ਮੋਗਾ (ਆਜ਼ਾਦ) - ਸਥਾਨਕ ਪੁਲਸ ਨੇ ਦੋ ਕੰਟੇਨਰਾਂ 'ਚੋਂ ਲੱਖਾਂ ਰੁਪਏ ਦੀ ਅਲਕੋਹਲ ਚੋਰੀ ਕਰ ਕੇ ਵੇਚਣ ਵਾਲੇ ਦੋ ਕੰਟੇਨਰ ਚਾਲਕਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਕਿਵੇਂ ਆਏ ਅੜਿੱਕੇ
ਇਸ ਸਬੰਧੀ ਥਾਣਾ ਧਰਮਕੋਟ ਦੇ ਮੁੱਖ ਅਫਸਰ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਧਰਮਕੋਟ ਦੇ ਜ਼ਿਮੀਂਦਾਰਾਂ ਦੇ ਢਾਬੇ ਕੋਲ ਦੋ ਕੰਟੇਨਰ ਚਾਲਕ ਅਲਕੋਹਲ ਵਾਲੇ ਕੰਟੇਨਰ ਵਿਚ ਪਏ ਡਰੰਮਾਂ 'ਚੋਂ ਚੋਰੀ ਅਲਕੋਹਲ ਪਲਾਸਟਿਕ ਦੇ ਲਿਫਾਫਿਆਂ 'ਚ ਭਰ ਰਹੇ ਹਨ ਅਤੇ ਉਕਤ ਅਲਕੋਹਲ ਉਹ ਉੱਥੇ ਖੜ੍ਹੀਆਂ ਸਕਾਰਪੀਓ ਗੱਡੀਆਂ ਵਿਚ ਰੱਖ ਰਹੇ ਹਨ, ਜਿਸ 'ਤੇ ਸਹਾਇਕ ਥਾਣੇਦਾਰ ਹਰੀ ਸਿੰਘ ਨੇ ਪੁਲਸ ਪਾਰਟੀ ਸਮੇਤ ਦੱਸੇ ਗਏ ਪਤੇ 'ਤੇ ਛਾਪਾਮਾਰੀ ਕਰ ਕੇ ਦੋਵਾਂ ਕੰਟੇਨਰ ਚਾਲਕਾਂ ਤਪਿੰਦਰ ਸਿੰਘ ਨਿਵਾਸੀ ਪਿੰਡ ਦਹੇੜੂ ਖੰਨਾ ਅਤੇ ਕੁਲਵਿੰਦਰ ਸਿੰਘ ਉਰਫ ਕਿੰਦਰ ਨਿਵਾਸੀ ਖੰਨਾ ਨੂੰ ਜਾ ਦਬੋਚਿਆ, ਜਦਕਿ ਸਕਾਰਪੀਓ ਚਾਲਕ ਗੱਡੀਆਂ ਲੈ ਕੇ ਭੱਜਣ 'ਚ ਸਫਲ ਹੋ ਗਏ। ਉਕਤ ਚੋਰੀ ਕੱਢੀ ਗਈ ਅਲਕੋਹਲ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ।
ਕਿੱਥੋਂ ਭਰੀ ਤੇ ਕਿੱਥੇ ਜਾਣੇ ਸਨ ਕੰਟੇਨਰ
ਇਸ ਸਬੰਧੀ ਥਾਣਾ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਦੋਵੇਂ ਕੰਟੇਨਰ ਚਾਲਕ ਬਠਿੰਡਾ ਨੇੜਲੇ ਕਸਬੇ ਸੰਗਤਪੁਰਾ ਦੀ ਤੇਲ ਰਿਫਾਇਨਰੀ 'ਚੋਂ ਦੋ ਕੰਟੇਨਰ ਅਲਕੋਹਲ ਦੇ ਭਰ ਕੇ ਲਿਆਏ ਸਨ। ਪ੍ਰਤੀ ਇਕ ਕੰਟੇਨਰ 'ਚ ਕਰੀਬ 12 ਲੱਖ 63 ਹਜ਼ਾਰ 900 ਰੁਪਏ ਦੀ 33 ਹਜ਼ਾਰ ਮੈਗਾ ਲੀਟਰ ਅਲਕੋਹਲ ਭਰੀ ਹੋਈ ਸੀ ਅਤੇ ਉਕਤ ਅਲਕੋਹਲ ਵਾਲੇ ਕੰਟੇਨਰ ਉਨ੍ਹਾਂ ਲੁਧਿਆਣਾ ਨੇੜੇ ਸਬ-ਡਵੀਜ਼ਨ ਚਾਵਾ ਪੈਲ ਵਿਖੇ ਉਤਾਰਨੇ ਸਨ, ਜਿੱਥੋਂ ਇਕ ਕੰਟੇਨਰ ਜਾਂਬੀਆ ਅਫਰੀਕਾ ਅਤੇ ਦੂਜਾ ਦੁਬਈ ਭੇਜਿਆ ਜਾਣਾ ਸੀ ਪਰ ਉਕਤ ਦੋਵੇਂ ਕੰਟੇਨਰ ਚਾਲਕ ਅਲਕੋਹਲ ਚੋਰੀ ਕਰ ਕੇ ਵੇਚਣ ਦੀ ਨੀਅਤ ਨਾਲ ਕੰਟੇਨਰ ਧਰਮਕੋਟ ਵਿਖੇ ਲੈ ਆਏ, ਜਿੱਥੇ ਉਨ੍ਹਾਂ ਦੀ ਪਹਿਲਾਂ ਹੀ ਗੱਲਬਾਤ ਕੀਤੀ ਹੋਈ ਦੱਸਿਆ ਜਾਂਦਾ ਹੈ।
ਕੀ ਹੋਈ ਪੁਲਸ ਕਾਰਵਾਈ
ਥਾਣਾ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦੋਵਾਂ ਕਥਿਤ ਦੋਸ਼ੀਆਂ ਤਪਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਦਵਿੰਦਰ ਸਿੰਘ ਵੀ ਹਾਜ਼ਰ ਸਨ, ਜਿਨ੍ਹਾਂ ਨੇ ਉਕਤ ਕੰਟੇਨਰਾਂ 'ਚ ਭਰੀ ਅਲਕੋਹਲ ਦੇ ਸਾਰੇ ਕਾਗਜ਼ਾਂ ਦੀ ਜਾਂਚ ਕੀਤੀ। ਇਸ ਮਾਮਲੇ 'ਚ ਸਕਾਰਪੀਓ ਚਾਲਕ ਤੋਂ ਇਲਾਵਾ ਹੋਰਨਾਂ ਦੀ ਭਾਲ ਜਾਰੀ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਹਰੀ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਤੋਂ ਬਾਅਦ ਦੋਵਾਂ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਏਜੰਟ ਖਿਲਾਫ ਮਾਮਲਾ ਦਰਜ
NEXT STORY