ਜਲੰਧਰ (ਸ਼ੋਰੀ)— ਲੱਗਦਾ ਹੈ ਕਿ ਇਨ੍ਹੀਂ ਦਿਨੀਂ ਟ੍ਰੈਫਿਕ ਪੁਲਸ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ। ਰਿਸ਼ਵਤਖੋਰੀ ਦੇ ਦੋਸ਼ਾਂ 'ਚ ਘਿਰਨ ਵਾਲੀ ਟ੍ਰੈਫਿਕ ਪੁਲਸ ਦੇ ਇਕ ਏ. ਐੱਸ. ਆਈ. 'ਤੇ ਰਿਸ਼ਵਤ ਦਾ ਦੋਸ਼ ਲੱਗਾ। ਦੋਸ਼ ਲਗਾਉਣ ਵਾਲਾ ਜਥੇਦਾਰ ਸੜਕ 'ਤੇ ਬੈਠ ਕੇ ਪੁਲਸ ਖਿਲਾਫ ਨਾਅਰੇਬਾਜ਼ੀ ਕਰਨ ਲੱਗਾ ਅਤੇ ਬਾਅਦ 'ਚ ਆਪਣੇ ਸਮਰਥਕਾਂ ਦੇ ਨਾਲ ਮੌਕੇ 'ਤੇ ਹੰਗਾਮਾ ਖੜ੍ਹਾ ਕਰ ਦਿੱਤਾ।
ਜਾਣਕਾਰੀ ਦਿੰਦੇ ਡਾ. ਪਰਮਜੀਤ ਸਿੰਘ ਕੰਗ ਨੇ ਦੱਸਿਆ ਕਿ ਉਨ੍ਹਾਂ ਦੇ ਦੋਸਤ ਜਥੇਦਾਰ ਲਾਲ ਸਿੰਘ ਵਾਸੀ ਪਿੰਡ ਧੀਣਾ ਕੋਲ ਹਰਿਆਣਾ ਨੰਬਰ ਦੀ ਕਾਰ ਹੈ ਅਤੇ ਉਹ ਨਕੋਦਰ ਚੌਕ ਕੋਲੋਂ ਲੰਘ ਰਹੇ ਸਨ ਕਿ ਹੋਮਗਾਰਡ ਦੇ ਤਾਇਨਾਤ ਪੁਲਸ ਕਰਮਚਾਰੀ ਨੇ ਉਨ੍ਹਾਂ ਨੂੰ ਰੋਕਿਆ ਅਤੇ ਲਾਇਸੈਂਸ ਮੰਗਦਿਆਂ ਕਿਹਾ ਕਿ ਉਨ੍ਹਾਂ ਨੇ ਰੈੱਡ ਲਾਈਟ ਜੰਪ ਕੀਤੀ ਹੈ। ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਏ. ਐੱਸ. ਆਈ. ਦੇ ਕੋਲ ਲੈ ਗਿਆ ਅਤੇ ਕਥਿਤ ਤੌਰ 'ਤੇ ਏ. ਐੱਸ. ਆਈ. ਨੇ ਗੋਲ-ਮੋਲ ਗੱਲ ਕਰਦਿਆਂ ਉਨ੍ਹਾਂ ਕੋਲੋਂ ਪੈਸਿਆਂ ਦੀ ਮੰਗ ਕੀਤੀ। ਇਸ ਦੌਰਾਨ ਨਕੋਦਰ ਚੌਕ ਤੋਂ ਉਹ ਵੀ (ਡਾ. ਪਰਮਜੀਤ ਸਿੰਘ ਕੰਗ) ਵੀ ਲੰਘ ਰਹੇ ਸਨ ਅਤੇ ਜਥੇਦਾਰ ਨੂੰ ਦੇਖ ਕੇ ਰੁਕ ਗਏ। ਮੌਕੇ 'ਤੇ ਜਥੇਦਾਰ ਦੇ ਬਾਕੀ ਸਮਰਥਕ ਵੀ ਆ ਗਏ। ਡਾ. ਪਰਮਜੀਤ ਸਿੰਘ ਮੁਤਾਬਕ ਉਨ੍ਹਾਂ ਨੇ ਵੀ ਏ. ਐੱਸ. ਆਈ. ਨਾਲ ਗੱਲਬਾਤ ਕੀਤੀ ਪਰ ਉਸ ਦਾ ਗੱਲ ਕਰਨ ਦਾ ਤਰੀਕਾ ਬਿਲਕੁਲ ਗਲਤ ਸੀ। ਉਨ੍ਹਾਂ ਨੇ ਇਸ ਬਾਰੇ ਏ. ਸੀ. ਪੀ. ਟ੍ਰੈਫਿਕ ਹਰਵਿੰਦਰ ਸਿੰਘ ਭੱਲਾ ਨੂੰ ਫੋਨ 'ਤੇ ਸ਼ਿਕਾਇਤ ਕੀਤੀ ਅਤੇ ਏ. ਐੱਸ. ਆਈ. ਨਾਲ ਭੱਲਾ ਨੇ ਗੱਲ ਕੀਤੀ, ਜਿਸ ਤੋਂ ਬਾਅਦ ਏ. ਐੱਸ. ਆਈ. ਨੇ ਹੱਥ ਜੋੜ ਕੇ ਉਨ੍ਹਾਂ ਤੋਂ ਮੁਆਫੀ ਮੰਗੀ।
ਪੁਲਸ 'ਤੇ ਲੱਗੇ ਸਾਰੇ ਦੋਸ਼ ਝੂਠੇ
ਇਸ ਬਾਰੇ ਟ੍ਰੈਫਿਕ ਪੁਲਸ 'ਚ ਤਾਇਨਾਤ ਏ. ਐੱਸ. ਆਈ. ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਪੂਰੀ ਸਰਵਿਸ 'ਚ ਕਦੇ ਕਿਸੇ ਕੋਲੋਂ ਪੈਸੇ ਨਹੀਂ ਲਏ। ਭਾਵੇਂ ਉਨ੍ਹਾਂ ਦਾ ਰਿਕਾਰਡ ਚੈੱਕ ਕਰ ਲਿਆ ਜਾਵੇ। ਕਾਰ ਸਵਾਰ ਉਕਤ ਜਥੇਦਾਰ ਨੇ ਰੈੱਡ ਲਾਈਟ ਜੰਪ ਕੀਤੀ ਅਤੇ ਉਸ ਨੂੰ ਹੋਮ ਗਾਰਡ ਦੇ ਮੁਲਾਜ਼ਮ ਨੇ ਰੋਕਿਆ ਅਤੇ ਉਸ ਦਾ ਚਲਾਨ ਕੱਟਣ ਲਈ ਮੁਲਾਜ਼ਮ ਜਥੇਦਾਰ ਨੂੰ ਉਨ੍ਹਾਂ ਕੋਲ ਲੈ ਆਇਆ। ਚਲਾਨ ਤੋਂ ਬਚਣ ਲਈ ਪਹਿਲਾਂ ਤਾਂ ਜਥੇਦਾਰ ਵਿਵਾਦ ਕਰਨ ਅਤੇ ਡਿਵਾਈਡਰ 'ਤੇ ਬੈਠ ਕੇ ਹੰਗਾਮਾ ਕਰਨ ਲੱਗਾ। ਇਸ ਤੋਂ ਬਾਅਦ ਉਸ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਉਸ 'ਤੇ ਦਬਾਅ ਪਾਇਆ। ਏ. ਐੱਸ. ਆਈ. ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਲੋਕ ਹੀ ਪਹਿਲਾਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ ਅਤੇ ਬਾਅਦ 'ਚ ਪੁਲਸ 'ਤੇ ਝੂਠੇ ਰਿਸ਼ਵਤ ਦੇ ਦੋਸ਼ ਲਗਾਉਂਦੇ ਹਨ।
ਸ਼ਾਇਦ ਵਗਾਰ ਦੀ ਉਡੀਕ 'ਚ ਟ੍ਰੈਫਿਕ ਪੁਲਸ
ਲੋਕਾਂ ਵੱਲੋਂ ਟ੍ਰੈਫਿਕ ਪੁਲਸ ਮੁਲਾਜ਼ਮਾਂ ਨਾਲ ਆਨ ਡਿਊਟੀ ਵਿਵਾਦ ਕਰਨ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੀਨੀਅਰ ਪੁਲਸ ਅਧਿਕਾਰੀਆਂ ਨੇ ਇਕ ਯੋਜਨਾ ਤਿਆਰ ਕੀਤੀ ਸੀ, ਜਿਸ ਦੇ ਤਹਿਤ ਚਲਾਨ ਕੱਟਣ ਦੌਰਾਨ ਏ. ਐੱਸ. ਆਈ. ਨੂੰ ਪਾਕੇਟ ਕੈਮਰੇ ਵਿਭਾਗ ਨੇ ਦਿੱਤੇ ਸਨ। ਕੈਮਰਿਆਂ ਦੀ ਖਾਸੀਅਤ ਇਹ ਸੀ ਕਿ ਏ. ਐੱਸ. ਆਈ. ਚਲਾਨ ਕੱਟਣ ਦੌਰਾਨ ਪਾਕੇਟ ਕੈਮਰਾ ਛਾਤੀ ਨਾਲ ਲਗਾ ਕੇ ਰੱਖਦਾ ਸੀ। ਜੇਕਰ ਕੋਈ ਚਲਾਨ ਕੱਟਣ ਦੌਰਾਨ ਏ. ਐੱਸ. ਆਈ. ਨਾਲ ਵਿਵਾਦ ਕਰੇ ਤਾਂ ਤੁਰੰਤ ਏ. ਐੱਸ. ਆਈ. ਕੈਮਰਾ ਆਨ ਕਰਦਾ ਅਤੇ ਪੂਰੇ ਮਾਮਲੇ ਦੀ ਰਿਕਾਰਡਿੰਗ ਹੁੰਦੀ ਅਤੇ ਰਿਸ਼ਵਤ ਮੰਗਣ ਦੇ ਦੋਸ਼ ਵੀ ਸਾਬਿਤ ਨਹੀਂ ਹੁੰਦੇ ਸਨ। ਪਰ ਕੰਪਨੀ ਦੇ ਡੈਮੋ ਕੁਝ ਦਿਨ ਤੱਕ ਵਰਤਣ ਤੋਂ ਬਾਅਦ ਟ੍ਰੈਫਿਕ ਪੁਲਸ ਅਧਿਕਾਰੀਆਂ ਨੇ ਇਸ ਦੇ ਆਰਡਰ ਨਹੀਂ ਦਿੱਤੇ ਅਤੇ ਡੈਮੋ ਕੰਪਨੀ ਨੇ ਵਾਪਸ ਲੈ ਲਏ। ਲੱਗਦਾ ਹੈ ਕਿ ਟ੍ਰੈਫਿਕ ਪੁਲਸ ਇਸ ਉਡੀਕ 'ਚ ਹੈ ਕਿ ਕੋਈ ਵਗਾਰ 'ਚ ਉਨ੍ਹਾਂ ਨੂੰ ਪਾਕੇਟ ਕੈਮਰੇ ਦੇਵੇ। ਉਥੇ ਪੁਲਸ ਕਰਮਚਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਜਨਾਬ ਸਾਨੂੰ ਤਾਂ ਚਲਾਨ ਕੱਟਣ ਦੌਰਾਨ ਇੰਨਾ ਡਰ ਲੱਗਦਾ ਹੈ ਕਿ ਸਾਹਮਣੇ ਵਾਲਾ ਝੂਠਾ ਦੋਸ਼ ਹੀ ਨਾ ਲਾ ਦੇਵੇ ਕਿ ਚਲਾਨ ਨਾ ਕੱਟਣ ਦੇ ਬਦਲੇ 'ਚ ਉਸ ਕੋਲੋਂ ਰਿਸ਼ਵਤ ਮੰਗੀ ਗਈ ਹੈ।
ਸ਼ਹਿਰ ਦੇ ਇਕਾ-ਦੁੱਕਾ ਤੇ ਕੈਂਟ ਦੇ ਵੱਡੀ ਗਿਣਤੀ 'ਚ ਏ. ਟੀ. ਐੱਮ. ਹੋਏ ਡਰਾਈ
NEXT STORY