ਲੁਧਿਆਣਾ (ਅਨਿਲ) - ਥਾਣਾ ਜੋਧੇਵਾਲ ਦੇ ਅਧੀਨ ਆਉਂਦੇ ਗਹਿਲੇਵਾਲ ਮੋੜ ਤੋਂ ਅੱਜ ਸਵੇਰੇ 3 ਵਜੇ ਇਕ ਵਿਅਕਤੀ ਨੇ ਸੜਕ ਕੰਢੇ ਖੜ੍ਹਾ ਟਰੈਕਟਰ ਚੋਰੀ ਕਰ ਲਿਆ। ਜਦੋਂ ਉਕਤ ਚੋਰ ਨੇ ਟਰੈਕਟਰ ਸਟਾਰਟ ਕੀਤਾ ਤਾਂ ਕੋਲ ਹੀ ਛੱਤ ’ਤੇ ਸੁੱਤੇ ਟਰੈਕਟਰ ਮਾਲਕ ਨੇ ਸਟਾਰਟ ਹੋਣ ਦੀ ਆਵਾਜ਼ ਸੁਣ ਲਈ। ਚੋਰ ਟਰੈਕਟਰ ਲੈ ਕੇ ਉਥੋਂ ਭੱਜ ਗਿਆ, ਜਿਸ ’ਤੇ ਟਰੈਕਟਰ ਮਾਲਕ ਅਤੇ ਉਸ ਦਾ ਲੜਕਾ ਉਸ ਦੇ ਪਿੱਛੇ ਭੱਜਣ ਲੱਗੇ। ਜਦੋਂ ਚੋਰ ਜੋਧੇਵਾਲ ਚੌਕ ਕੋਲ ਪੁੱਜਾ ਤਾਂ ਟਰੈਕਟਰ ਦੇ ਮਾਲਕ ਨੇ ਚੋਰ ’ਤੇ ਆਪਣੀ ਪਿਸਤੌਲ ਨਾਲ ਗੋਲੀ ਚਲਾ ਦਿੱਤੀ, ਜੋ ਚੋਰ ਦੇ ਪੈਰ ਵਿਚ ਜਾ ਲੱਗੀ, ਜਿਸ ਤੋਂ ਬਾਅਦ ਉਕਤ ਲੋਕਾਂ ਨੇ ਉਕਤ ਟ੍ਰੈਫਿਕ ਚੋਰ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ।
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਜ਼ਖਮੀ ਚੋਰ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਜ਼ਖਮੀ ਚੋਰ ਦੀ ਪਛਾਣ ਵਿਸ਼ਾਲ ਕੁਮਾਰ ਵਜੋਂ ਕੀਤੀ ਗਈ ਹੈ। ਅਜੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਉਕਤ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਿਸ ਜਗ੍ਹਾ ਸੰਜੀਵ ਕੁਮਾਰ ਨੇ ਗੋਲੀ ਚਲਾਈ, ਉਸ ਜਗ੍ਹਾ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ, ਜਿਸ ਤੋਂ ਪਤਾ ਲੱਗ ਸਕੇ ਕਿ ਉਕਤ ਵਾਰਦਾਤ ਵਿਚ ਗੋਲੀ ਕਿਵੇਂ ਚੱਲੀ। ਜਲਦ ਹੀ ਪੁਲਸ ਸਾਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਸ਼ੁਰੂ ਕਰੇਗੀ।
ਰੇਹੜੀ ਲਗਾਉਣ ਵਾਲੇ ਵਿਅਕਤੀ ਨੇ ਦੱਸਿਆ ਕਿ ਗੋਲੀ ਕਿਸੇ ਹੋਰ ਨੌਜਵਾਨ ਨੇ ਚਲਾਈ
ਜਦੋਂ ‘ਜਗ ਬਾਣੀ’ ਦੀ ਟੀਮ ਵੱਲੋਂ ਉਕਤ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਬਸਤੀ ਜੋਧੇਵਾਲ ਚੌਕ ਕੋਲ ਰੇਹੜੀ ਲਗਾਉਣ ਵਾਲੇ ਰਹੀਮ ਅਹਿਮਦ ਨੇ ਦੱਸਿਆ ਕਿ ਸਵੇਰੇ 3 ਵਜੇ ਆਪਣੀ ਦੁਕਾਨ ’ਤੇ ਆ ਰਿਹਾ ਸੀ ਤਾਂ ਇਸੇ ਦੌਰਾਨ ਇਕ ਨੌਜਵਾਨ ਬੜੀ ਤੇਜ਼ੀ ਨਾਲ ਟਰੈਕਟਰ ਨੂੰ ਭਜਾਉਂਦਾ ਲਿਜਾ ਰਿਹਾ ਸੀ, ਜੋ ਨਸ਼ੇ ਵਿਚ ਲੱਗ ਰਿਹਾ ਸੀ।
ਇਸ ਦੌਰਾਨ ਪਿੱਛੋਂ ਕੁਝ ਲੋਕ ਉਸ ਦਾ ਪਿੱਛਾ ਕਰ ਰਹੇ ਸਨ। ਜਦੋਂ ਉਕਤ ਟਰੈਕਟਰ ਭਜਾ ਕੇ ਲਿਜਾਣ ਵਾਲਾ ਨੌਜਵਾਨ ਪਾਲ ਡਿਪਾਰਟਮੈਂਟਲ ਸਟੋਰ ਦੇ ਸਾਹਮਣੇ ਪੁੱਜਾ ਤਾਂ ਇਕ ਨੌਜਵਾਨ ਨੇ ਉਸ ’ਤੇ ਗੋਲੀ ਚਲਾ ਦਿੱਤੀ, ਜੋ ਉਕਤ ਨੌਜਵਾਨ ਦੇ ਪੈਰ ’ਚ ਜਾ ਲੱਗੀ, ਜਿਸ ਤੋਂ ਬਾਅਦ ਉਕਤ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲਸ ਤੁਰੰਤ ਮੌਕੇ ’ਤੇ ਪੁੱਜੀ ਅਤੇ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਉਥੋਂ ਸਿਵਲ ਹਸਪਤਾਲ ਲੈ ਗਈ।
'ਮੇਰੇ ਸਟੈਂਟ ਪਿਆ ਹੋਇਆ, ਮੈਨੂੰ ਨਾ ਮਾਰ...' ! 'ਸਾਈਕਲ' ਪਿੱਛੇ ਬੰਦੇ ਨੇ ਕੁੱਟ-ਕੁੱਟ ਮਾਰ'ਤਾ ਦੁਕਾਨਦਾਰ
NEXT STORY