ਗੁਰਦਾਸਪੁਰ (ਹਰਮਨ)-ਇਸ ਸਾਲ ਦਸੰਬਰ ਦੇ 9 ਦਿਨ ਬੀਤ ਜਾਣ ਦੇ ਬਾਵਜੂਦ ਵੀ ਤਾਪਮਾਨ ’ਚ ਜ਼ਿਆਦਾ ਗਿਰਾਵਟ ਨਾ ਆਉਣ ਅਤੇ ਠੰਢ ਨਾ ਵਧਣ ਕਾਰਨ ਜਿਥੇ ਬੱਚੇ ਅਤੇ ਬਜ਼ੁਰਗਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸਦੇ ਨਾਲ ਹੀ ਠੰਡ ’ਚ ਕਮੀ ਕਣਕ ਦੀ ਫਸਲ ਲਈ ਵੀ ਨੁਕਸਾਨਦੇਹ ਸਿੱਧ ਹੋ ਰਹੀ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਇਨ੍ਹਾਂ ਦਿਨਾਂ ’ਚ ਤਾਪਮਾਨ ਵਿਚ ਗਿਰਾਵਟ ਨਾ ਆਉਣ ਕਾਰਨ ਕਣਕ ਦੀ ਫਸਲ ’ਤੇ ਗੁਲਾਬੀ ਸੁੰਡੀ ਦੇ ਹਮਲੇ ਦਾ ਖਤਰਾ ਮੰਡਰਾ ਰਿਹਾ ਹੈ। ਕਈ ਥਾਵਾਂ ’ਤੇ ਇਸ ਸੁੰਡੀ ਨੇ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਆਮ ਤੌਰ ’ਤੇ ਜਦੋਂ ਦਸੰਬਰ ਦੇ ਇਨ੍ਹਾਂ ਦਿਨਾਂ ਵਿਚ ਜ਼ਿਆਦਾ ਠੰਡ ਦੀ ਉਮੀਦ ਜਤਾਈ ਜਾਂਦੀ ਹੈ ਪਰ ਇਸ ਸਾਲ ਅਜੇ ਤੱਕ ਤਾਪਮਾਨ 18 ਤੋਂ 20 ਡਿਗਰੀ ਸੈਂਟੀਗ੍ਰੇਡ ਹੋਣ ਕਾਰਨ ਕਈ ਖੇਤਾਂ ਵਿਚ ਗੁਲਾਬੀ ਸੁੰਡੀ ਨੁਕਸਾਨ ਕਰ ਰਹੀ ਹੈ।
ਇਹ ਵੀ ਪੜ੍ਹੋ- ਪੁਲਸ ਦਾ ਨਾਕਾ ਦੇਖ ਪੁਲਸ ਮੁਲਾਜ਼ਮ ਨੇ ਹੀ ਭਜਾ ਲਈ ਸਕਾਰਪੀਓ, ਹੈਰਾਨ ਕਰੇਗਾ ਇਹ ਮਾਮਲਾ
ਖੇਤੀ ਮਾਹਿਰਾਂ ਅਨੁਸਾਰ ਦਸੰਬਰ ਦੇ ਦਿਨਾਂ ਵਿਚ ਮੌਸਮ ’ਚ ਠੰਡ ਜ਼ਿਆਦਾ ਹੋਣ ਕਾਰਨ ਸੁੰਡੀਆਂ ਅਤੇ ਹੋਰ ਕੀੜੇ ਮਕੌੜੇ ਅਕਸਰ ਮਰ ਜਾਂਦੇ ਹਨ, ਜਿਸ ਕਾਰਨ ਇਨ੍ਹਾਂ ਦਿਨਾਂ ਵਿਚ ਫਸਲ ’ਤੇ ਕਿਸੇ ਵੀ ਕੀਟਨਾਸ਼ਕ ਦਾ ਛਿੜਕਾ ਕਰਨ ਦੀ ਲੋੜ ਨਹੀਂ ਪੈਂਦੀ ਪਰ ਇਸ ਸਾਲ ਤਾਪਮਾਨ ਜ਼ਿਆਦਾ ਰਹਿਣ ਕਾਰਨ ਗੁਲਾਬੀ ਸੁੰਡੀ ਕਈਆਂ ਖੇਤਾਂ ’ਚ ਨੁਕਸਾਨ ਕਰ ਰਹੀ ਹੈ। ਕਿਸਾਨ ਪਿਛਲੇ ਕਈ ਦਿਨਾਂ ਤੋਂ ਉਡੀਕ ਕਰ ਰਹੇ ਸਨ ਕਿ ਬਾਰਿਸ਼ ਹੋਣ ਤੋਂ ਬਾਅਦ ਇਹ ਸੁੰਡੀ ਖੁਦ ਹੀ ਮਰ ਜਾਵੇਗੀ। ਕਿਉਂਕਿ ਇਹ ਸੁੰਡੀ ਝੋਨੇ ਦੀ ਫਸਲ ਨਾਲ ਸਬੰਧਤ ਹੈ, ਜੋ ਸਰਦੀਆਂ ਦੇ ਮੌਸਮ ਵਿਚ ਜ਼ਿਆਦਾ ਸਮਾਂ ਜ਼ਿੰਦਾ ਨਹੀਂ ਰਹਿ ਸਕਦੀ।
