ਚੰਡੀਗੜ੍ਹ (ਭੁੱਲਰ) - ਦੇਸ਼ ਦੇ ਸਾਬਕਾ ਉਪ ਰਾਸ਼ਟਰਪਤੀ ਪ੍ਰੋ. ਹਾਮਿਦ ਅੰਸਾਰੀ ਨੇ ਕਿਹਾ ਕਿ ਇਸ ਸਮੇਂ ਅਸੀਂ ਬਹੁਤ ਔਖੇ ਸਮੇਂ ਵਿਚੋਂ ਲੰਘ ਰਹੇ ਹਾਂ ਕਿਉਂਕਿ ਭਾਰਤੀ ਸੱਭਿਆਚਾਰ ਦੇ ਸਦੀਆਂ ਤੋਂ ਸਵੀਕਾਰੇ ਹੋਏ ਰੂਪ ਨੂੰ ਇਕ ਸਿਆਸੀ ਸਾਜ਼ਿਸ਼ ਤਹਿਤ ਵਿਗਾੜਨ ਅਤੇ ਤਹਿਸ-ਨਹਿਸ ਕਰਨ ਦੇ ਯਤਨ ਹੋ ਰਹੇ ਹਨ। ਉਨ੍ਹਾਂ ਨੇ ਬਿਨਾਂ ਨਾਂ ਲਏ ਭਾਜਪਾ ਅਤੇ ਉਸ ਨਾਲ ਸੰਬੰਧਤ ਹੋਰ ਕੱਟੜਵਾਦੀ ਸੰਗਠਨਾਂ 'ਤੇ ਨਿਸ਼ਾਨਾ ਸਾਧਿਆ। ਉਹ ਅੱਜ ਇਥੇ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਪੰਜਾਬ ਆਰਟਸ ਕੌਂਸਲ ਦੇ ਸਹਿਯੋਗ ਨਾਲ 'ਰਾਸ਼ਟਰਵਾਦ ਅਤੇ ਸੱਭਿਆਚਾਰ ਵਿਸ਼ੇ 'ਤੇ ਆਯੋਜਿਤ ਦੋ-ਰੋਜ਼ਾ ਕੌਮੀ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਭਾਰਤੀ ਸੱਭਿਆਚਾਰ ਆਪਣੇ ਉਦਾਰਵਾਦੀ, ਸਹਿਣਸ਼ੀਲ, ਲੋਕਤੰਤਰਿਕ ਨਿਯਮਾਂ ਅਤੇ ਵਿਵੇਕਸ਼ੀਲ ਹੋਣ ਦੇ ਕਾਰਨ ਜਾਣਿਆ ਜਾਂਦਾ ਹੈ। ਭਾਰਤ 'ਚ ਵੱਖ-ਵੱਖ ਪਹਿਰਾਵੇ, ਭਾਸ਼ਾਵਾਂ ਅਤੇ ਧਰਮਾਂ ਦੇ ਲੋਕ ਸਦੀਆਂ ਤੋਂ ਮਿਲ ਕੇ ਰਹਿ ਰਹੇ ਹਨ। ਉੁਨ੍ਹਾਂ ਨੇ ਭਾਰਤੀ ਸੱਭਿਆਚਾਰ ਨੂੰ ਸਿਆਸਤ ਦੇ ਤਹਿਤ ਵਿਗਾੜਨ ਦੀਆਂ ਕੋਸ਼ਿਸ਼ਾਂ ਕਰਨ ਵਾਲੀਆਂ ਸ਼ਕਤੀਆਂ ਕੋਲੋਂ ਚੌਕਸ ਰਹਿਣ ਲਈ ਇਕ ਮੁਹਿੰਮ ਚਲਾਉਣ 'ਤੇ ਜ਼ੋਰ ਦਿੱਤਾ।
ਇਸ ਮੌਕੇ ਪ੍ਰਗਤੀਸ਼ੀਲ ਲੇਖਕ ਮੰਚ ਦੇ ਪ੍ਰਧਾਨ ਡਾ. ਤੇਜਵੰਤ ਸਿੰਘ ਗਿੱਲ ਨੇ ਕਿਹਾ ਕਿ ਅੱਜ ਭਾਰਤ ਦੇ ਕੋਨੇ-ਕੋਨੇ ਤੋਂ ਆਏ ਲੇਖਕ ਪ੍ਰਗਟਾਵੇ ਦੀ ਆਜ਼ਾਦੀ ਮੁੱਦੇ 'ਤੇ ਚਰਚਾ ਲਈ ਜੁੜੇ ਹਨ, ਜੋ ਇਕ ਸ਼ੁੱਭ ਸ਼ਗਨ ਹੈ। ਸੈਮੀਨਾਰ ਦੇ ਕਨਵੀਨਰ ਪ੍ਰੋ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਭਾਰਤੀ ਰਾਸ਼ਟਰ ਅਤੇ ਜਨਮਾਨਸ ਅੱਗੇ ਦੋ ਵੱਡੀਆਂ ਚੁਣੌਤੀਆਂ ਹਨ। ਇਕ ਕਾਰਪੋਰੇਟ ਜਗਤ ਦੀ ਪੂੰਜੀ ਨਾਲ ਹਿੰਸਾ ਫੈਲਾਉਣ ਵਾਲਿਆਂ ਨੂੰ ਸਹਾਇਤਾ ਮਿਲਣਾ ਅਤੇ ਦੂਜੀ ਨਵ-ਹਿੰਦੂਤਵ ਦਾ ਖਤਰਨਾਕ ਏਜੰਡਾ। ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਰਾਜਿੰਦਰ ਰਾਜਨ ਨੇ ਅਜੋਕੇ ਭਰਮਾਊ ਦੌਰ ਵਿਚ ਸਹੀ ਦੁਸ਼ਮਣ ਦੀ ਪਛਾਣ ਕਰਨ ਲਈ ਲੇਖਕਾਂ ਨੂੰ ਪੂਰੀ ਪ੍ਰਤੀਬੱਧਤਾ ਅਤੇ ਦਿੜ੍ਹਤਾ ਨਾਲ ਅੱਗੇ ਆਉਣ ਦਾ ਸੱਦਾ ਦਿੱਤਾ। ਪ੍ਰਗਤੀਸ਼ੀਲ ਲੇਖਕ ਸੰਘ ਦੇ ਕਾਰਜਕਾਰੀ ਪ੍ਰਧਾਨ ਅਲੀ ਜਾਵੇਦ ਨੇ ਭਾਰਤ ਦੀਆਂ ਸਰਮਾਏਦਾਰ ਪੱਖੀ ਸਰਕਾਰਾਂ ਉਤੇ ਤਿੱਖਾ ਵਿਅੰਗ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਜਨ ਸਾਧਾਰਨ ਨੂੰ ਮਸਲ ਕੇ ਰੱਖ ਦਿੱਤਾ ਹੈ। ਇਸ ਮੌਕੇ ਪ੍ਰੋ. ਹਰਬੰਸ ਮੁਖੀਆ, ਅਸ਼ੋਕ ਬਾਜਪਾਈ, ਡਾ. ਚਮਨ ਲਾਲ, ਪ੍ਰਭਾਕਰ ਚੌਬੇ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਚੈੱਕ ਕਰਨ ਲਈ ਰੋਕਣ 'ਤੇ ਪੁਲਸ ਮੁਲਾਜ਼ਮ ਨਾਲ ਧੱਕਾ-ਮੁੱਕੀ
NEXT STORY