਚ ਬਹੁ-ਗਿਣਤੀ 'ਚ ਕਿਸਾਨ ਹਨ, ਜਿਨ੍ਹਾਂ ਨੇ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਇਸ ਦਾ ਸੁਚੱਜਾ ਪ੍ਰਬੰਧਨ ਖੇਤੀਬਾੜੀ ਵਿਭਾਗ ਦੀ ਦੇਖ-ਰੇਖ ਅਤੇ ਸਹਾਇਤਾ ਨਾਲ ਕਰਨਾ ਉੱਚਿਤ ਸਮਝਿਆ। ਇਨ੍ਹਾਂ ਕਿਸਾਨਾਂ ਦੀ ਸੂਚੀ 'ਚ ਇੱਕ ਨਾਂ ਮਨਾਵਾਂ ਪਿੰਡ ਦੇ ਜਸਵਿੰਦਰ ਦਾ ਵੀ ਆਉਂਦਾ ਹੈ।
ਉਸਨੇ ਆਪਣੀ 15 ਏਕੜ ਦੀ ਝੋਨੇ ਦੀ ਫ਼ਸਲ ਤੋਂ ਬਾਅਦ ਪਰਾਲੀ ਦੀਆਂ ਗੰਢਾਂ ਬਣਵਾਈਆਂ। ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸਨੂੰ ਪਰਾਲੀ ਦੇ ਪ੍ਰਬੰਧਨ 'ਚ ਕੋਈ ਵੀ ਦਿੱਕਤ ਨਹੀਂ ਆਈ ਕਿਉਂਕਿ ਖੇਤੀਬਾੜੀ ਸੰਦ ਵਿਭਾਗ ਨੇ ਮੁੱਹਈਆ ਕਰਵਾ ਦਿੱਤੇ ਸਨ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਸਾਨ ਜਸਵਿੰਦਰ ਸਿੰਘ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਸਮੂਹ ਕਿਸਾਨਾਂ ਨੂੰ ਹੁਣ ਪਰਾਲੀ ਨੂੰ ਅੱਗ ਲਾਉਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਵਾ (ਰੋਕਥਾਮ ਅਤੇ ਕੰਟਰੋਲ ਆਫ਼ ਪ੍ਰਦੂਸ਼ਣ) ਐਕਟ 1981 ਦੀ ਧਾਰਾ 19 (5) ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਰਾਜ 'ਚ ਫ਼ਸਲਾਂ ਦੀ ਨਾੜ/ਰਹਿੰਦ ਖੂੰਹਦ ਨੂੰ ਅੱਗ ਲਗਾਏ ਜਾਣ ਦੀ ਮਨਾਹੀ ਕੀਤੀ ਗਈ ਹੈ। ਫ਼ਸਲਾਂ ਦੀ ਨਾੜ/ਰਹਿੰਦ ਖੂੰਹਦ ਨੂੰ ਅੱਗ ਲਗਾਏ ਜਾਣ ਤੋਂ ਰੋਕਣ ਅਤੇ ਨਾੜ ਨੂੰ ਅੱਗ ਲਗਾਏ ਜਾਣ ਦੀ ਸੂਰਤ 'ਚ ਕਾਰਵਾਈ ਕਰਨ ਲਈ ਜ਼ਿਲ੍ਹਾ ਮੋਗਾ 'ਚ 334 ਨੋਡਲ ਅਫ਼ਸਰਾਂ ਤੋਂ ਇਲਾਵਾ ਕਲੱਸਟਰ ਅਫ਼ਸਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਹ ਅਫ਼ਸਰ ਕਣਕ ਦੇ ਨਾੜ/ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ 'ਤੇ ਬਾਜ਼ ਅੱਖ ਰੱਖ ਰਹੇ ਹਨ। ਇਹ ਟੀਮਾਂ ਕਿਸਾਨਾਂ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਅਤੇ ਖੇਤੀਬਾੜੀ ਵਾਲੀ ਜ਼ਮੀਨ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਜਾਗਰੂਕ ਵੀ ਕਰ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗੀ ਕਾਰਵਾਈ ਤੋਂ ਬਚਣ ਅਤੇ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਕਣਕ ਦੇ ਨਾੜ/ਰਹਿੰਦ-ਖੂਹੰਦ ਨੂੰ ਅੱਗ ਨਾ ਲਗਾਉਣ ਨੂੰ ਯਕੀਨੀ ਬਣਾਉਣ।
ਵੱਡੀ ਖ਼ਬਰ: ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨਗੀ ਛੱਡਣ ਦੀ ਜਤਾਈ ਇੱਛਾ
NEXT STORY