ਵੈਸੇ ਤਾਂ ਹੁਣ ਦਿਨੋ-ਦਿਨ ਤਾਪਮਾਨ ਵਿਚ ਗਿਰਾਵਟ ਆਉਣ ਕਾਰਨ ਖੇਤੀ ਮਾਹਿਰ ਇਹ ਮੰਨ ਕੇ ਚੱਲ ਰਹੇ ਹਨ ਕਿ ਆਉਣ ਵਾਲੇ ਕਰੀਬ ਇਕ ਹਫਤੇ ਤੱਕ ਇਸ ਸੁੰਡੀ ਦਾ ਖਾਤਮਾ ਹੋ ਜਾਵੇਗਾ ਪਰ ਅਜੇ ਵੀ ਕਈ ਥਾਵਾਂ ’ਤੇ ਇਹ ਹਮਲਾ ਦੇਖਣ ਨੂੰ ਮਿਲਣ ’ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਖੇਤਾਂ ਦਾ ਨਿਰੀਖਣ ਜ਼ਰੂਰ ਕਰਦੇ ਰਹਿਣ। ਜ਼ਿਲਾ ਗੁਰਦਾਸਪੁਰ ਅੰਦਰ ਵੱਖ-ਵੱਖ ਬਲਾਕਾਂ ਵਿਚ ਸਰਵੇਲੈਂਸ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਕਿਸਾਨਾਂ ਨਾਲ ਪਹੁੰਚ ਕਰ ਕੇ ਫਸਲ ਨੂੰ ਇਸ ਸੁੰਡੀ ਤੋਂ ਬਚਾਉਣ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ
ਕਣਕ ਨੂੰ ਪਹਿਲਾ ਪਾਣੀ ਲਗਾਉਣ ਤੋਂ ਪਹਿਲਾਂ ਫਸਲ ਦਾ ਨਿਰੰਤਰ ਨਿਰੀਖਣ ਕੀਤਾ ਜਾਵੇ : ਮੁੱਖ ਖੇਤੀਬਾੜੀ ਅਫਸਰ
ਜ਼ਿਲਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਐੱਸ. ਪੀ. ਸਿੰਘ ਨੇ ਕਿਸਾਨਾਂ ਨੂੰ ਕਿਹਾ ਕਿ ਕਣਕ ਦੀ ਫਸਲ ਨੂੰ ਪਹਿਲਾ ਪਾਣੀ ਲਗਾਉਣ ਤੋਂ ਪਹਿਲਾਂ ਫਸਲ ਦਾ ਨਿਰੰਤਰ ਨਿਰੀਖਣ ਕੀਤਾ ਜਾਵੇ। ਜੇਕਰ ਕਣਕ ਦੀ ਫਸਲ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਆਰਥਿਕ ਕਗਾਰ ਤੋਂ ਜ਼ਿਆਦਾ ਹੋਵੇ ਤਾਂ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ 7 ਕਿਲੋ ਫਿਪਰੋਨਿਲ ਜਾਂ ਇਕ ਲੀਟਰ ਕਲੋਰੋਪਾਈਰੀਫਾਸ ਨੂੰ 20 ਈਸੀ ਨੂੰ 20 ਕਿਲੋ ਸਿਲੀ ਮਿੱਟੀ ਵਿਚ ਰਲਾ ਕੇ ਛੱਟਾ ਦਿਓ। ਉਨ੍ਹਾਂ ਦੱਸਿਆ ਕਿ ਕਣਕ ਦੀ ਫਸਲ ਨੂੰ ਦਿਨ ਸਮੇਂ ਪਹਿਲਾਂ ਪਾਣੀ ਲਗਾਉਣ ਨੂੰ ਤਰਜੀਹ ਦਿਓ ਤਾਂ ਜੋ ਪੰਛੀ ਵੱਧ ਤੋਂ ਵੱਧ ਸੁੰਡੀਆਂ ਦਾ ਸ਼ਿਕਾਰ ਕਰ ਸਕਣ। ਉਨਾਂ ਦੱਸਿਆ ਕਿ ਜੇਕਰ ਪਹਿਲਾ ਪਾਣੀ ਲਾਉਣ ਤੋਂ ਬਾਅਦ ਸੁੰਡੀ ਦਾ ਹਮਲਾ ਦਿਖਾਈ ਦਿੰਦਾ ਹੈ ਤਾਂ 50 ਮਿਲੀ ਲੀਟਰ ਕਲੋਰੋਐਂਟਰਾਈਨੀਲੀਪਰੋਲ (ਕਰਾਜਿਨ) 18.5 ਈਸੀ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾ ਕੀਤਾ ਜਾਵੇ।
