ਮੋਹਾਲੀ (ਪਰਦੀਪ) : ਭ੍ਰਿਸ਼ਟਾਚਾਰ ਦੇ ਕੇਸ ’ਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਉਨ੍ਹਾਂ ਦੇ ਓ. ਐੱਸ. ਡੀ. ਰਹੇ ਚਮਕੌਰ ਸਿੰਘ ਅਤੇ ਇਕ ਹੋਰ ਨੂੰ ਪੰਜਾਬ ਵਿਜੀਲੈਂਸ ਵਿਭਾਗ ਵੱਲੋਂ ਮੰਗਲਵਾਰ ਸ਼ਾਮ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ ਗਿਆ। ਇਸ ਦੌਰਾਨ ਵਿਜੀਲੈਂਸ ਵੱਲੋਂ ਪੇਸ਼ ਹੋਏ ਵਕੀਲਾਂ ਨੇ ਕੋਰਟ ਵਿਚ ਕੇਸ ਦੀ ਅਗਲੀ ਜਾਂਚ ਦਾ ਹਵਾਲਾ ਦਿੰਦਿਆਂ ਸਾਰੇ ਮੁਲਜ਼ਮਾਂ ਦੇ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ। ਉੱਥੇ ਹੀ ਦੂਜੇ ਪਾਸੇ ਤਿੰਨਾਂ ਮੁਲਜ਼ਮਾਂ ਵੱਲੋਂ ਪੇਸ਼ ਹੋਏ ਵਕੀਲਾਂ ਵੱਲੋਂ ਕਿਹਾ ਗਿਆ ਕਿ ਇਹ ਕੇਸ ਇਕ ਹੋਰ ਕੇਸ ’ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਡਿਸਕਲੋਜ਼ਰ ਸਟੇਟਮੈਂਟ ਅਤੇ ਉਸ ਦੀ ਇਕ ਡਾਇਰੀ ਦੇ ਆਧਾਰ ’ਤੇ ਦਰਜ ਕੀਤਾ ਹੈ। ਵਿਜੀਲੈਂਸ ਨੇ ਬਿਨਾਂ ਜਾਂਚ ਦੇ ਹੀ ਇਹ ਕੇਸ ਦਰਜ ਕੀਤਾ ਹੈ। ਅਜਿਹੀ ਹਾਲਤ ’ਚ ਇੰਨੇ ਜ਼ਿਆਦਾ ਦਿਨ ਦਾ ਰਿਮਾਂਡ ਨਹੀਂ ਦਿੱਤਾ ਜਾਣਾ ਚਾਹੀਦਾ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਤਿੰਨਾਂ ਮੁਲਜ਼ਮਾਂ ਦੇ 3 ਦਿਨ ਦੇ ਵਿਜੀਲੈਂਸ ਰਿਮਾਂਡ ਨੂੰ ਮਨਜ਼ੂਰੀ ਦੇ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ’ਚ ਲਏ ਗਏ ਕਈ ਅਹਿਮ ਫ਼ੈਸਲੇ
ਅਦਾਲਤ ’ਚ ਸੁਣਵਾਈ ਦੌਰਾਨ ਵਿਜੀਲੈਂਸ ਵੱਲੋਂ ਪੇਸ਼ ਹੋਏ ਵਕੀਲਾਂ ਨੇ ਦਲੀਲ ਰੱਖੀ ਕਿ ਵਿਜੀਲੈਂਸ ਨੇ ਹਾਲ ਹੀ ਵਿਚ ਇਕ ਕੇਸ ’ਚ ਗ੍ਰਿਫ਼ਤਾਰ ਕੀਤੇ ਗਏ ਡੀ. ਐੱਫ. ਓ. ਅਤੇ ਠੇਕੇਦਾਰ ਹਰਮੋਹਿੰਦਰ ਸਿੰਘ ਤੋਂ ਪੁੱਛਗਿੱਛ ਦੌਰਾਨ ਬਰਾਮਦ ਕੀਤੀ ਗਈ ਉਸ ਦੀ ਡਾਇਰੀ ਅਤੇ ਵਿਜੀਲੈਂਸ ਜਾਂਚ ਦੇ ਆਧਾਰ ’ਤੇ ਕੇਸ ਦਰਜ ਕੀਤਾ ਹੈ। ਖੈਰ ਦੇ ਦਰੱਖਤਾਂ ਦੀ ਕਟਾਈ ਨੂੰ ਲੈ ਕੇ ਦਿੱਤੇ ਇਕ ਸੀਜ਼ਨ ’ਚ 7 ਹਜ਼ਾਰ ਦਰੱਖਤਾਂ ਦੀ ਕਟਾਈ ਨੂੰ ਲੈ ਕੇ ਕਰੀਬ 70 ਲੱਖ ਰੁਪਏ ਰਿਸ਼ਵਤ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਜਾਂਚ ਵਿਚ ਡੀ. ਐੱਫ. ਓ. ਦੀ ਟਰਾਂਸਫਰ ਨੂੰ ਲੈ ਕੇ 10 ਤੋਂ 20 ਲੱਖ ਰੁਪਏ, ਰੇਂਜਰਜ਼ ਦੀ ਟਰਾਂਸਫਰ ਲਈ 5 ਤੋਂ 8 ਲੱਖ, ਬਲਾਕ ਅਫਸਰ ਦੀ ਟਰਾਂਸਫਰ ਲਈ 5 ਲੱਖ ਰੁਪਏ ਅਤੇ ਫਾਰੈਸਟ ਗਾਰਡ ਤੋਂ 2 ਤੋਂ 3 ਲੱਖ ਰੁਪਏ ਰਿਸ਼ਵਤ ਦੇ ਰੂਪ ਵਿਚ ਲੈਣ ਦੀ ਗੱਲ ਸਾਹਮਣੇ ਆਈ ਹੈ। ਇਸ ਦੌਰਾਨ 