ਬਟਾਲਾ, (ਬੇਰੀ)- ਅੱਜ ਦਿਨ-ਦਿਹਾਡ਼ੇ ਕਿਲਾ ਮੰਡੀ ਸਥਿਤ ਦੈਨਿਕ ਪ੍ਰਾਰਥਨਾ ਸਭਾ ਦੀ ਪੀ. ਐੱਨ. ਬੀ. ਬੈਂਕ ਦੀ ਬ੍ਰਾਂਚ ਦੇ ਬਿਲਕੁੱਲ ਬਾਹਰ ਲੁੱਟ ਦੀ ਵਾਰਦਾਤ ਹੋਣ ਨਾਲ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਕੀ ਹੈ ਮਾਮਲਾ
ਇਸ ਸੰਬੰਧ ’ਚ ਲੁੱਟ ਦਾ ਸ਼ਿਕਾਰ ਹੋਏ ਅਸ਼ੋਕ ਕੁਮਾਰ ਪੁੱਤਰ ਨਾਰਾਇਣ ਦਾਸ ਵਾਸੀ ਸੇਖਡ਼ੀਆਂ ਮੁਹੱਲਾ ਬਟਾਲਾ ਨੇ ਦੱਸਿਆ ਕਿ ਅੱਜ ਸਵੇਰੇ ਉਹ ਪੀ. ਐੱਨ. ਬੀ. ਬੈਂਕ ਬ੍ਰਾਂਚ ਦੈਨਿਕ ਪ੍ਰਾਰਥਨਾ ਸਭਾ ਕਿਲਾ ਮੰਡੀ ’ਚ ਬੈਂਕ ਦੇ ਕੰਮ ਲਈ ਗਿਆ ਸੀ ਅਤੇ ਬੈਂਕ ਦਾ ਸਾਰਾ ਕੰਮ ਭੁਗਤਾਉਣ ਤੋਂ ਬਾਅਦ ਜਦੋਂ ਬੈਂਕ ਦੇ ਬਿਲਕੁਲ ਨਾਲ ਲੱਗੇ ਏ. ਟੀ. ਐੱਮ. ’ਚੋਂ 10 ਹਜ਼ਾਰ ਰੁਪਏ ਕੱਢਵਾ ਕੇ ਬਾਹਰ ਆਇਆ ਅਤੇ ਉਸ ਦੇ ਹੱਥੋਂ ਰੁਪਏ ਲੁਟੇਰਾ ਖੋਹ ਕੇ ਫਰਾਰ ਹੋ ਗਿਆ। ਅਸ਼ੋਕ ਕੁਮਾਰ ਨੇ ਦੱਸਿਆ ਕਿ ਜਿਸ ਨੌਜਵਾਨ ਨੇ ਉਸ ਕੋਲੋਂ ਪੈਸੇ ਖੋਹੇ ਹਨ, ਉਸ ਦੇ ਨਾਲ ਹੋਰ ਵੀ ਨੌਜਵਾਨ ਸਨ। ਉਕਤ ਹੋਈ ਵਾਰਦਾਤ ਨੂੰ ਲੈ ਕੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਥੇ ਇਹ ਦੱਸ ਦੇਈਏ ਕਿ ਜੇਕਰ ਭੀਡ਼-ਭਾਡ਼ ਵਾਲੇ ਖੇਤਰ ’ਚ ਲੁੱਟ ਦੀ ਵਾਰਦਾਤ ਨੂੰ ਲੁਟੇਰੇ ਬਡ਼ੀ ਆਸਾਨੀ ਨਾਲ ਅੰਜਾਮ ਦੇਣ ’ਚ ਸਫਲ ਹੋ ਜਾਂਦੇ ਹਨ ਤਾਂ ਫਿਰ ਆਮ ਜਗ੍ਹਾ ਦਾ ਰੱਬ ਹੀ ਰਾਖਾ ਹੈ।
ਬੈਂਕ ਦੇ ਸੀ. ਸੀ. ਟੀ. ਵੀ. ਕੈਮਰੇ ਖਰਾਬ
ਉਕਤ ਵਾਰਦਾਤ ਸੰਬੰਧੀ ਜਦੋਂ ਥਾਣਾ ਸਿਟੀ ਦੀ ਪੁਲਸ ਨੂੰ ਪਤਾ ਲੱਗਾ ਤਾਂ ਏ. ਐੱਸ. ਆਈ. ਹਰਜੀਤ ਸਿੰਘ ਨੇ ਪੁਲਸ ਮੁਲਾਜ਼ਮਾਂ ਸਮੇਤ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੀ. ਐੱਨ. ਬੀ. ਦੈਨਿਕ ਪ੍ਰਾਰਥਨਾ ਸਭਾ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਜਦੋਂ ਪੁਲਸ ਨੇ ਖੰਗਾਲਣਾ ਚਾਹਿਆ ਤਾਂ ਕੈਮਰੇ ਫੇਲ ਪਾਏ ਗਏ ਅਤੇ ਕੈਮਰੇ ਫੇਲ ਹੋਣ ਨਾਲ ਇਹ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਬੈਂਕ ਅਧਿਕਾਰੀ ਆਪਣੇ ਖਾਤਾਧਾਰਕਾਂ ਪ੍ਰਤੀ ਸੁਹਿਰਦ ਨਹੀਂ ਹਨ।
ਭੀਡ਼ ਭਡ਼ਕੀ
ਬ੍ਰਾਂਚ ਮੈਨੇਜਰ ਵੱਲੋਂ ਕੈਮਰਿਆਂ ਦੇ ਬੰਦ ਹੋਣ ਸੰਬੰਧੀ ਖੁਲਾਸਾ ਕਰਨ ਤੋਂ ਬਾਅਦ ਉਥੇ ਇਕੱਠੀ ਹੋਈ ਭੀਡ਼ ਭਡ਼ਕ ਗਈ ਅਤੇ ਉਨ੍ਹਾਂ ਨੇ ਬੈਂਕ ਵਿਰੁੱਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਥਾਣਾ ਸਿਟੀ ਦੇ ਮੌਕੇ ’ਤੇ ਪਹੁੰਚੇ ਏ. ਐੱਸ. ਆਈ. ਹਰਜੀਤ ਸਿੰਘ ਨੇ ਭੀਡ਼ ਨੂੰ ਸ਼ਾਂਤ ਕੀਤਾ ਅਤੇ ਪੀਡ਼ਤ ਅਸ਼ੋਕ ਕੁਮਾਰ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਲੁਟੇਰਿਆਂ ਨੂੰ ਪੁਲਸ ਗ੍ਰਿਫਤਾਰ ਕਰ ਲਵੇਗੀ।
ਕੀ ਕਹਿਣਾ ਹੈ ਬੈਂਕ ਮੈਨੇਜਰ ਦਾ
ਉਕਤ ਮਾਮਲੇ ਸੰਬੰਧੀ ਜਦੋਂ ਬੈਂਕ ਦੇ ਬ੍ਰਾਂਚ ਮੈਨੇਜਰ ਭੁਪਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣਾ ਪੱਲਾ ਝਾਡ਼ਦਿਆਂ ਕਿਹਾ ਕਿ ਪਿਛਲੇ ਕਰੀਬ 10 ਦਿਨਾਂ ਤੋਂ ਬੈਂਕ ਦੇ ਸੀ. ਸੀ. ਟੀ. ਵੀ. ਕੈਮਰੇ ਖਰਾਬ ਹਨ, ਜਿਸ ਬਾਰੇ ’ਚ ਮੈਂ ਸੰਬੰਧਤ ਵਿਭਾਗ ਨੂੰ ਕੈਮਰਿਆਂ ਨੂੰ ਠੀਕ ਕਰਨ ਲਈ ਕਿਹਾ ਸੀ। ਬ੍ਰਾਂਚ ਮੈਨੇਜਰ ਨੇ ਅੱਗੇ ਕਿਹਾ ਕਿ ਉਹ ਲੋਕ ਆ ਕੇ ਹਾਰਡਡਿਸਕ ਤਾਂ ਬਦਲ ਗਏ ਪਰ ਫਿਰ ਵੀ ਕੈਮਰੇ ਨਹੀਂ ਚੱਲੇ, ਜਿਸ ਦੌਰਾਨ ਜਲਦ ਹੀ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਠੀਕ ਕਰਵਾ ਦਿੱਤਾ ਜਾਵੇਗਾ।
ਪੰਜਾਬੀਆਂ ਦੇ ਸ਼ੌਕ ਵੱਖਰੇ! ਪਿਤਾ ਨੇ ਪੁੱਤ ਨੂੰ ਚੰਨ 'ਤੇ ਜ਼ਮੀਨ ਖਰੀਦ ਕੇ ਦਿੱਤਾ ਜਨਮ-ਦਿਨ ਦਾ ਅਨੋਖਾ ਤੋਹਫਾ
NEXT STORY