ਫਿਰੋਜ਼ਪੁਰ, (ਮਲਹੋਤਰਾ-ਜੈਨ)— ਅੰਤਰਰਾਸ਼ਟਰੀ ਹਿੰਦ-ਪਾਕਿ ਸਰਹੱਦ 'ਤੇ ਤਿੰਨ ਦਹਾਕੇ ਪਹਿਲਾਂ 24 ਕਿੱਲੇ ਜ਼ਮੀਨ 'ਚ ਬਣਾਏ ਗਏ ਸਰਕਾਰੀ ਪੋਲੀਟੈਕਨੀਕਲ ਕਾਲਜ ਵਿਚ ਕਿਸੇ ਜ਼ਮਾਨੇ ਵਿਚ ਦਾਖਲਾ ਲੈਣ ਲਈ ਐਂਟਰੇਸ ਟੈਸਟ ਹੋਇਆ ਕਰਦਾ ਸੀ ਤੇ ਮੰਤਰੀਆਂ ਦੀਆਂ ਸਿਫਾਰਸ਼ਾਂ ਤੋਂ ਬਾਅਦ ਦਾਖਲਾ ਮਿਲਦਾ ਸੀ। ਸਮੇਂ ਦੇ ਨਾਲ-ਨਾਲ ਅੱਜ ਇਸ ਕਾਲਜ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਪ੍ਰਬੰਧਕੀ ਕੰਪਲੈਕਸ, ਹੋਸਟਲ ਸਮੇਤ ਸਾਰੀਆਂ ਇਮਾਰਤਾਂ ਕਰੀਬ-ਕਰੀਬ ਧਾਰਾਸ਼ਾਈ ਹੋਣ ਦੇ ਕੰਢੇ ਹਨ। ਵਿਦਿਆਰਥੀਆਂ ਦੇ ਨਾਂ 'ਤੇ ਕੁਝ ਹੀ ਗਿਣਤੀ ਕਾਲਜ ਵਿਚ ਰਹਿ ਗਈ ਹੈ। ਕੋਰੜਾਂ ਰੁਪਏ ਦੀ ਲਾਗਤ ਨਾਲ ਬਣੇ ਇਸ ਪੋਲੀਟੈਕਨੀਕਲ ਕਾਲਜ ਵਿਚ ਹਰ ਪਾਸੇ ਗੰਦਗੀ, ਜੰਗਲੀ ਘਾਹ ਉੱਗਿਆ ਹੋਇਆ ਹੈ। ਇਮਾਰਤ ਦੇ ਕੁਝ ਹਿੱਸਿਆਂ ਵਿਚ ਅਪਰਾਧਕ ਤੱਤਾਂ ਨੇ ਆਪਣੇ ਅੱਡੇ ਬਣਾਏ ਹੋਏ ਹਨ ਤੇ ਸਮੇਂ-ਸਮੇਂ 'ਤੇ ਨਸ਼ੇੜੀ ਇਥੇ ਆਮ ਹੀ ਦੇਖੇ ਜਾ ਸਕਦੇ ਹਨ।ਸਰਹੱਦੀ ਖੇਤਰ ਵਿਚ ਟੈਕਨੀਕਲ ਐਜੂਕੇਸ਼ਨ ਲਈ ਸ਼ੁਰੂ ਹੋਇਆ ਇਹ ਕਾਲਜ ਜਿਥੇ ਰਾਜ ਤੇ ਦੇਸ਼ ਨੂੰ ਚੰਗੇ ਇੰਜੀਨੀਅਰ, ਮਕੈਨਿਕ ਤੇ ਵਰਕਰ ਦੇ ਚੁੱਕਾ ਹੈ, ਹੁਣ ਇਹੀ ਕਾਲਜ ਸਰਕਾਰ ਦੀ ਲਾਪ੍ਰਵਾਹੀ ਕਾਰਨ ਆਪਣਾ ਵਜੂਦ ਲਗਾਤਾਰ ਖੁੱਸ ਰਿਹਾ ਹੈ। ਦੇਖਭਾਲ ਦੀ ਕਮੀ ਕਾਰਨ ਇਮਾਰਤਾਂ ਖੰਡਰ ਦਾ ਰੂਪ ਧਾਰਨ ਕਰ ਗਈਆਂ ਹਨ, ਵਿਦਿਆਰਥੀਆਂ ਦਾ ਰੁਝਾਨ ਟੈਕਨੀਕਲ ਐਜੂਕੇਸ਼ਨ ਦੀ ਬਜਾਏ ਵਿਦੇਸ਼ਾਂ ਵਿਚ ਸੈੱਟ ਹੋਣ ਵੱਲ ਜ਼ਿਆਦਾ ਹੋਣ ਕਾਰਨ ਇਥੇ ਕੁਝ ਹੀ ਗਿਣਤੀ ਵਿਚ ਵਿਦਿਆਰਥੀ ਰਹਿ ਗਏ ਹਨ। ਰਹੀ ਸਹੀ ਕਸਰ ਕਾਲਜ ਵਿਚ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਦੀ ਕਈ ਸਾਲਾਂ ਤੋਂ ਚੱਲੀ ਆ ਰਹੀ ਭਾਰੀ ਕਮੀ ਕੱਢ ਰਹੀ ਹੈ।
ਕੀ ਹੈ ਕਾਲਜ ਦੀ ਸਥਿਤੀ
ਸਾਲ 1990 ਵਿਚ ਦੁਲਚੀਕੇ ਰੋਡ 'ਤੇ ਸਰਕਾਰੀ ਪੋਲੀਟੈਕਨੀਕਲ ਕਾਲਜ ਦੀ ਉਸਾਰੀ 'ਤੇ ਉਦਘਾਟਨ ਹੋਇਆ ਸੀ। ਉਸ ਸਮੇਂ ਇਥੇ ਪ੍ਰਬੰਧਕੀ ਕੰਪਲੈਕਸ, ਈ. ਐੱਮ. ਪੀ. ਬਲਾਕ, ਇਕ ਹੋਸਟਲ ਤੇ ਸਟਾਫ ਕਾਲੋਨੀ ਬਣਾਈ ਗਈ ਸੀ। ਵਿਦਿਆਰਥੀਆਂ ਦੀ ਨਿਰੰਤਰ ਵਧ ਰਹੀ ਗਿਣਤੀ ਨੂੰ ਦੇਖਦਿਆਂ ਲੜਕੀਆਂ ਲਈ ਇਕ ਹੋਰ ਵੱਖਰਾ ਹੋਸਟਲ ਬਣਾਇਆ ਗਿਆ। ਕਾਲਜ ਵਿਚ ਸ਼ੁਰੂਆਤੀ ਦੌਰ 'ਚ ਤਿੰਨ ਟਰੇਡ ਮਕੈਨੀਕਲ, ਇਲੈਕਟ੍ਰੋਨਿਕਸ ਤੇ ਕਮਿਊਨੀਕੇਸ਼ਨ ਸਨ ਅਤੇ ਹਰ ਟਰੇਡ ਲਈ 40-40 ਸੀਟਾਂ ਰੱਖੀਆਂ ਗਈਆਂ ਸਨ। ਇਸ ਤੋਂ ਬਾਅਦ ਸਮੇਂ ਦੀ ਲੋੜ ਅਨੁਸਾਰ ਇਥੇ ਕੰਪਿਊਟਰ ਟਰੇਡ ਵੀ ਸ਼ੁਰੂ ਕਰ ਦਿੱਤੀ ਗਈ ਤੇ ਕਰੀਬ 10 ਸਾਲ ਪਹਿਲਾਂ ਸਾਰੀਆਂ ਟਰੇਡਾਂ ਵਿਚ ਸੀਟਾਂ ਦੀ ਗਿਣਤੀ 40 ਤੋਂ ਵਧਾ ਕੇ 60 ਕਰ ਦਿੱਤੀ ਗਈ। ਕਿਸੇ ਸਮੇਂ ਦਾਖਲਾ ਲੈਣ ਲਈ ਲੰਬੀਆਂ ਲਾਈਨਾਂ ਲੱਗਣ ਵਜੋਂ ਜਾਣੇ ਜਾਂਦੇ ਇਸ ਕਾਲਜ ਦੀ ਹੁਣ ਹਾਲਤ ਇਹ ਬਣ ਗਈ ਹੈ ਕਿ ਕਾਲਜ ਦੇ ਪਿੰ੍ਰਸੀਪਲ ਤੇ ਲੈਕਚਰਾਰਾਂ ਨੂੰ ਖੁਦ ਸਕੂਲਾਂ 'ਚ ਜਾ ਕੇ ਦਸਵੀਂ ਦੀ ਪ੍ਰੀਖਿਆ ਦੇ ਰਹੇ ਵਿਦਿਆਰਥੀਆਂ ਨੂੰ ਕਾਲਜ ਵਿਚ ਦਾਖਲੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
