ਨਵਾਂਸ਼ਹਿਰ, (ਤ੍ਰਿਪਾਠੀ)- ਇਕ ਵਿਆਹ ਸਮਾਗਮ ਦੌਰਾਨ ਹੋਏ ਇਕ ਝਗੜੇ ਦੀ ਰੰਜਿਸ਼ ਕਾਰਨ ਕਾਰ ਸਵਾਰ 5 ਨੌਜਵਾਨਾਂ ਵੱਲੋਂ ਇਕ ਨੌਜਵਾਨ ਨੂੰ ਅਗਵਾ ਕਰ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ।
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਸਜਾਵਲਪੁਰ ਨੇ ਦੱਸਿਆ ਕਿ ਉਹ ਵੀਰਵਾਰ ਦੀਵਾਲੀ ਵਾਲੇ ਦਿਨ ਆਪਣੇ ਦੋਸਤ ਸੁਖਪ੍ਰੀਤ ਸਿੰਘ ਉਰਫ ਸੁੱਖਾ ਪੁੱਤਰ ਦਿਲਬਾਗ ਸਿੰਘ ਨਾਲ ਆਪਣੇ ਬੁਲਟ ਮੋਟਰਸਾਈਕਲ 'ਤੇ ਇਕ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਲਈ ਗਿਆ ਸੀ। ਮੱਥਾ ਟੇਕਣ ਤੋਂ ਬਾਅਦ ਉਹ ਪਿੰਡ ਮਜਾਰੀ ਦੇ ਬੱਸ ਅੱਡੇ 'ਤੇ ਚਲੇ ਗਏ, ਜਿਥੇ ਉਸ ਕੋਲ ਇਕ ਮਾਰੂਤੀ ਕਾਰ ਵਿਚ 5 ਨੌਜਵਾਨ, ਜਿਨ੍ਹਾਂ ਦੇ ਹੱਥਾਂ 'ਚ ਹਥਿਆਰ ਸਨ, ਆਏ ਤੇ ਉਨ੍ਹਾਂ ਨੂੰ ਘੇਰ ਲਿਆ। ਜਿਵੇਂ ਹੀ ਉਨ੍ਹਾਂ ਦੋਵਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨੌਜਵਾਨਾਂ ਨੇ ਉਸ ਨੂੰ ਫੜ ਲਿਆ ਪਰ ਉਸ ਦਾ ਦੋਸਤ ਭੱਜਣ 'ਚ ਸਫ਼ਲ ਰਿਹਾ।
ਉਪਰੰਤ ਉਕਤ ਨੌਜਵਾਨ ਉਸ ਨੂੰ ਆਪਣੀ ਕਾਰ 'ਚ ਬਿਠਾ ਕੇ ਇਕ ਮੋਟਰ 'ਤੇ ਲੈ ਗਏ, ਜਿਥੇ ਉਨ੍ਹਾਂ ਉਸ ਦੇ ਕੱਪੜੇ ਲਾਹ ਕੇ ਉਸ ਨੂੰ ਬੁਰੀ ਕੁੱਟਿਆ। ਡੇਢ ਸਾਲ ਪਹਿਲਾਂ ਉਕਤ ਨੌਜਵਾਨਾਂ 'ਚੋਂ 2 ਨਾਲ ਉਸ ਦਾ ਝਗੜਾ ਹੋਇਆ ਸੀ, ਜਿਥੇ ਪਿੰਡ ਵਾਲਿਆਂ ਨੇ ਵਿਚ ਆ ਕੇ ਝਗੜਾ ਖ਼ਤਮ ਕਰਵਾ ਦਿੱਤਾ ਸੀ।
ਉਕਤ ਨੌਜਵਾਨ ਉਸ ਨੂੰ ਕਿਸੇ ਸੁੰਨਸਾਨ ਖੂਹ 'ਚ ਸੁੱਟਣਾ ਚਾਹੁੰਦੇ ਸਨ ਪਰ ਦੀਵਾਲੀ ਕਰਕੇ ਪੁਲਸ ਦੀ ਗਸ਼ਤ ਕਾਰਨ ਉਹ ਉਸ ਨੂੰ ਇਕ ਥਾਂ 'ਤੇ ਸੁੱਟ ਕੇ ਫਰਾਰ ਹੋ ਗਏ।
ਥਾਣਾ ਬਲਾਚੌਰ ਦੀ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਨਰਿੰਦਰ ਸਿੰਘ ਪੁੱਤਰ ਕਰਨੈਲ ਸਿੰਘ, ਹਰਸ਼ਦੀਪ ਸਿੰਘ ਪੁੱਤਰ ਜੋਗਾ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਤਿੰਨੇ ਵਾਸੀ ਟੱਪਰੀਆਂ ਰਾਣੇਵਾਲ, ਢਿੱਲੋਂ ਵਾਸੀ ਗੜ੍ਹੀ ਕਾਨੂੰਨਗੋ ਅਤੇ ਇਕ ਅਣਪਛਾਤੇ ਨੌਜਵਾਨ ਸਣੇ 5 ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
'ਦੇਸ਼ 'ਚ ਘੱਟ ਗਿਣਤੀ ਕੌਮਾਂ ਤੇ ਬਹੁ-ਗਿਣਤੀ ਕੌਮਾਂ ਲਈ ਕਾਨੂੰਨ ਦੇ ਵੱਖਰੇ ਮਾਪੰਦਡ'
NEXT STORY