ਇਹ ਵੀ ਪੜ੍ਹੋ- ਦਸੰਬਰ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਗੁਲਾਬੀ ਸੁੰਡੀ ਤਾਂ ਹਰ ਤਰ੍ਹਾਂ ਦੀ ਤਕਨੀਕ ਨਾਲ ਬਿਜਾਈ ਕੀਤੀ ਗਈ ਕਣਕ ਦੀ ਫਸਲ ਉਪਰ ਆ ਸਕਦੀ ਹੈ, ਜਿਥੇ ਕਿਤੇ ਵੀ ਫਸਲ ਤੇ ਕੋਈ ਹਮਲੇ ਦੇ ਆਸਾਰ ਨਜ਼ਰ ਆਉਣ ਤਾਂ ਸਬੰਧਤ ਬਲਾਕ ਖੇਤੀਬਾੜੀ ਅਫਸਰ ਜਾਂ ਸਰਕਲ ਦੇ ਖੇਤੀਬਾੜੀ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰ ਕੇ ਇਸ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਤੋਂ ਘਬਰਾਉਣ ਦੀ ਲੋੜ ਨਹੀਂ, ਸਗੋਂ ਸਮੇਂ ਸਿਰ ਸਮਝਦਾਰੀ ਨਾਲ ਖੇਤੀਬਾੜੀ ਮਾਹਿਰਾਂ ਦੀ ਸਿਫਾਰਿਸ਼ ਅਨੁਸਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ੁਦਾ ਤਕਨੀਕਾਂ ਵਰਤ ਕੇ ਇਲਾਜ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਜਦੋਂ ਝੋਨੇ ਦੀ ਫਸਲ ਵਿਚ ਹੁੰਦੀ ਹੈ ਤਾਂ ਫਸਲ ਦੀ ਕਟਾਈ ਉਪਰੰਤ ਝੋਨੇ ਦੇ ਮੁੱਢਾ ’ਚ ਲੁਕ ਕੇ ਮਿੱਟੀ ਵਿਚ ਨਿਵਾਸ ਕਰਦੀ ਹੈ। ਇਹ ਸੁੰਡੀ ਦੇ ਮਾਦਾ ਪਤੰਗੇ ਤਣੇ ਦੁਆਲੇ ਪੱਤੇ ਵਿਚ ਆਂਡੇ ਦਿੰਦੇ ਹਨ, ਜਿਸ ’ਚ ਉਹ ਮੌਸਮ ਦੇ ਹਿਸਾਬ ਨਾਲ 6 ਤੋਂ 7 ਦਿਨਾਂ ਬਾਅਦ ਸੁੰਡੀਆਂ ਨਿਕਲ ਕੇ ਤਣੇ ਵਿਚ ਮੋਰੀ ਕਰ ਕੇ ਤਣਾ ਅੰਦਰਲਾ ਮਾਦਾ ਖਾਂਦੀਆਂ ਹਨ। ਸੁੰਡੀਆਂ ਵੱਲੋਂ ਤਣੇ ਅੰਦਰਲਾ ਮਾਦਾ ਖਾਣ ਨਾਲ ਮੁੱਖ ਸ਼ਾਖ ਸੁੱਕ ਜਾਂਦੀ ਹੈ ਅਤੇ ਬੂਟਾ ਪੀਲਾ ਪੈ ਕੇ ਸੁੱਕ ਜਾਂਦਾ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਜਾਰੀ ਹੋਏ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਲ ’ਚ ਭੰਨ-ਤੋੜ ਕਰ ਕੇ ਕੀਤੀ 1.50 ਲੱਖ ਦੀ ਚੋਰੀ
NEXT STORY