486 ਏਕੜ ਜ਼ਮੀਨ ’ਤੇ ਗ਼ੈਰ-ਕਾਨੂੰਨੀ ਮਾਈਨਿੰਗ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਦਲੀਲ ਦਿੱਤੀ ਗਈ ਕਿ ਜਾਂਚ ਦੇ ਆਧਾਰ ’ਤੇ ਹੀ ਵਿਜੀਲੈਂਸ ਵਿਭਾਗ ਨੇ 2 ਸਾਬਕਾ ਜੰਗਲਾਤ ਮੰਤਰੀਆਂ ਸਮੇਤ ਕੁਲ 9 ਲੋਕਾਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਹੈ। ਕੇਸ ਦੀ ਜਾਂਚ ਨੂੰ ਅੱਗੇ ਵਧਾਉਣ ਲਈ ਵਿਜੀਲੈਂਸ ਵੱਲੋਂ ਮੁਲਜ਼ਮਾਂ ਦੇ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ।
ਇਹ ਵੀ ਪੜ੍ਹੋ : ਜੇਲ੍ਹ ’ਚ ਬਿਕਰਮ ਮਜੀਠੀਆ ਦੀ ਜਾਨ ਨੂੰ ਗੰਭੀਰ ਖ਼ਤਰਾ : ਅਕਾਲੀ ਦਲ
ਦੂਜੇ ਪਾਸੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਵਕੀਲ ਐੱਚ. ਐੱਸ. ਧਨੋਆ ਨੇ ਵਿਜੀਲੈਂਸ ਵੱਲੋਂ ਮੰਗੇ ਗਏ ਮੁਲਜ਼ਮਾਂ ਦੇ 7 ਦਿਨ ਦੇ ਰਿਮਾਂਡ ਦੀ ਮੰਗ ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਕਿ ਵਿਜੀਲੈਂਸ ਨੇ ਇਸੇ ਤਰ੍ਹਾਂ ਦੇ ਇਕ ਹੋਰ ਕੇਸ ਵਿਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਡਿਸਕਲੋਜ਼ਰ ਸਟੇਟਮੈਂਟ ਅਤੇ ਉਸ ਦੀ ਇਕ ਡਾਇਰੀ ਦੇ ਆਧਾਰ ਇਹ ਕੇਸ ਦਰਜ ਕੀਤਾ ਹੈ। ਵਿਜੀਲੈਂਸ ਵੱਲੋਂ ਕੇਸ ਦਰਜ ਕਰਨ ਤੋਂ ਪਹਿਲਾਂ ਕੋਈ ਜਾਂਚ ਨਹੀਂ ਕੀਤੀ ਗਈ। ਬਰਾਮਦ ਕੀਤੀ ਗਈ ਡਾਇਰੀ ’ਚ ਕਿਤੇ ਵੀ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਨਾਂ ਤਾਂ ਕੀ ਉਨ੍ਹਾਂ ਦਾ ਫੋਨ ਨੰਬਰ ਤੱਕ ਨਹੀਂ ਹੈ। ਸਾਧੂ ਸਿੰਘ ਧਰਮਸੋਤ ਸਾਬਕਾ ਮੰਤਰੀ ਰਹੇ ਹਨ ਅਤੇ 5 ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ, ਜਦਕਿ ਇਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਅਜਿਹੀ ਹਾਲਤ ’ਚ ਕਿਸੇ ਕੇਸ ’ਚ ਮੁਲਜ਼ਮ ਦੀ ਡਿਸਕਲੋਜ਼ਰ ਸਟੇਟਮੈਂਟ ਨੂੰ ਸਿਰਫ ਆਧਾਰ ਬਣਾ ਕੇ ਕੇਸ ਦਰਜ ਕੀਤਾ ਜਾਣਾ ਠੀਕ ਨਹੀਂ ਹੈ। ਉੱਥੇ ਹੀ ਹੋਰ ਦੋ ਮੁਲਜ਼ਮਾਂ ਦੇ ਵਕੀਲਾਂ ਵੱਲੋਂ ਵੀ ਵਿਜੀਲੈਂਸ ਦੀ ਜਾਂਚ ’ਤੇ ਸਵਾਲ ਖੜ੍ਹੇ ਕਰਦਿਆਂ ਰਿਮਾਂਡ ਦਾ ਵਿਰੋਧ ਕੀਤਾ ਗਿਆ।
ਇਹ ਵੀ ਪੜ੍ਹੋ : ਨਾਕੇ ’ਤੇ ਖੜ੍ਹੇ ਏ. ਐੱਸ. ਆਈ. ’ਤੇ ਨੌਜਵਾਨ ਨੇ ਚਾੜ੍ਹੀ ਤੇਜ਼ ਰਫ਼ਤਾਰ ਕਾਰ
'RAPE' ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਵੈਸਟ ਬੰਗਾਲ ਤੋਂ ਸਾਈਕਲ 'ਤੇ ਨਿਕਲਿਆ ਇਹ ਨੌਜਵਾਨ (ਵੀਡੀਓ)
NEXT STORY