ਇਮਾਰਤਾਂ ਬਣ ਚੁੱਕੀਆਂ ਹਨ ਖੰਡਰ
ਕਾਲਜ ਦੀ ਮੁੱਖ ਇਮਾਰਤ ਦੇ ਜਿਥੇ ਬੁਰੇ ਹਾਲ ਹੋ ਚੁੱਕੇ ਹਨ, ਉਥੇ ਕਈ ਸਾਲਾਂ ਤੋਂ ਬੰਦ ਪਏ ਦੋਵਾਂ ਹੋਸਟਲਾਂ ਦੀਆਂ ਇਮਾਰਤਾਂ ਵਿਚ ਖੰਡਰ ਬਣ ਚੁੱਕੀਆਂ ਹਨ। ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਵੱਖ-ਵੱਖ ਬਲਾਕਾਂ ਦੇ ਦਰਵਾਜ਼ੇ, ਖਿੜਕੀਆਂ ਸਭ ਉਤਰ ਚੁੱਕੇ ਹਨ। ਛੱਤਾਂ ਤੇ ਬਰਾਮਦਿਆਂ ਵਿਚ ਉਗੇ ਬੂਟੇ ਰੁੱਖ ਬਣ ਚੁੱਕੇ ਹਨ। ਹਰ ਪਾਸੇ ਜੰਗਲੀ ਘਾਹ ਦਾ ਬੋਲਬਾਲਾ ਹੈ। ਪਾਣੀ ਪੀਣ ਲਈ ਜੋ ਵਾਟਰ ਕੂਲਰ ਤੇ ਆਰ. ਓ. ਸਿਸਟਮ ਲੱਗਾ ਹੈ, ਉਥੇ ਵੀ ਗੰਦਗੀ ਜਮ੍ਹਾ ਹੈ। ਕੁੜੀਆਂ ਲਈ ਹੋਸਟਲ ਸਹੂਲਤ ਬੰਦ ਕਰ ਦਿੱਤੀ ਗਈ ਹੈ ਅਤੇ ਮੁੰਡਿਆਂ ਦੇ ਹੋਸਟਲ ਦੀ ਹਾਲਤ ਖਰਾਬ ਹੋਣ ਕਾਰਨ ਕਰੀਬ 100 ਹੋਸਟਲਰਾਂ ਨੂੰ ਸਟਾਫ ਕਾਲੋਨੀ ਵਿਚ ਖਾਲੀ ਪਏ ਕੁਆਰਟਰਾਂ 'ਚ ਰੱਖਿਆ ਜਾ ਰਿਹਾ ਹੈ।
ਰੈਗੂਲਰ ਸਟਾਫ ਦੀ ਕਮੀ, ਪ੍ਰਾਈਵੇਟ ਹੱਥਾਂ 'ਚ ਵਾਗਡੋਰ
ਸਰਕਾਰ ਦੀ ਇਸ ਸੰਸਥਾ ਦੇ ਪ੍ਰਤੀ ਲਾਪ੍ਰਵਾਹੀ ਇਸੇ ਗੱਲ ਤੋਂ ਸਪੱਸ਼ਟ ਹੁੰਦੀ ਹੈ ਕਿ ਇਥੇ ਰੈਗੂਲਰ ਸਟਾਫ ਦੀ ਕਈ ਸਾਲਾਂ ਤੋਂ ਘਾਟ ਚੱਲੀ ਆ ਰਹੀ ਹੈ। ਕਾਲਜ ਦੇ ਕੋਲ ਆਪਣਾ ਪਿੰ੍ਰਸੀਪਲ ਵੀ ਨਹੀਂ ਹੈ ਤੇ ਕੋਟਕਪੂਰਾ ਦੇ ਪੋਲੀਟੈਕਨੀਕਲ ਕਾਲਜ ਵਿਚ ਤਾਇਨਾਤ ਪ੍ਰਿੰਸੀਪਲ ਸਤਿੰਦਰ ਪਾਲ ਕੌਰ ਨੂੰ ਇਥੇ ਦਾ ਵਾਧੂ ਕੰਮ ਸੌਂਪਿਆ ਹੋਇਆ ਹੈ। ਕਾਲਜ ਦਾ ਰੂਟੀਨ ਕੰਮਕਾਜ ਚਲਾਉਣ ਲਈ ਇਥੋਂ ਦੇ ਹੀ ਸੀਨੀਅਰ ਲੈਕਚਰਾਰ ਬਲਕਾਰ ਸਿੰਘ ਨੂੰ ਕਾਰਜਕਾਰੀ ਪ੍ਰਿੰਸੀਪਲ ਦੀ ਡਿਊਟੀ ਨਿਭਾਉਣੀ ਪੈ ਰਹੀ ਹੈ। ਇਸ ਤੋਂ ਇਲਾਵਾ ਇਲੈਕਟ੍ਰੋਨਿਕ, ਕਮਿਊਨੀਕੇਸ਼ਨਜ਼ ਅਤੇ ਕੰਪਿਊਟਰ ਟਰੇਡ ਲਈ ਮਨਜ਼ੂਰ ਲੈਕਚਰਾਰਾਂ ਦੀਆਂ 4-4 ਪੋਸਟਾਂ ਲਈ ਸਿਰਫ 1-1 ਲੈਕਚਰਾਰ ਰੈਗੂਲਰ ਬੇਸ 'ਤੇ ਨਿਯੁਕਤ ਹੈ। ਇਹੀ ਹਾਲ ਮਕੈਨੀਕਲ ਟਰੇਡ ਦਾ ਹੈ, ਇਸ ਟਰੇਡ ਲਈ ਲੈਕਚਰਾਰ ਦੀਆਂ ਕੁਲ 7 ਸੀਟਾਂ ਮਨਜ਼ੂਰ ਹਨ ਤੇ ਵਰਤਮਾਨ ਵਿਚ ਸਿਰਫ 3 ਰੈਗੂਲਰ ਲੈਕਚਰਾਰ ਸੇਵਾਵਾਂ ਦੇ ਰਹੇ ਹਨ। ਕਾਲਜ ਦਾ ਕੰਮਕਾਜ ਚਲਾਉਣ ਲਈ ਹਰ ਟਰੇਡ ਵਿਚ ਪ੍ਰਾਈਵੇਟ ਅਧਿਆਪਕਾਂ ਦੀ ਨਿਯੁਕਤੀ ਕੀਤੀ ਗਈ ਹੈ, ਜੋ ਪ੍ਰਤੀ ਘੰਟਾ ਦੇ ਹਿਸਾਬ ਨਾਲ ਪੈਸੇ ਲੈਂਦੇ ਹਨ। ਇਸ ਤੋਂ ਇਲਾਵਾ ਨਾਨ-ਟੀਚਿੰਗ ਸਟਾਫ ਦੀ ਕਮੀ ਵੀ ਕਾਲਜ ਕਈ ਸਾਲਾਂ ਤੋਂ ਝੱਲ ਰਿਹਾ ਹੈ ਅਤੇ ਕੰਮ ਚਲਾਉਣ ਲਈ 10 ਪ੍ਰਾਈਵੇਟ ਕਰਮਚਾਰੀ ਠੇਕੇ 'ਤੇ ਰੱਖੇ ਹੋਏ ਹਨ।
ਕਾਲਜ ਦੀ ਸਥਿਤੀ ਬਾਰੇ ਰਾਜ ਦੇ ਟੈਕਨੀਕਲ ਸਿੱਖਿਆ ਵਿਭਾਗ ਨੂੰ ਸਮੇਂ-ਸਮੇਂ 'ਤੇ ਜਾਣੂ ਕਰਵਾਇਆ ਜਾਂਦਾ ਹੈ ਤੇ ਲੋੜ ਅਨੁਸਾਰ ਮੰਗਾਂ ਵੀ ਰੱਖੀਆਂ ਜਾਂਦੀਆਂ ਹਨ। ਪ੍ਰਬੰਧਕੀ ਇਮਾਰਤ ਦੀ ਰਿਪੇਅਰ ਦੀ ਮਨਜ਼ੂਰੀ ਲਈ ਵਿਭਾਗ ਨੂੰ ਪੱਤਰ ਲਿਖਿਆ ਗਿਆ ਹੈ ਤੇ ਇਸ ਲਈ ਕਾਲਜ ਕੋਲ ਫੰਡ ਵੀ ਉਪਲੱਬਧ ਹੈ, ਜਿਵੇਂ ਹੀ ਮਨਜ਼ੂਰੀ ਮਿਲੇਗੀ ਰਿਪੇਅਰ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਨਵੇਂ ਹੋਸਟਲ ਵਿਚ 175 ਬੱਚੇ ਰੱਖਣ ਦੀ ਸਮਰੱਥਾ ਹੈ। ਇਸ ਲਈ ਪੁਰਾਣੇ ਹੋਸਟਲਾਂ ਨੂੰ ਦੁਬਾਰਾ ਚਾਲੂ ਕਰਨ ਦੀ ਕੋਈ ਲੋੜ ਹੀ ਨਹੀਂ ਹੈ। ਫਿਰ ਵੀ ਪੁਰਾਣੇ ਹੋਸਟਲਾਂ ਦੀਆਂ ਇਮਾਰਤਾਂ ਦੀ ਸਾਫ-ਸਫਾਈ, ਸੁਰੱਖਿਆ ਲਈ ਵਿਭਾਗ ਤੋਂ ਮਨਜ਼ੂਰੀ ਲੈ ਲਈ ਗਈ ਹੈ ਅਤੇ ਲੋਕ ਨਿਰਮਾਣ ਵਿਭਾਗ ਨੂੰ ਕੰਮ ਵੀ ਅਲਾਟ ਹੋ ਚੁੱਕਾ ਹੈ। ਪੁਰਾਣੇ ਹੋਸਟਲਾਂ ਦੇ ਆਸ-ਪਾਸ ਉੱਚੀਆਂ ਦੀਵਾਰਾਂ ਬਣਾਈਆਂ ਜਾ ਰਹੀਆਂ ਹਨ, ਜਿਸ ਨਾਲ ਇਥੇ ਅਸਮਾਜਕ ਤੱਤਾਂ ਦਾ ਦਾਖਲਾ ਬਿਲਕੁਲ ਬੰਦ ਹੋ ਜਾਵੇਗਾ। ਕਾਲਜ ਵਿਚ ਸਟਾਫ ਦੀ ਕਮੀ ਵੀ ਜਲਦ ਦੂਰ ਹੋਣ ਜਾ ਰਹੀ ਹੈ, ਪਿਛਲੇ ਸਾਲ ਵਿਭਾਗ ਵੱਲੋਂ ਕੀਤੀਆਂ ਗਈਆਂ ਭਰਤੀਆਂ ਅਨੁਸਾਰ ਇਕ ਕਮੇਟੀ ਗਠਿਤ ਕੀਤੀ ਗਈ ਹੈ, ਜੋ ਨਵੇਂ ਲੈਕਚਰਾਰਾਂ ਨੂੰ ਉਨ੍ਹਾਂ ਕਾਲਜਾਂ ਵਿਚ ਪੋਸਟ ਕਰੇਗੀ, ਜਿਥੇ ਟਰੇਡਾਂ 'ਚ ਇਨ੍ਹਾਂ ਦੀ ਲੋੜ ਹੈ। ਨਵੇਂ ਸੈਸ਼ਨ ਵਿਚ ਸਟਾਫ ਦੀ ਕਮੀ ਕਾਫੀ ਹੱਦ ਤੱਕ ਦੂਰ ਹੋਣਾ ਯਕੀਨੀ ਹੈ। ਕਾਲਜ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਵੱਖ-ਵੱਖ ਸਕੂਲਾਂ ਵਿਚ ਜਾ ਕੇ ਬੱਚਿਆਂ ਨੂੰ ਟੈਕਨੀਕਲ ਐਜੂਕੇਸ਼ਨ ਦੀ ਮਹੱਤਤਾ ਦੱਸੀ ਜਾਂਦੀ ਹੈ ਤੇ ਇਸ ਦਾ ਅਸਰ ਵੀ ਵੇਖਣ ਨੂੰ ਮਿਲੇਗਾ।
—ਬਲਕਾਰ ਸਿੰਘ ਕਾਰਜਕਾਰੀ ਪ੍ਰਿੰਸੀਪਲ ਸਰਕਾਰੀ ਪੋਲੀਟੈਕਨੀਕਲ ਕਾਲਜ
ਫੀਸਾਂ 'ਚ ਛੋਟ ਕਰ ਰਹੀ ਹੈ ਵਿਦਿਆਰਥੀਆਂ ਨੂੰ ਆਕਰਸ਼ਤ
ਲਗਭਗ ਡੇਢ ਦਹਾਕੇ ਤੋਂ ਵਿਦਿਆਰਥੀਆਂ ਦਾ ਰੁਝਾਨ ਇੰਜੀਨੀਅਰਿੰਗ ਤੇ ਆਈਲੈਟਸ ਦੀ ਪੜ੍ਹਾਈ ਵੱਲ ਵਧਣ ਕਾਰਨ ਪੋਲੀਟੈਕਨੀਕਲ ਕਾਲਜਾਂ ਵਿਚ ਐਡਮਿਸ਼ਨ ਬਹੁਤ ਘੱਟ ਗਈ ਹੈ। ਮੋਗਾ ਰੋਡ 'ਤੇ ਸਥਿਤ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਚ ਪਾਲੀਵਿੰਗ ਸ਼ੁਰੂ ਹੋਣ ਤੋਂ ਬਾਅਦ ਜ਼ਿਆਦਾਤਰ ਲੋਕਲ ਵਿਦਿਆਰਥੀ ਉਥੇ ਦਾਖਲਾ ਲੈਣ ਨੂੰ ਤਰਜੀਹ ਦਿੰਦੇ ਹਨ। ਫਿਰ ਵੀ ਸਰਕਾਰ ਦੀ ਯੋਜਨਾ ਅਨੁਸਾਰ ਪੋਲੀਟੈਕਨੀਕਲ ਕਾਲਜਾਂ ਵਿਚ ਵਿਦਿਆਰਥੀਆਂ ਨੂੰ ਆਕਰਸ਼ਤ ਕਰਨ ਲਈ ਫੀਸਾਂ ਵਿਚ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ। ਦਸਵੀਂ ਕਲਾਸ ਵਿਚ ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ, ਘੱਟ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ, ਰਿਜ਼ਰਵ ਸ਼੍ਰੇਣੀਆਂ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਇਥੇ ਦਾਖਲਾ ਲੈਣ ਲਈ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦੇ ਨਤੀਜੇ ਵਜੋਂ ਪਿਛਲੇ ਸੈਸ਼ਨ ਵਿਚ ਦਾਖਲੇ ਦਾ ਗ੍ਰਾਫ ਕੁਝ ਵਧਿਆ ਹੈ ਪਰ ਇਥੇ ਸਹੂਲਤਾਂ ਦੀ ਘਾਟ ਕਾਰਨ ਹਰ ਟਰੇਡ ਵਿਚ ਲਗਭਗ ਅੱਧੀਆਂ ਸੀਟਾਂ ਹਾਲੇ ਵੀ ਖਾਲੀ ਹੀ ਹਨ।
ਕੁੱਟ-ਮਾਰ ਕਰਨ 'ਤੇ 4 ਖਿਲਾਫ ਮਾਮਲਾ ਦਰਜ
NEXT STORY